ਜਲ੍ਹਿਆਂਵਾਲਾ ਬਾਗ਼ ਦਾ ਖੂਨੀ ਸਾਕਾ: ਗੋਲੀਆਂ ਦੇ ਨਿਸ਼ਾਨ ਭਾਵੇਂ ਪੁਰਾਣੇ ਹੋ ਗਏ ਹੋਣ ਪਰ ਜਖ਼ਮ ਅਜੇ ਵੀ ਅੱਲੇ ਹਨ
ਭਾਰਤੀ ਆਜ਼ਾਦੀ ਦੇ ਸੰਘਰਸ਼ ਨੂੰ ਪੂਰੇ ਤਰੀਕੇ ਨਾਲ ਸਫਲਤਾ ਵੱਲ ਲੈ ਜਾਉਣ ਲਈ ਜੇਕਰ ਕੋਈ ਇੱਕ ਪਲ ਜਾਂ ਘਟਨਾ ਹੈ ਤਾਂ ਉਹ ਹੈ 13 ਅਪ੍ਰੈਲ, 1919 ਨੂੰ ਵਾਪਰਿਆ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ। ਆਜ਼ਾਦੀ ਲਈ ਅਹਿੰਸਕ ਸੰਘਰਸ਼ ਦੀ ਇਸ ਇੱਕ ਘਟਨਾ ਵਿੱਚ ਬਹੁਤ ਸਾਰਾ ਖੂਨ ਵਹਾਇਆ ਗਿਆ ਤੇ ਖੂਨ ਨਾਲ ਭਿੱਜਿਆ ਫਰਸ਼ ਅਤੇ ਗੋਲੀਆਂ ਨਾਲ ਭਰੀਆਂ ਕੰਧਾਂ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਨੇਤਾਵਾਂ ਦੇ ਜ਼ਮੀਰ ਨੂੰ ਹਿਲਾ ਦਿੱਤਾ। ਆਓ ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਬ੍ਰਿਟਿਸ਼ ਤਾਨਾਸ਼ਾਹ ਨੇ ਮਾਰਿਆ ਸੀ।
ਕਤਲੇਆਮ ਤੋਂ ਪਹਿਲਾਂ, ਬ੍ਰਿਟਿਸ਼ ਭਾਰਤ ਦੀ ਉੱਤਰ-ਪੱਛਮੀ ਸਰਹੱਦ ਵਿੱਚ ਬਹੁਤ ਕੁਝ ਵਾਪਰ ਰਿਹਾ ਸੀ। 1913 'ਚ ਹੋਏ ਗਦਰ ਅੰਦੋਲਨ ਤੇ 1914 'ਚ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਨੇ ਪੰਜਾਬ ਦੇ ਲੋਕਾਂ 'ਚ ਕ੍ਰਾਂਤੀ ਦੀ ਲਹਿਰ ਪੈਦਾ ਕਰ ਦਿੱਤੀ ਸੀ।
Image from google
ਸਾਲ 1914 'ਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜਾਂ ਦੀ ਫੌਜ 'ਚ 1 ਲੱਖ 95 ਹਜ਼ਾਰ ਭਾਰਤੀ ਫੌਜੀਆਂ ਵਿਚੋਂ 1 ਲੱਖ 10 ਹਜ਼ਾਰ ਸਿਰਫ ਪੰਜਾਬ ਤੋਂ ਸੀ।ਇਨ੍ਹਾਂ ਭਾਰਤੀ ਫੌਜੀਆਂ 'ਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਰਹੀ ਸੀ। ਇਹ ਦੁਨੀਆ ਦੇਖ ਚੁੱਕੇ ਸੀ। ਉਨ੍ਹਾਂ ਨੂੰ ਪਤਾ ਸੀ ਕਿ ਮੁਲਕ ਕੀ ਹੁੰਦਾ ਹੈ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਇਨ੍ਹਾਂ ਫੌਜੀਆਂ ਨੇ ਬਗਾਵਤ ਕਰ ਦਿੱਤੀ ਤਾਂ ਸਾਂਭਣਾ ਔਖਾ ਹੋ ਜਾਵੇਗਾ। ਸਰਕਾਰ ਕੋਲ ਇਨ੍ਹਾਂ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਸੀ। ਪੰਜਾਬ ਵਿਚ ਬਦਲ ਰਹੇ ਮਾਹੌਲ ਦੇ ਮੱਦੇਨਜ਼ਰ ਅੰਗਰੇਜ਼ ਨਵੇਂ ਕਾਨੂੰਨ ਬਾਰੇ ਸੋਚ ਰਹੇ ਸਨ। ਇਹ ਨਵਾਂ ਕਾਨੂੰਨ ਰੋਲਟ ਐਕਟ ਦੇ ਰੂਪ ਵਿਚ ਸਾਹਮਣੇ ਆਉਣ ਵਾਲਾ ਸੀ।
