ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੇ ਜੀਵਨ ਬਾਰੇ ਖ਼ਾਸ ਗੱਲਾਂ

Reported by: PTC Punjabi Desk | Edited by: Pushp Raj  |  May 06th 2022 03:35 PM |  Updated: May 06th 2022 04:09 PM

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੇ ਜੀਵਨ ਬਾਰੇ ਖ਼ਾਸ ਗੱਲਾਂ

ਪੰਜਾਬ, ਜਿਸ ਨੂੰ ਮੁਹੱਬਤ ਦੀ ਸਰਜ਼ਮੀਨ ਹੋਣ ਦਾ ਖ਼ਿਤਾਬ ਹਾਸਲ ਹੈ, ਇੱਥੇ ਕਈਆਂ ਨੇ ਇਸ਼ਕ ਲਈ ਤੱਤੀ ਰੇਤ 'ਤੇ ਨੰਗੇ ਪੈਰ ਤੁਰਦਿਆਂ ਰੇਗਿਸਤਾਨ ਪਾਰ ਕੀਤਾ ਤੇ ਕਿਸੇ ਨੂੰ ਇਸ਼ਕ ਤੋਂ ਵਿਛੋੜਾ ਤੇ ਵਿਰਲਾਪ ਮਿਲਿਆ। ਮੁਹੱਬਤ ਲਈ ਅੱਗ ਦਾ ਦਰਿਆ ਪਾਰ ਕਰਨਾ ਤਾਂ ਆਸਾਨ ਸੀ, ਪਰ ਅਧੂਰੇ ਇਸ਼ਕ 'ਚ ਮਿਲੀ ਬਿਰਹਾ ਦੀ ਚੀਸ ਨੂੰ ਝੱਲਣਾ ਬੇਹਦ ਮੁਸ਼ਕਿਲ। ਇਹੀ ਚੀਸ ਸ਼ਾਇਦ ਸ਼ਿਵ ਕੁਮਾਰ ਬਟਾਲਵੀ ਦੇ ਮੱਥੇ ਦੀਆਂ ਲਕੀਰਾਂ 'ਚ ਸੀ, ਜਿਸ ਕਰਕੇ ਉਨ੍ਹਾਂ ਨੂੰ 'ਬਿਰਹੁ ਦਾ ਸੁਲਤਾਨ' ਕਿਹਾ ਜਾਣ ਲੱਗਾ। ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਕਵੀ ਸੀ, ਜਿਸ ਨੂੰ ਜ਼ਿੰਦਗੀ ਨੇ ਕਈ ਜਜ਼ਬਾਤਾਂ ਦਾ ਇੱਕ ਅਨੋਖਾ ਕਵੀ ਬਣਾ ਦਿੱਤਾ

image From google

ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਵਿੱਚ ਬੜਾ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਕੁਝ ਸਾਲਾਂ ਵਿੱਚ ਹੀ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ 6 ਮਈ 1973 ਨੂੰ ਸਦਾ ਦੀ ਨੀਂਦ ਸੌਂ ਗਿਆ। ਸ਼ਿਵ, ਜਿਸ ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਕਵੀ "ਜੌਨ ਕੀਟਸ" ਨਾਲ ਕੀਤੀ ਜਾਂਦੀ ਸੀ, ਉਸ ਦੇ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਤੋਂ ਵਿਦਾ ਹੋ ਗਿਆ।

ਸ਼ਿਵ ਕੁਮਾਰ ਬਟਾਲਵੀ ਇਕ ਅਜਿਹੇ ਸ਼ਾਇਰ ਸਨ, ਜਿਨ੍ਹਾਂ ਨੂੰ ਪੜ੍ਹਨ ਦੇ ਨਾਲ-ਨਾਲ ਬਹੁਤ ਸਾਰੇ ਗਾਇਕਾਂ ਨੇ ਗਾਇਆ। ਮੁੱਢਲੀ ਸਿੱਖਿਆ ਸ਼ਿਵ ਕੁਮਾਰ ਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਸ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ਼ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ।

image From google

ਸ਼ਿਵ ਕੁਮਾਰ ਨੇ ਕਾਵਿ-ਰਚਨਾ ਦਾ ਆਰੰਭ 1960 ਵਿੱਚ ਕੀਤਾ। ਇਸ ਸਮੇਂ ਦੌਰਾਨ ਉਸ ਦੇ ਜੀਵਨ ਵਿੱਚ ਮੀਨਾ ਕੁੜੀ ਆਈ, ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਦੇਖ ਕੇ ਉਸ ਨੂੰ ਇਉਂ ਲੱਗਿਆ ਕਿ ਉਸ ਨੂੰ ਆਪਣੇ ਸੁਫ਼ਨੇ ਦੀ ਕੁੜੀ ਮਿਲ ਗਈ ਹੈ ਪਰ ਉਸ ਕੁੜੀ ਦੀ ਮੌਤ ਨੇ ਸ਼ਿਵ ਕੁਮਾਰ ਨੂੰ ਬਿਰਹੋਂ ਦਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਦੀਆਂ ਕਵਿਤਾਵਾਂ ਦੀ ਹਰ ਪਾਸੇ ਚਰਚਾ ਹੋਣ ਲੱਗੀ।

ਹੋਰ ਪੜ੍ਹੋ : ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੂਹ ਨੇ ਗੁਰਮੁਖੀ ਭਾਸ਼ਾ ਨੂੰ ਮੁੜ ਕੀਤਾ ਸੀ ਸਿਰਜੀਵ

ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਿਰ 1966 ਵਿੱਚ ਰੋਜੀ-ਰੋਟੀ ਕਮਾਉਣ ਲਈ ਉਸ ਨੇ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਬਤੌਰ ਕਲਰਕ ਨੌਕਰੀ ਸ਼ੁਰੂ ਕਰ ਦਿੱਤੀ।ਇਸ ਤੋਂ ਬਾਅਦ ਇੱਕ ਅਮੀਰ ਕੁੜੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ’ਚ ਆਈ। ਜਿਹੜੀ ਸ਼ਿਵ ਨਾਲ ਪ੍ਰੀਤ ਪਾ ਕੇ ਪਰਦੇਸ ਚਲੀ ਗਈ। ਇਸ ਕੁੜੀ ਦੇ ਵਿਛੋੜੇ ਨੇ ਵੀ ਇਸ ਤੋਂ ਬਹੁਤ ਕੁਝ ਲਿਖਵਾਇਆ।

image From google

1972 'ਚ ਉਹ ਅਪਣੀ ਪ੍ਰਸਿੱਧੀ ਦੇ ਸਿਖਰ 'ਤੇ ਸੀ। ਮਈ 1972 'ਚ ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ। ਉਸ ਦੇ ਮਾਣ 'ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵਲੋਂ ਕਈ ਪਾਰਟੀਆਂ ਦਿਤੀਆਂ ਗਈਆਂ। ਇੰਗਲੈਂਡ 'ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਵਿਦੇਸ਼ੀ ਮੀਡੀਆ ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ।

ਪਰ ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 'ਚ ਵਾਪਸ ਆਇਆ ਤਾਂ ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਸ ਕੋਲ ਪੈਸੇ ਦੀ ਵੀ ਕਮੀ ਸੀ। ਪਰ ਉਸ ਦੇ ਜ਼ਿਆਦਾਤਰ ਮਿੱਤਰਾਂ ਨੇ ਉਸ ਦੇ ਇਸ ਔਖੇ ਸਮੇਂ ਵਿੱਚ ਉਸ ਦਾ ਸਾਥ ਛੱਡ ਦਿਤਾ ਸੀ। ਉਸ ਦੀ ਪਤਨੀ ਅਰੁਣਾ ਨੇ ਉਸ ਨੂੰ ਕਿਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਜਿਥੇ ਉਸ ਦਾ ਇਲਾਜ ਹੋਇਆ।

image From google

 

ਕੁੱਝ ਮਹੀਨਿਆਂ ਬਾਅਦ ਉਸ ਨੂੰ ਮੁੜ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹ ਹਸਪਤਾਲ 'ਚ ਮਰੇ ਇਸ ਲਈ ਉਸ ਨੇ ਡਾਕਟਰਾਂ ਦੀ ਸਲਾਹ ਦੇ ਉਲਟ ਹਸਪਤਾਲ ਛੱਡ ਦਿਤਾ ਅਤੇ ਬਟਾਲਾ ਅਪਣੇ ਘਰ ਚਲਾ ਗਿਆ। ਬਾਅਦ 'ਚ ਉਸ ਨੂੰ ਅਪਣੇ ਸੋਹਰੇ ਘਰ ਪਠਾਨਕੋਟ ,ਵਿਖੇ ਭੇਜ ਦਿਤਾ ਗਿਆ ਜਿਥੇ ਉਸ ਦੀ 6 ਮਈ 1973 ਨੂੰ ਮੌਤ ਹੋ ਗਈ।

ਹੋਰ ਪੜ੍ਹੋ : ਖਤਰੋਂ ਕੇ ਖਿਲਾੜੀ ਸੀਜ਼ਨ 12 ਦੀ ਲਿਸਟ ਹੋਈ ਫਾਈਨਲ, ਜਾਣੋ ਇਸ ਵਾਰ ਦੇ ਪ੍ਰਤੀਭਾਗੀਆਂ ਬਾਰੇ

ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖਿਆ ਗਈਆਂ ਕਵਿਤਾਵਾਂ ਬਹੁਤ ਮਸ਼ਹੂਰ ਹੋਈਆਂ, ਇਸ ਨੂੰ ਅਜੇ ਵੀ ਲੋਕ ਪੜ੍ਹਨਾ ਪਸੰਦ ਕਰਦੇ ਹਨ। ਸ਼ਿਵ ਦੀਆਂ ਕਈ ਕਵਿਤਾਵਾਂ ਦਾ ਪ੍ਰਕਾਸ਼ਨ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਇਆ, ਜਦੋਂ ਕਿ ਉਹ ਉਸ ਵੱਲੋਂ ਪਹਿਲਾਂ ਹੀ ਲਿਖਿਆ ਗਈਆਂ ਸਨ।

ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖਿਆਂ ਗਈਆਂ ਕਵਿਤਾਵਾਂ

ਪੀੜਾ ਦਾ ਪਰਾਗਾ ,ਲਾਜਵੰਤੀ ਆਟੇ ਦੀਆਂ ਚਿੜੀਆਂ , ਮੈਨੂੰ ਵਿਦਾ ਕਰੋ , ਦਰਦਮੰਦਾਂ ਦੀਆਂ ਆਹੀਂ , ਬਿਰਹਾ ਤੂੰ ਸੁਲਤਾਨ , ਲੂਣਾ , ਮੈਂ ਤੇ ਮੈਨੂੰ , ਆਰਤੀ , ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ’ਤੇ ਬਟਾਲਵੀ ਨੂੰ ਭਾਸ਼ਾ ਵਿਭਾਗ ਵਲੋਂ ਇਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ-ਨਾਟ ਲੂਣਾਂ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਲਵਿਦਾਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ ਸ਼ਿਵ ਕੁਮਾਰ ਬਟਾਲਵੀ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਨ੍ਹਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ, ਔਰਤ ਦੇ ਦੁੱਖ ਸ਼ਾਮਲ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network