"ਇਸ਼ਕ ਦਾ ਤਾਰਾ" ਗੀਤ ਵਿਚ ਅਦਿਤੀ ਸ਼ਰਮਾ ਨੂੰ ਚੂੜੀਆਂ ਪਵਾਉਂਦੇ ਦਿਖੇ ਸੂਬੇਦਾਰ ਜੋਗਿੰਦਰ ਸਿੰਘ
ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਦੂਜਾ ਗੀਤ 'ਇਸ਼ਕ ਦਾ ਤਾਰਾ' ਰਿਲੀਜ਼ ਹੋ ਗਿਆ ਹੈ। 'ਇਸ਼ਕ ਦਾ ਤਾਰਾ' ਇਕ ਰੋਮਾਂਟਿਕ ਗੀਤ ਹੈ, ਜਿਸ 'ਚ ਗਿੱਪੀ ਗਰੇਵਾਲ ਤੇ ਅਦਿਤੀ ਸ਼ਰਮਾ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ ਫਿਲਮ ਦਾ ਮਿਊਜ਼ਿਕ ਤੇ ਇਸ ਗੀਤ ਨੂੰ ਨਿਊਯਾਰਕ ਦੇ ਟਾਈਮਸ ਸਕੁਏਅਰ 'ਚ ਰਿਲੀਜ਼ ਕੀਤਾ ਗਿਆ ਹੈ। ਅੱਜ 'ਇਸ਼ਕ ਦਾ ਤਾਰਾ' ਗੀਤ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, 'ਸੂਬੇਦਾਰ ਜੋਗਿੰਦਰ ਸਿੰਘ Subedar Joginder Singh ਜੀ ਦੇ ਜੀਵਨ ਦਾ ਇਕ ਪਹਿਲੂ ਤੁਸੀਂ ਵੇਖਿਆ ਟਰੇਲਰ 'ਚ, ਤੇ ਇਸ ਗਾਣੇ 'ਇਸ਼ਕ ਦਾ ਤਾਰਾ' ਨਾਲ ਵੇਖੋ ਉਨ੍ਹਾਂ ਦੇ ਜੀਵਨ ਦਾ ਇਕ ਹੋਰ ਪਹਿਲੂ! ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ!'
'ਇਸ਼ਕ ਦਾ ਤਾਰਾ' ਗੀਤ ਨੂੰ ਗਿੱਪੀ ਗਰੇਵਾਲ Gippy Grewal ਦੇ ਨਾਲ ਰਮਨ ਰੋਮਾਨਾ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ, ਜਿਸ ਨੂੰ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ। ਗੀਤ ਸਾਗਾ ਹਿੱਟਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਜੇਕਰ ਗੱਲ ਕਰੀਏ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਤਾਂ ਇਸ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਗਿੱਪੀ ਤੋਂ ਇਲਾਵਾ ਫਿਲਮ 'ਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਚਰਨ ਸਿੰਘ, ਜੱਗੀ ਸਿੰਘ, ਜੋਰਡਨ ਸੰਧੂ, ਰਘਵੀਰ ਬੋਲੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਹਰੀਸ਼ ਵਰਮਾ ਤੇ ਗੁੱਗੂ ਗਿੱਲ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ ਵੱਡੇ ਪੱਧਰ 'ਤੇ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।