ਡਿਲੀਵਰੀ ਬੁਆਏ ਦੇ ਸੰਘਰਸ਼ ਨੂੰ ਬਿਆਨ ਕਰਦਾ ਕਪਿਲ ਸ਼ਰਮਾ ਦੀ ਫ਼ਿਲਮ ‘Zwigato’ ਦਾ ਟ੍ਰੇਲਰ ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ
Zwigato Trailer OUT: ਟੀਵੀ 'ਤੇ ਸਾਰਿਆਂ ਨੂੰ ਖੂਬ ਹਸਾਉਣ ਵਾਲੇ ਕਪਿਲ ਸ਼ਰਮਾ ਹੁਣ ਆਪਣੀ ਫਿਲਮ 'ਜ਼ਵਿਗਾਟੋ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਆਪਣੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਕਪਿਲ ਸ਼ਰਮਾ ਫ਼ਿਲਮ ਵਿੱਚ ਬਿਲਕੁਲ ਵੱਖਰੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। 'ਜ਼ਵਿਗਾਟੋ' ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ।
ਇਸ ਵਿੱਚ ਕਪਿਲ ਤੋਂ ਇਲਾਵਾ ਅਭਿਨੇਤਰੀ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾ ਵਿੱਚ ਹੈ ਜੋ ਫ਼ਿਲਮ ‘ਚ ਕਪਿਲ ਦੀ ਪਤਨੀ ਬਣੀ ਹੈ। ਫ਼ਿਲਮ ਦਾ ਪ੍ਰੀਮੀਅਰ ਹਾਲ ਹੀ ਵਿੱਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ।
Image Source: YouTube
ਫ਼ਿਲਮ ਵਿੱਚ ਕਪਿਲ ਸ਼ਰਮਾ ਨੇ ਇੱਕ ਫੂਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਰੋਜ਼ਾਨਾ ਸਮੱਸਿਆਵਾਂ ਨਾਲ ਜੂਝਦਾ ਹੈ। 1 ਮਿੰਟ 39 ਸਕਿੰਟ ਦਾ ਟ੍ਰੇਲਰ ਇੱਕ ਉੱਚੀ ਇਮਾਰਤ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਕਪਿਲ ਪੀਜ਼ਾ ਲੈ ਕੇ ਪਹੁੰਚਦੇ ਹਨ।
ਟ੍ਰੇਲਰ ਦੇ ਇਸ ਸੀਨ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਡਿਲੀਵਰੀ ਬੁਆਏ ਬਿਲਡਿੰਗ ਦੀ ਲਿਫਟ ਕੋਲ ਪਹੁੰਚਦਾ ਹੈ ਤਾਂ ਉਸ ਉੱਤੇ ਇੱਕ ਨੋਟ ਲਿਖਿਆ ਹੁੰਦਾ ਹੈ ਕਿ ਡਿਲੀਵਰੀ ਬੁਆਏ ਇਸ ਦੀ ਵਰਤੋਂ ਨਹੀਂ ਕਰ ਸਕਦੇ। ਤਾਂ ਉਹ ਪੌੜੀਆਂ ਚੜ੍ਹਦਾ ਹੈ ਤੇ ਉਸ ਘਰ ‘ਚ ਪਹੁੰਚਦਾ ਹੈ ਜਿੱਥੇ ਉਸ ਨੇ ਫੂਡ ਡਿਲੀਵਰੀ ਕਰਨਾ ਹੁੰਦਾ ਹੈ, ਉੱਥੇ ਇੱਕ ਆਦਮੀ ਸ਼ਰਾਬ ਪੀ ਕੇ ਸੋਫੇ 'ਤੇ ਲੇਟਿਆ ਹੋਇਆ ਹੈ।
ਫ਼ਿਲਮ ‘ਚ ਕਪਿਲ ਦੇ ਪਰਿਵਾਰ 'ਚ ਦੋ ਬੱਚੇ ਹਨ। ਪਰਿਵਾਰ ਦੀਆਂ ਮੁਸੀਬਤਾਂ ਉਦੋਂ ਵੱਧ ਜਾਂਦੀਆਂ ਹਨ ਜਦੋਂ ਸ਼ਾਹਾਨਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵੀ ਟ੍ਰੇਲਰ ਵਿੱਚ ਝਲਕਦੀਆਂ ਹਨ।
Image Source: YouTube
'ਜ਼ਵਿਗਾਟੋ' ਦੀ ਕਹਾਣੀ ਅਧਿਕਾਰਤ ਤੌਰ 'ਤੇ ਦੱਸੀ ਜਾਂਦੀ ਹੈ ਕਿ 'ਇਕ ਸਾਬਕਾ ਫਲੋਰ ਮੈਨੇਜਰ ਹੈ ਜਿਸ ਦੀ ਮਹਾਂਮਾਰੀ ਦੌਰਾਨ ਨੌਕਰੀ ਚਲੀ ਗਈ ਹੈ। ਫਿਰ ਉਹ ਫੂਡ ਡਿਲਿਵਰੀ ਰਾਈਡਰ ਦੇ ਤੌਰ 'ਤੇ ਕੰਮ ਕਰਦਾ ਹੈ, ਚੰਗੀ ਰੇਟਿੰਗਾਂ ਅਤੇ ਪ੍ਰੋਤਸਾਹਨ ਹਾਸਿਲ ਕਰਨ ਦੀ ਜਦੋ-ਜਹਿਦ ਕਰਦਾ ਹੈ।
ਜਿਸ ਕਰਕੇ ਉਸਦੀ ਪਤਨੀ ਵੀ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਵੱਖੋ-ਵੱਖਰੇ ਕੰਮ ਲੱਭਣ ਲੱਗਦੀ ਹੈ। ਟ੍ਰੇਲਰ ਦੇਖ ਕੇ ਦਰਸ਼ਕ ਭਾਵੁਕ ਹੋ ਰਹੇ ਹਨ। ਯੂਜ਼ਰ ਕਮੈਂਟ ਕਰਕੇ ਟ੍ਰੇਲਰ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source: YouTube