Money Laundering Case: EWO ਦੇ ਦਫ਼ਤਰ ਪਹੁੰਚੀ ਜੈਕਲੀਨ ਫਰਨਾਂਡੀਜ਼, ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਹੋਵੇਗੀ ਪੁੱਛਗਿੱਛ

Reported by: PTC Punjabi Desk | Edited by: Pushp Raj  |  September 14th 2022 04:26 PM |  Updated: September 14th 2022 04:38 PM

Money Laundering Case: EWO ਦੇ ਦਫ਼ਤਰ ਪਹੁੰਚੀ ਜੈਕਲੀਨ ਫਰਨਾਂਡੀਜ਼, ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਹੋਵੇਗੀ ਪੁੱਛਗਿੱਛ

Money Laundering Case: ਮਨੀ ਲਾਂਡਰਿੰਗ ਮਾਮਲੇ 'ਚ ਨਾਮਜ਼ਦ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਕੇਸ਼ ਚੰਦਰ ਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਤੇ ਧੋਖਾਧੜੀ ਦੇ ਮਾਮਲੇ 'ਚ ਜੈਕਲੀਨ ਅੱਜ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਈ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (Eow) ਵੱਲੋਂ ਅੱਜ ਜੈਕਲੀਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਜੈਕਲੀਨ ਤੋਂ ਸੁਕੇਸ਼ ਚੰਦਰ ਸ਼ੇਖਰ ਦੇ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਨੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਰਿਕਵਰੀ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਤੀਜਾ ਸੰਮਨ ਜਾਰੀ ਕੀਤਾ ਹੈ, ਜਿਸ ਤਹਿਤ ਅਦਾਕਾਰਾ ਅੱਜ ਈਓਡਬਲਿਊ (Eow) ਦਫ਼ਤਰ ਪਹੁੰਚੀ ਹੈ।

ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਨੇ ਜੈਕਲੀਨ ਨੂੰ ਦੋ ਵਾਰ (12 ਸਤੰਬਰ ਅਤੇ 29 ਅਗਸਤ ਨੂੰ) ਪੁੱਛਗਿੱਛ ਲਈ ਸੰਮਨ ਭੇਜਿਆ ਸੀ ਪਰ ਜੈਕਲੀਨ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਈ। ਤੀਜੇ ਸੰਮਨ 'ਤੇ ਜਦੋਂ ਦਿੱਲੀ ਪੁਲਿਸ ਨੇ ਅਦਾਕਾਰਾ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਤਾਂ ਹੁਣ ਜੈਕਲੀਨ ਨੂੰ ਕਿਸੇ ਵੀ ਹਾਲਤ 'ਚ ਪੁਲਿਸ ਸਾਹਮਣੇ ਪੇਸ਼ ਹੋਣਾ  ਪਿਆ।

ਦਿੱਲੀ ਪੁਲਿਸ ਜੈਕਲੀਨ ਕੋਲੋਂ, ਤਿਹਾੜ ਜੇਲ੍ਹ 'ਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਵੱਲੋਂ ਚਲਾਏ ਜਾ ਰਹੇ ਜਬਰਨ ਵਸੂਲੀ ਰੈਕੇਟ ਦੇ ਸਬੰਧ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਮਾਮਲੇ ਦੇ ਵਿੱਚ ਮਹਿਜ਼ ਜੈਕਲੀਨ ਹੀ ਨਹੀਂ ਸਗੋਂ ਅਦਾਕਾਰਾ ਨੋਰਾ ਫਤਿਹ ਦਾ ਨਾਂਅ ਵੀ ਆਇਆ ਸੀ। ਨੋਰਾ ਨੂੰ ਕਈ ਵਾਰ ਪੁੱਛਗਿੱਛ ਲਈ ਅਧਿਕਾਰੀਆਂ ਦੇ ਸਾਹਮਣੇ ਵੀ ਪੇਸ਼ ਹੋਣਾ ਪਿਆ ਹੈ।

Image Source: Google

ਇਸ ਤੋਂ ਇਲਾਵਾ ਦਿੱਲੀ ਪੁਲਿਸ ਜੈਕਲੀਨ ਤੋਂ ਸੁਕੇਸ਼ ਵੱਲੋਂ ਉਸ ਨੂੰ ਦਿੱਤੇ ਗਏ ਮਹਿੰਗੇ ਅਤੇ ਕੀਮਤੀ ਤੋਹਫ਼ਿਆਂ ਬਾਰੇ ਵੀ ਪੁੱਛਗਿੱਛ ਕਰੇਗੀ। ਜੈਕਲੀਨ ਤੋਂ ਪੁੱਛਿਆ ਜਾਵੇਗਾ ਕਿ ਉਹ ਸੁਕੇਸ਼ ਨੂੰ ਕਿੰਨੀ ਵਾਰ ਮਿਲੀ ਹੈ ਅਤੇ ਕਿੰਨੀ ਵਾਰ ਉਸ ਨੇ ਸੁਕੇਸ਼ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪਿੰਕੀ ਇਰਾਨੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।ਜੈਕਲੀਨ ਤੋਂ ਇਲਾਵਾ EOW ਨੇ ਪਿੰਕੀ ਇਰਾਨੀ ਨੂੰ ਵੀ ਤਲਬ ਕੀਤਾ ਹੈ।

ਸੂਤਰਾਂ ਮੁਤਾਬਕ ਜੈਕਲੀਨ ਅਤੇ ਪਿੰਕੀ ਨੂੰ ਆਹਮੋ-ਸਾਹਮਣੇ ਬੈਠ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਜੈਕਲੀਨ ਤੋਂ ਲੰਬੀ ਪੁੱਛਗਿੱਛ ਕਰਨ ਦਾ ਮਨ ਬਣਾ ਲਿਆ ਹੈ। ਅੱਜ 14 ਸਤੰਬਰ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਭਲਕੇ ਵੀ ਪੁੱਛਗਿੱਛ ਦਾ ਸਿਲਸਿਲਾ ਜਾਰੀ ਰੱਖ ਸਕਦੀ ਹੈ।

Image Source: Instagram

ਹੋਰ ਪੜ੍ਹੋ: ਕੈਨੇਡਾ 'ਚ ਛਾਇਆ ਗੁਰਦਾਸ ਮਾਨ ਦੀ ਆਵਾਜ਼ ਦਾ ਜਾਦੂ, ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਹੋ ਰਿਹਾ ਟ੍ਰੈਂਡ

ਦੱਸ ਦੇਈਏ ਕਿ ਜੈਕਲੀਨ ਤੋਂ ਪਹਿਲਾਂ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਤੋਂ 6 ਘੰਟੇ ਤੱਕ ਪੁੱਛਗਿੱਛ ਕਰ ਚੁੱਕੀ ਹੈ। ਜਾਣਕਾਰੀ ਮੁਤਾਬਕ ਸੁਕੇਸ਼ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਕੀਮਤੀ ਤੋਹਫੇ ਦਿੱਤੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ ਸਨ। ਪਰਿਵਾਰ ਨੂੰ ਦਿੱਤੇ ਤੋਹਫ਼ਿਆਂ ਵਿੱਚ ਕਾਰਾਂ, ਮਹਿੰਗੀਆਂ ਵਸਤਾਂ ਤੋਂ ਇਲਾਵਾ 1.32 ਕਰੋੜ ਅਤੇ 15 ਲੱਖ ਰੁਪਏ ਦੇ ਫੰਡ ਸ਼ਾਮਿਲ ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network