Happy Birthday Gulzar : ਅੰਮ੍ਰਿਤਸਰ ਤੋਂ ਮੁੰਬਈ ਜਾ ਕੇ ਗੈਰਾਜ 'ਚ ਮਕੈਨਿਕ ਦਾ ਕੰਮ ਕਰਨ ਲੱਗੇ ਸੀ 'ਗੁਲਜ਼ਾਰ',85 ਵੇਂ ਜਨਮਦਿਨ 'ਤੇ ਜਾਣੋ ਦਿਲਚਸਪ ਕਿੱਸੇ
Happy Birthday Gulzar :ਉੱਮਰ ਗੁਲਜ਼ਾਰ ਹੋ : ਗੁਲਜ਼ਾਰ ਅਜਿਹਾ ਨਾਮ ਜਿਹੜਾ ਕਿਸੇ ਪਹਿਚਾਣ ਦਾ ਮੁਥਾਜ ਨਹੀਂ। ਉਂਝ ਤਾਂ ਗੁਲਜ਼ਾਰ ਦੀ ਪਹਿਚਾਣ ਨਾਮੀ ਗੀਤਕਾਰ ਦੇ ਰੂਪ 'ਚ ਹੈ ਪਰ ਉਹਨਾਂ ਨੇ ਲੇਖਣ, ਫ਼ਿਲਮ ਨਿਰਦੇਸ਼ਨ, ਨਾਟਕ ਕਲਾ, ਤੇ ਕਵਿਤਾ ਲੇਖਣ 'ਚ ਵੀ ਮਹਾਰਤ ਹਾਸਿਲ ਕੀਤਾ ਹੈ। 18 ਅਗਸਤ ਨੂੰ ਗੁਲਜ਼ਾਰ ਸਾਹਿਬ ਦਾ ਜਨਮਦਿਨ ਹੁੰਦਾ ਹੈ। ਸਿੱਖ ਪਰਿਵਾਰ 'ਚ ਜਨਮੇ ਗੁਲਜ਼ਾਰ ਦਾ ਅਸਲੀ ਨਾਮ ਸੰਪੂਰਨ ਸਿੰਘ ਕਾਲਰਾ ਹੈ।
ਗੁਲਜ਼ਾਰ ਨੇ ਆਪਣੀ ਕਲਮ ਦੇ ਦਮ 'ਤੇ ਆਪਣੇ ਲਈ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ। ਅੱਜ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਗੁਲਜ਼ਾਰ ਦੇ ਪ੍ਰਸ਼ੰਸਕ ਮੌਜੂਦ ਹਨ। ਗੁਲਜ਼ਾਰ ਦੀ ਸ਼ਖਸੀਅਤ ਦਾ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ 20 ਫ਼ਿਲਮਫੇਅਰ ਅਤੇ ਪੰਜ ਰਾਸ਼ਟਰੀ ਸਨਮਾਨ ਆਪਣੇ ਨਾਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ 2010 'ਚ ਫ਼ਿਲਮ ਸਲੱਮ ਡਾਗ ਮਿਲਿਨੀਅਰ ਦੇ ਗੀਤ 'ਜੈ ਹੋ' ਦੇ ਲਈ ਗ੍ਰੈਮੀ ਅਵਾਰਡ ਨਾਲ ਵੀ ਨਿਵਾਜੇ ਜਾ ਚੁੱਕੇ ਹਨ। ਇਹ ਹੀ ਨਹੀਂ ਗੁਲਜਾਰ ਨੂੰ ਦਾਦਾ ਸਾਹਿਬ ਫਾਲਕੇ ਸਨਮਾਨ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।
gulzar
ਦੀਨਾ ਝੋਲਮ ਜ਼ਿਲ੍ਹਾ ਪੰਜਾਬ ਬ੍ਰਿਟਿਸ਼ ਭਾਰਤ 'ਚ 18 ਅਗਸਤ 1934 ਨੂੰ ਸੰਪੂਰਨ ਸਿੰਘ ਕਾਲਰਾ ਉਰਫ਼ ਗੁਲਜ਼ਾਰ ਸਾਹਿਬ ਦਾ ਜਨਮ ਹੋਇਆ ਸੀ,ਜਿਹੜਾ ਹੁਣ ਪਾਕਿਸਤਾਨ 'ਚ ਹੈ। ਵੰਡ ਦੇ ਸਮੇਂ ਗੁਲਜਾਰ ਦਾ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ 'ਚ ਆ ਕੇ ਰਹਿਣ ਲੱਗਿਆ। ਉੱਥੇ ਹੀ ਗੁਲਜ਼ਾਰ ਆਪ ਮੁੰਬਈ ਆ ਕੇ ਰਹਿਣ ਲੱਗੇ। ਮੁੰਬਈ 'ਚ ਗੁਲਜ਼ਾਰ ਨੇ ਇੱਕ ਗੈਰਾਜ 'ਚ ਬਤੌਰ ਮਕੈਨਿਕ ਨੌਕਰੀ ਕੀਤੀ। ਪਰ ਵਿਹਲੇ ਸਮੇਂ 'ਚ ਗੁਲਜ਼ਾਰ ਕਵਿਤਾਵਾਂ ਲਿਖਣ ਲੱਗੇ। ਕੁਝ ਸਮੇਂ ਬਾਅਦ ਮਕੈਨਿਕ ਦਾ ਕੰਮ ਛੱਡ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਬਿਮਲ ਰਾਏ ਹਰਿਸ਼ੀਕੇਸ਼ ਮੁਖ਼ਰਜੀ ਤੇ ਹੇਮੰਤ ਕੁਮਾਰ ਦੇ ਸਹਾਇਕ ਦੇ ਰੂਪ 'ਚ ਕੰਮ ਕਰਨ ਲੱਗੇ।
gulzar
ਗੁਲਜ਼ਾਰ ਸਾਹਿਬ ਨੇ 60 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਢੇਰ ਸਾਰੇ ਗੀਤ ਲਿਖੇ। ਉਹ ਹਰ ਕਿਸਮ ਦੇ ਗੀਤ ਲਿਖਣ 'ਚ ਮਾਹਿਰ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹਨਾਂ ਨੂੰ ਫ਼ਿਲਮੀ ਗਾਣੇ ਲਿਖਣਾ ਕੁਝ ਜ਼ਿਆਦਾ ਪਸੰਦ ਨਹੀਂ ਸੀ। ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਪਹਿਲਾ ਪਿਆਰ ਸ਼ਾਇਰੀ ਰਹੀ ਹੈ,ਅਤੇ ਜਦੋਂ ਉਹਨਾਂ ਆਪਣੇ ਕਰੀਅਰ ਦਾ ਪਹਿਲਾ ਫ਼ਿਲਮੀ ਗੀਤ 'ਮੇਰਾ ਗੋਰਾ ਅੰਗ ਲਈ ਲੇ' ਲਿਖਿਆ ਤਾਂ ਉਹ ਫ਼ਿਲਮਾਂ ਲਈ ਗਾਣੇ ਲਿਖਣ ਲਈ ਕੋਈ ਬਹੁਤੇ ਉਤਸੁਕ ਨਹੀਂ ਸਨ, ਪਰ ਬਾਅਦ 'ਚ ਇੱਕ ਤੋਂ ਬਾਅਦ ਇੱਕ ਗੀਤ ਲਿਖਣ ਦਾ ਮੌਕਾ ਮਿਲਦਾ ਗਿਆ ਤੇ ਉਹ ਗੀਤ ਲਿਖਦੇ ਗਏ।
ਹੋਰ ਵੇਖੋ : ਐਮੀ ਵਿਰਕ ਦੇਹਰਾਦੂਨ 'ਚ ਕਰ ਰਹੇ ਨੇ '83' ਫ਼ਿਲਮ ਦੀਆਂ ਤਿਆਰੀਆਂ, ਕਪਿਲ ਦੇਵ ਨਾਲ ਸਾਂਝੀ ਕੀਤੀ ਤਸਵੀਰ
gulzar
ਫ਼ਿਲਮਾਂ ਦੇ ਲੇਖਣ ਹੀ ਨਹੀਂ, 'ਆਂਧੀ','ਮੌਸਮ', 'ਮੇਰੇ ਆਪਣੇ', 'ਕੋਸ਼ਿਸ਼','ਖ਼ੁਸ਼ਬੂ','ਅੰਗੂਰ','ਲਿਬਾਸ' ਅਤੇ 'ਮਾਚਿਸ' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਕੁਝ ਅਰਸੇ ਪਹਿਲਾਂ ਗੁਲਜ਼ਾਰ ਸਾਹਿਬ ਨੇ ਪੀਟੀਸੀ ਪੰਜਾਬੀ ਨਾਲ ਗੱਲ ਬਾਤ ਕੀਤੀ ਸੀ। ਇਹ ਇੰਟਰਵਿਊ ਉਹਨਾਂ ਦਾ ਪੰਜਾਬੀ ਭਾਸ਼ਾ 'ਚ ਪਹਿਲਾ ਇੰਟਰਵਿਊ ਹੈ। ਤੁਸੀਂ ਵੀ ਸੁਣੋ ਗੁਲਜਾਰ ਸਾਹਿਬ ਦੀ ਪੰਜਾਬੀ ਇਹ ਗੱਲ ਬਾਤ।