ਜਗਦੀਪ ਸਿੱਧੂ ਨੇ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੀ ਯਾਦ ‘ਚ ਪ੍ਰਸ਼ੰਸਕਾਂ ਨੂੰ ਇਹ ਦੋ ਬੂਟੇ ਲਗਾਉਣ ਦੀ ਕੀਤੀ ਬੇਨਤੀ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਤੇ ਕਲਾਕਾਰ ਇਸ ਸਮੇਂ ਵੱਡੇ ਸਦਮੇ 'ਚ ਹਨ। ਕਲਾਕਾਰ ਭਾਈਚਾਰੇ ਨੇ ਤਾਂ ਫ਼ਿਲਮਾਂ ਅਤੇ ਮਿਊਜ਼ਿਕ ਸ਼ੋਅਜ਼ ਨੂੰ ਰੱਦ ਕਰ ਦਿੱਤਾ ਹੈ। ਚਾਰੇ-ਪਾਸੇ ਸੋਗ ਦੀ ਲਹਿਰ ਪਸਰੀ ਪਈ ਹੈ। ਅਜਿਹੇ 'ਚ ਜਗਦੀਪ ਸਿੱਧੂ ਨੇ ਆਪਣੀ ਵੱਖਰੀ ਵਿਚਾਰਧਾਰਾ ਨੂੰ ਪੇਸ਼ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਬੂਟੇ ਲਗਾਉਣ ਦੀ ਬੇਨਤੀ ਕੀਤੀ ਹੈ ਤੇ ਨਾਲ ਹੀ ਇਨਸਾਫ ਦੀ ਮੰਗ ਕੀਤੀ ਹੈ।
ਡਾਇਰੈਕਟਰ ਤੇ ਲੇਖਕ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਪਾਈ ਹੈ ਤੇ ਨਾਲ ਹੀ ਦੋ ਬੂਟਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਤੁਹਾਡੇ ਸਾਰਿਆਂ ਵਾਂਗ ਮੈਂ ਵੀ ਇਸ ਸਮੇਂ ਬਹੁਤ ਭਾਵੁਕ ਹਾਂ...ਹੋ ਸਕਦਾ ਹੈ over emotional ਹੋ ਕੇ ਬਹੁਤ ਬੇ-ਮਤਲਬ ਜੀ ਗੱਲ ਕਰ ਰਿਹਾ ਹੋਵਾਂ...’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਰ ਇੱਕ ਗੱਲ ਮਨ ‘ਚ ਆਈ ਹੈ ਆਪਾਂ ਸਾਰੇ ਜੋ ਇਸ ਸਮੇਂ ਇਹ ਦਰਦ ਮਹਿਸੂਸ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ ਯਾਦ 'ਚ ਆਪਣੇ-ਆਪਣੇ ਖੇਤਾਂ 'ਚ ਜਾਂ ਪਿੰਡਾਂ 'ਚ...ਇੱਕ-ਇੱਕ ਬੋਹੜ ( banyan tree , bargad ka ped ) ਤੇ ਦੀਪ ਸਿੱਧੂ ਦੀ ਯਾਦ 'ਚ ਇੱਕ ਨਿੰਮ (neem ) ਦਾ ਬੂਟਾ ਲਾਈਏ... te ode ch ona nu dekhiye … ਉਨ੍ਹਾਂ ਨੂੰ ਮਹਿਸੂਸ ਕਰਾਈਏ...ਉਨ੍ਹਾਂ ਨੂੰ ਯਾਦ ਰੱਖੀਏ...ਉਹ ਭੁਲਾਉਣ ਵਾਲੀਆਂ ਰੂਹਾਂ ਨਹੀਂ ਸੀ...ਆਪਾਂ ਭੁੱਲੀਏ ਨਾ ਯਾਰ ਉਨ੍ਹਾਂ ਨੂੰ...ਉਨ੍ਹਾਂ ਦਰਖਤਾਂ ਤੋਂ ਸਾਡੇ ਪਿੰਡਾਂ 'ਚ ਬਾਤਾਂ ਚੱਲਣ ਦੋਵਾਂ ਯੋਧਿਆਂ ਦੀਆਂ... #justiceforsidhumoosewala’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਜਗਦੀਪ ਸਿੱਧੂ ਦੇ ਇਸ ਵਿਚਾਰ ਦਾ ਸਤਿਕਾਰ ਕਰ ਰਹੇ ਹਨ।
ਦੱਸ ਦਈਏ ਬੀਤੇ ਐਤਵਾਰ ਯਾਨੀਕਿ 29 ਮਈ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਦੇ ਨਾਲ ਸਿੱਧੂ ਮੂਸੇਵਾਲਾ ਉੱਤੇ ਹਮਲਾ ਕਰ ਦਿੱਤਾ ਗਿਆ ਸੀ। ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਚ ਮਹਿਜ਼ ਪੰਜ-ਛੇ ਸਾਲਾਂ ਚ ਆਪਣਾ ਨਾਮ ਚਮਕਾ ਲਿਆ ਸੀ। ਇਸ ਤੋਂ ਇਲਾਵਾ ਕਈ ਇੰਟਰਨੈਸ਼ਨਲ ਗਾਇਕਾਂ ਦੇ ਨਾਲ ਵੀ ਗੀਤ ਗਾ ਚੁੱਕੇ ਸਨ।
View this post on Instagram