13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਸਾਕਾ ਆਜ਼ਾਦੀ ਲਹਿਰ ਦੇ ਦੋ ਆਗੂਆਂ ਦੀ ਬਰਤਾਨਵੀਂ ਹਕੂਮਤ ਵੱਲੋਂ ਕੀਤੀ ਗ੍ਰਿਫ਼ਤਾਰੀ ਵਿਰੋਧੀ ਅੰਦੋਲਨ ਨੂੰ ਦਬਾਉਣ ਦਾ ਵੀ ਨਤੀਜਾ ਸੀ। ਇਹ ਦੋਵੇਂ ਆਗੂ ਰੌਲਟ ਐਕਟ ਵਰਗੇ ਬਰਤਾਨਵੀਂ ਕਾਨੂੰਨਾਂ ਦੇ ਵਿਰੋਧੀ ਅੰਦੋਲਨਾਂ ਦੀ ਅਗਵਾਈ ਕਰ ਰਹੇ ਸਨ।
ਇਹ ਦੋ ਆਗੂ ਸਨ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ। ਅੰਮ੍ਰਿਤਸਰ ਉਨ੍ਹਾਂ ਦੀ ਕਰਮਭੂਮੀ ਸੀ ਅਤੇ ਇਹ ਦੋਵੇਂ ਕਾਂਗਰਸ ਦੇ ਅਹਿੰਸਕ ਅੰਦੋਲਨਾਂ ਦੇ ਅੰਮ੍ਰਿਤਸਰ ਵਿੱਚ ਚਿਹਰਾ-ਮੁਹਰਾ ਸਨ।
ਸੈਫ਼-ਉਦ-ਦੀਨ-ਕਿਚਲੂ ਤੇ ਡਾਕਟਰ ਸਤਿਆਪਾਲ ਦੀ ਜੋੜੀ ਦੇ ਜ਼ੋਰਦਾਰ ਭਾਸ਼ਣਾਂ ਕਾਰਨ ਉਨ੍ਹਾਂ ਦੋਵਾਂ ਉੱਤੇ ਜਲਸਿਆਂ ਵਿੱਚ ਤਕਰੀਰਾਂ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। 10 ਅਪ੍ਰੈਲ 1919 ਨੂੰ ਡਾਕਟਰ ਸੱਤਿਆਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਡਾਕਟਰ ਸੈਫੂਦੀਨ ਕਿਚਲੂ ਨਾਲ ਧਰਮਸ਼ਾਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
Image from google
1919 ਦੇ ਖੂਨੀ ਸਾਕੇ ਉੱਤੇ 1969 ਵਿਚ ਲਿਖੀ ਗਈ ਕਿਤਾਬ 'ਜਲ੍ਹਿਆਂਵਾਲਾ ਬਾਗ' ਦੇ ਲੇਖਕ ਵੀਐੱਨ ਦੱਤਾ ਮੁਤਾਬਕ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਨੂੰ ਅੰਜਾਮ ਦੇਣ ਵਾਲੇ ਬਰਤਾਨਵੀਂ ਫੌਜੀ ਅਫ਼ਸਰ ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ। ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਸੀ ਅਤੇ ਬਹੁਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀਂ ਹਕੂਮਤ ਖ਼ਿਲਾਫ਼ ਰੋਹ ਜਗਾ ਦਿੱਤਾ ਸੀ।
ਜਲ੍ਹਿਆਂਵਾਲਾ ਬਾਗ ਸਾਕੇ ਤੋਂ ਇੱਕ ਰੋਜ ਪਹਿਲਾਂ ਜਨਰਲ ਆਰ. ਡਾਇਰ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਅੰਮ੍ਰਿਤਸਰ 'ਚ ਘੁੰਮਿਆ ਤੇ ਕਰਫਿਉ ਦਾ ਐਲਾਨ ਕਰ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਸਥਾਨਕ ਵਸਨੀਕਾਂ ਨੂੰ ਕਰਫਿਉ ਬਾਰੇ ਪਤਾ ਹੀ ਨਹੀਂ ਲੱਗਿਆ। ਕਰਫਿਉ ਤੋਂ ਅਣਜਾਣ ਲੋਕ ਜਲ੍ਹਿਆਂਵਾਲਾ ਬਾਗ ਵਿਖੇ ਮੀਟਿੰਗ ਲਈ ਇਕੱਠੇ ਹੋਏ। ਇਸ ਤੋਂ ਇਲਾਵਾ ਵਿਸਾਖੀ ਦੇ ਦਿਨ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਸਨ। ਗੋਬਿੰਦਗੜ੍ਹ ਪਸ਼ੂ ਮੇਲੇ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਵਪਾਰੀ ਵੀ ਉੱਥੇ ਮੌਜੂਦ ਸਨ।
