ਬੱਬੂ ਮਾਨ ਦਾ 'ਲਾਂਘਾ' ਗੀਤ ਹੋਇਆ ਰਿਲੀਜ਼, ਇੱਕ ਮਿੰਟ ਦੇ ਟੀਜ਼ਰ ਨੇ ਜਿੱਤਿਆ ਸੀ ਸਭ ਦਾ ਦਿਲ
ਕਰਤਾਰਪੁਰ 'ਲਾਂਘਾ' ਅੱਜ ਸੰਗਤਾਂ ਲਈ ਖੁੱਲ੍ਹਣ ਜਾ ਰਿਹਾ ਹੈ। 72 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਮਕਬੂਲ ਹੋਈ ਸਿੱਖ ਸੰਗਤਾਂ ਦੀ ਅਰਦਾਸ ਦਾ ਪੂਰਾ ਹੋਣਾ ਹਰ ਕਿਸੇ ਲਈ ਵੱਡਾ ਤੋਹਫ਼ਾ ਹੈ। ਇਸ ਲਾਂਘੇ ਨਾਲ ਜਗਤ ਗੁਰੂ ਬਾਬਾ ਨਾਨਕ ਦੀ ਧਰਤੀ ਦੇ ਤਾਂ ਲੋਕ ਦਰਸ਼ਨ ਕਰ ਹੀ ਸਕਣਗੇ ਨਾਲ ਹੀ ਦੋਨਾਂ ਦੇਸ਼ਾਂ ਦੇ ਲੋਕਾਂ 'ਚ ਪਿਆਰ ਵੀ ਹੋਰ ਵਧੇਗਾ। ਇਸ ਭਾਈਵਾਲਤਾ ਦਾ ਸੰਦੇਸ਼ ਦਿੰਦਾ ਬੱਬੂ ਮਾਨ ਦਾ ਗੀਤ 'ਲਾਂਘਾ' ਰਿਲੀਜ਼ ਹੋ ਚੁੱਕਿਆ ਹੈ।
ਪਿਛਲੇ ਦਿਨੀਂ ਬੱਬੂ ਮਾਨ ਵੱਲੋਂ ਇਸ ਗੀਤ ਦਾ 1 ਮਿੰਟ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਪੂਰਾ ਗੀਤ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਮਿਲ ਜੁਲ ਕੇ ਰਹਿਣ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹੋਏ ਬੱਬੂ ਮਾਨ ਸੁਣਾਈ ਦੇ ਰਹੇ ਹਨ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਯੂ ਟਿਊਬ 'ਤੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਹੋਰ ਵੇਖੋ : ਆਰ ਨੇਤ ਗਾਵੇਗਾ ਬੱਬੂ ਮਾਨ ਦਾ ਲਿਖਿਆ ਗਾਣਾ, ਲਾਈਵ ਸ਼ੋਅ ਦੌਰਾਨ ਸਾਂਝਾ ਕੀਤਾ ਕਿੱਸਾ
ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਗਾਉਂਦਾ ਹੈ। ਗਾਣੇ ਦੇ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ।ਬੱਬੂ ਮਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗਾਣੇ ਰਿਲੀਜ਼ ਕਰ ਚੁੱਕੇ ਹਨ ਜਿੰਨ੍ਹਾਂ ‘ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਵਰਗੇ ਹੋਰ ਵੀ ਕਈ ਵੱਡੇ ਨਾਮ ਸ਼ਾਮਿਲ ਹਨ।