ਜੌਰਡਨ ਸੰਧੂ ਦੀਆਂ ਬੋਲੀਆਂ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਵੀਡੀਓ
ਜੌਰਡਨ ਸੰਧੂ ਦੀਆਂ ਬੋਲੀਆਂ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਵੀਡੀਓ : ਫਿਲਮ ਕਾਕੇ ਦਾ ਵਿਆਹ ਨਾਲ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਜੌਰਡਨ ਸੰਧੂ ਦੀ ਫਿਲਮ ਦਾ ਨਵਾਂ ਗੀਤ ਬੋਲੀਆਂ ਰਿਲੀਜ਼ ਹੋ ਚੁੱਕਿਆ ਹੈ। ਗਾਣੇ 'ਚ ਪੰਜਾਬੀ ਬੋਲੀਆਂ ਪਾਈਆਂ ਗਈਆਂ ਹਨ ਜਿਹੜੀਆਂ ਕਿ ਵਿਆਹ ਦੇ ਮੌਕੇ ਪਾਈਆਂ ਜਾਂਦੀਆਂ ਹਨ। ਇਸ ਗੀਤ ਦਾ ਨਾਮ ਹੀ ਪੰਜਾਬੀ ਬੋਲੀਆਂ ਹੈ। ਗਾਣੇ 'ਚ ਜੌਰਡਨ ਸੰਧੂ ਨਿਰਮਲ ਰਿਸ਼ੀ ਅਤੇ 18 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵਾਪਸੀ ਕਰਨ ਜਾ ਰਹੀ ਅਦਾਕਾਰਾ ਪ੍ਰੀਤੀ ਸਪਰੂ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਗਾਣੇ 'ਚ ਜੌਰਡਨ ਸੰਧੂ ਦੇ ਨਾਲ ਨਾਲ ਬਾਲੀਵੁੱਡ ਸਿੰਗਰ ਸੋਨੂੰ ਕੱਕੜ ਨੇ ਵੀ ਆਵਾਜ਼ ਦਿੱਤੀ ਹੈ। ਇਹਨਾਂ ਸ਼ਾਨਦਾਰ ਬੋਲੀਆਂ ਨੂੰ ਕਲਮ ਦਿੱਤੀ ਹੈ ਮਸ਼ਹੂਰ ਗੀਤਕਾਰ ਅਤੇ ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਨੇ। ਕਾਕੇ ਦਾ ਵਿਆਹ ਫਿਲਮ ਦਾ ਇਹ ਗਾਣਾ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਟਾਈਟਲ ਗਾਣੇ ਸਮੇਤ 4 ਗਾਣੇ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਿਆਰ ਮਿਲਿਆ ਹੈ। ਇਹਨਾਂ ਬੋਲੀਆਂ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।
ਗੀਤ ਨੂੰ ਹੁਣ ਤੱਕ ਲੱਖਾਂ ਹੀ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ ਅਤੇ ਹਜ਼ਾਰਾਂ ਲੋਕਾਂ ਵੱਲੋਂ ਲਾਇਕਜ਼ ਅਤੇ ਕਮੈਂਟ ਕਰ ਗਾਣੇ ਦੀਆਂ ਤਾਰੀਫਾਂ ਕੀਤੀਆਂ ਹਨ। ਕਾਕੇ ਦਾ ਵਿਆਹ ‘ਚ ਜੌਰਡਨ ਸੰਧੂ ਤੇ ਪ੍ਰਭ ਗਰੇਵਾਲ ਤੋਂ ਇਲਾਵਾ ਨਿਰਮਲ ਰਿਸ਼ੀ, ਪ੍ਰੀਤੀ ਸਪਰੂ, ਕਰਮਜੀਤ ਅਨਮੋਲ, ਹਰਬੀ ਸੰਘਾ ਤੇ ਕਈ ਹੋਰ ਪਾਲੀਵੁੱਡ ਦੇ ਦਿੱਗਜ ਕਲਾਕਾਰ ਨਜ਼ਰ ਆਉਣਗੇ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ ਕਾਕੇ ਦਾ ਵਿਆਹ 1 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।