Image from google
ਜਲ੍ਹਿਆਂਵਾਲਾ ਬਾਗ ਵਿੱਚ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਮਾਈਕ੍ਰੋਫ਼ੋਨ ਲਗਾਏ ਗਏ ਸਨ, ਤਾਂ ਇਨ੍ਹਾਂ ਅਣਜਾਣ ਜਨਤਾ ਸਮਝ ਰਹੀ ਸੀ ਕਿ ਇਥੇ ਕੋਈ ਸਮਾਗਮ ਹੋਣ ਵਾਲਾ ਹੈ। 4-4:30 ਵਜੇ ਸ਼ੁਰੂ ਹੋਣ ਵਾਲੀ ਸਭਾ ਲੋਕਾਂ ਦੇ ਹਜੂਮ ਨੂੰ ਵੇਖਦੇ ਹੋਏ 3 ਵਜੇ ਹੀ ਸ਼ੁਰੂ ਕਰ ਦਿੱਤੀ ਗਈ। ਖੁਸ਼ਹਾਲ ਸਿੰਘ, ਮੁਹੰਮਦ ਪਹਿਲਵਾਨ ਤੇ ਮੀਰ ਰਿਆਜ਼ਉਲ ਹਸਨ ਨੇ ਜਾਸੂਸੀ ਕਰਕੇ ਪਲ-ਪਲ ਦੀ ਜਾਣਕਾਰੀ ਜਨਰਲ ਡਾਇਰ ਨੂੰ ਪੰਹੁਚਾਈ।
5-5:15 ਵਜੇ ਜਨਰਲ ਆਰ ਡਾਇਰ 25 ਫੌਜੀਆਂ ਦੀਆਂ 4 ਟੁਕੜਿਆਂ ਦੇ ਨਾਲ ਜਲਿਆਂਵਾਲਾ ਬਾਗ ਪੰਹੁਚ ਗਿਆ। ਗੋਰਖਾ ਰੈਜੀਮੈਂਟ ਤੇ ਅਫਗਾਨ ਰੈਜੀਮੈਂਟ ਦੇ 50 ਫੌਜੀਆਂ ਨਾਲ ਜਨਰਲ ਡਾਇਰ ਬਾਗ ਅੰਦਰ ਦਾਖਲ ਹੋਇਆ ਤੇ ਜਾਂਦੇ ਹੀ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ। ਪ੍ਰੋਫੈਸਰ ਪ੍ਰਸ਼ਾਂਤ ਗੌਰਵ ਨੇ ਦੱਸਿਆ ਕਿ ਗੋਲੀਬਾਰੀ ਸ਼ਾਮ 5.30 ਵਜੇ ਸ਼ੁਰੂ ਹੋਈ। ਕੋਈ ਚੇਤਾਵਨੀ ਗੋਲੀ ਨਹੀਂ ਚਲਾਈ ਗਈ ਜਾਂ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਨੂੰ ਸਿੱਧੇ ਗੋਲੀ ਮਾਰੀ ਗਈ ਅਤੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਔਰਤਾਂ ਸਣੇ ਵੱਡੀ ਗਿਣਤੀ 'ਚ ਨਿਰਦੋਸ਼ ਲੋਕ ਇਥੇ ਮਾਰੇ ਗਏ।
Image from google
ਹੋਰ ਪੜ੍ਹੋ : Happy Baisakhi : ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਵਿਸਾਖੀ ਦਾ ਤਿਉਹਾਰ
ਇਤਿਹਾਸਕਾਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 500 ਤੋਂ ਵੱਧ ਸੀ, ਪਰ ਕੁੱਲ ਕਿੰਨੇ ਲੋਕ ਮਾਰੇ ਗਏ ਬ੍ਰਿਟ੍ਰਿਸ਼ ਸਰਕਾਰ ਨੇ ਇਸ ਦੀ ਅਸਲ ਗਿਣਤੀ ਨਹੀਂ ਕੀਤੀ। ਦਿਲ ਨੂੰ ਦਹਿਲਾ ਦੇਣ ਵਾਲਾ ਮੰਜ਼ਰ ਭਾਰਤੀ ਇਤਿਹਾਸ ਦਾ ਖੂਨੀ ਸਫਾ ਹੈ। ਇਸ ਨੂੰ ਅਜ਼ਾਦੀ ਦੀ ਲੜਾਈ ਦਾ ਅਹਿਮ ਮੋੜ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਹਾਸਦੇ ਤੋਂ ਬਾਅਦ ਆਮ ਜਨਤਾ ਨੇ ਬ੍ਰਿਟਿਸ਼ ਸਰਕਾਰ ਖਿਲਾਫ ਆਪਣੀ ਆਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ।