Deep Sidhu Death : ਜਾਣੋ ਕਿੰਝ ਇੱਕ ਫ਼ਿਲਮ ਅਦਾਕਾਰ ਤੋਂ ਕਿਸਾਨ ਨੇਤਾ ਬਣੇ ਦੀਪ ਸਿੱਧੂ

Reported by: PTC Punjabi Desk | Edited by: Pushp Raj  |  February 16th 2022 09:00 AM |  Updated: February 16th 2022 12:01 PM

Deep Sidhu Death : ਜਾਣੋ ਕਿੰਝ ਇੱਕ ਫ਼ਿਲਮ ਅਦਾਕਾਰ ਤੋਂ ਕਿਸਾਨ ਨੇਤਾ ਬਣੇ ਦੀਪ ਸਿੱਧੂ

ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਦੀਪ ਸਿੱਧੂ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ।ਇਸ ਦੌਰਾਨ ਉਨ੍ਹਾਂ ਦੀ ਸਕੋਰਪੀਓ ਕਾਰ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਆਓ ਜਾਣਦੇ ਹਾਂ ਕਿਵੇਂ ਇੱਕ ਫ਼ਿਲਮ ਅਦਾਕਾਰ ਇੱਕ ਕਿਸਾਨ ਨੇਤਾ ਬਣ ਗਿਆ, ਜਿਸ ਨੇ ਆਖ਼ਰੀ ਸਾਹ ਤੱਕ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਰੱਖੀ।

ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਨੇ ਖ਼ੁਦ ਵੀ ਵਕਾਲਤ ਦੀ ਪੜ੍ਹਾਈ ਕੀਤੀ ਸੀ। ਦੀਪ ਸਿੱਧੂ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਉਨ੍ਹਾਂ ਨੇ ਕਿੰਗਫ਼ਿਸ਼ਰ ਮਾਡਲ ਹੰਟ ਦਾ ਅਵਾਰਡ ਜਿੱਤਿਆ ਸੀ, ਜਿਸ ਮਗਰੋਂ ਉਨ੍ਹਾਂ ਮਾਡਲਿੰਗ ਸ਼ੁਰੂ ਕਰ ਦਿੱਤੀ।

ਸਾਲ 2015 ਵਿੱਚ ਦੀਪ ਸਿੱਧੂ ਨੂੰ ਪਹਿਲੀ ਫ਼ਿਲਮ ਰਮਤਾ ਜੋਗੀ ਵਿੱਚ ਕੰਮ ਮਿਲਿਆ, ਦੂਜੀ ਫ਼ਿਲਮ ਜ਼ੋਰਾ 10 ਨੰਬਰੀਆ, ਆਦਿ ਕਈ ਫ਼ਿਲਮਾਂ ਆਈਆਂ। ਦੀਪ ਸਿੱਧੂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ। ਕਿਸਾਨ ਅੰਦੋਲਨ ਤੋਂ ਪਹਿਲਾਂ ਦੀਪ ਸਿੱਧੂ ਨੂੰ ਮਹਿਜ਼ ਇੱਕ ਮਾਡਲ ਤੇ ਫ਼ਿਲਮ ਅਦਾਕਾਰ ਵਜੋ ਜਾਣਿਆ ਜਾਂਦਾ ਸੀ।

ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੀਪ ਸਿੱਧੂ ਨੇ ਸੰਨੀ ਦਿਓਲ ਲਈ ਚੋਣਾਂ ਸਮੇਂ ਪ੍ਰਚਾਰ ਕੀਤਾ ਸੀ। ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਦੀਪ ਸਿੱਧੂ ਮੁੜ ਸੁਰਖੀਆਂ ਵਿੱਚ ਆਏ । ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਦਿੰਦੇ ਹੋਏ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।

ਇਸ ਦੌਰਾਨ ਬੀਤੇ ਸਾਲ 26 ਜਨਵਰੀ ਨੂੰ ਲਾਲ ਕਿੱਲ੍ਹਾ 'ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ। ਦੀਪ ਸਿੱਧੂ ਨੂੰ ਇਸ ਹਿੰਸਾ ਮਾਮਲੇ ਵਿੱਚ ਦੋਸ਼ੀ ਬਣਾਇਆ ਜਾ ਰਿਹਾ ਸੀ, ਪਰ ਦੀਪ ਸਿੱਧੂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

ਹੋਰ ਪੜ੍ਹੋ : ਸੋਨੀਪਤ 'ਚ ਸੜਕ ਹਾਦਸੇ ਦੌਰਾਨ ਹੋਈ ਦੀਪ ਸਿੱਧੂ ਦੀ ਮੌਤ, ਸਾਹਮਣੇ ਆਈਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ 

ਦਿੱਲੀ ਪੁਲਿਸ ਨੇ ਇੰਡੀਅਨ ਪੈਨਲ ਕੋਡ, ਆਰਮਜ਼ ਐਕਟ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ , ਪ੍ਰਾਚੀਨ ਮਨੁੱਖਤਾ ਅਤੇ ਪੁਰਾਤੱਤਵ ਸਾਈਟਾਂ ਅਤੇ ਰਹਿੰਦ-ਖੂੰਹਦ ਐਕਟ, ਮਹਾਂਮਾਰੀ ਰੋਗ ਐਕਟ ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਦੋਸ਼ ਲਗਾਏ ਹਨ।

ਅਦਾਲਤ ਨੇ ਉਨ੍ਹਾਂ ਦੋਸ਼ਾਂ ਦਾ ਧਿਆਨ ਨਹੀਂ ਰੱਖਿਆ ਜਿਸ ਵਿੱਚ ਅਜੇ ਤੱਕ ਆਗਿਆ ਨਹੀਂ ਲਈ ਗਈ ਸੀ। ਜਿਨ੍ਹਾਂ ਮਾਮਲਿਆਂ 'ਚ ਆਗਿਆ ਨਹੀਂ ਲਈ ਗਈ ਸੀ, ਉਨ੍ਹਾਂ 'ਚ ਆਰਮਜ਼ ਐਕਟ, ਮਹਾਂਮਾਰੀ ਐਕਟ ਅਤੇ ਆਪਦਾ ਪ੍ਰਬੰਧਨ ਐਕਟ ਦੇ ਅਧੀਨ ਕੁਝ ਦੋਸ਼ ਸ਼ਾਮਲ ਹਨ। ਦੱਸ ਦੇਈਏ ਕਿ 17 ਜੂਨ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network