ਗੁਰੂ ਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ਼ਬਦ ਗੁਰੂ ਦਾ ਸਿਧਾਂਤ
(ਗੁਰਿਆਈ ਦਿਵਸ ਤੇ ਵਿਸ਼ੇਸ਼)
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
ਸ਼ਬਦ ਭਾਵ ਆਵਾਜ਼ ਅਤੇ ਉਹ ਅੱਖਰ ਜੋ ਗਿਆਨ ਦਾ ਵਾਹਕ ਬਣਨ। ਅਜਿਹੀ ਆਵਾਜ਼ ਜਾਂ ਅੱਖਰ ਜਦੋਂ ਗੁਰੂ ਦੇ ਬਕਸ਼ੇ ਗਿਆਨ ਰਾਹੀਂ ਰਾਗ, ਤਾਲ ਅਤੇ ਆਤਮ ਸਾਧਨਾ ਦੇ ਯੋਗ ਨਾਲ ਮਨੁੱਖ ਦੀ ਸੁਰਤ ਨੂੰ ਬਦਲਣ ਦਾ ਸਬੱਬ ਬਣਦੇ ਹਨ ਤਾਂ ਸਿੱਖ ਭਾਸ਼ਾ ਵਿੱਚ ਇਸ ਨੂੰ ਸ਼ਬਦ ਗੁਰੂ ਦੇ ਸਿਧਾਂਤ ਨਾਲ ਜਾਣਿਆ ਜਾਂਦਾ ਹੈ ।ਬਾਣੀ ਅਸਲ ਵਿੱਚ ਸੰਸਕ੍ਰਿਤ ਦੇ ਸ਼ਬਦ ਵਾਣੀ ਦੇ ਅਰਧ ਤਤਸਮ ਰੂਪ ਦੀ ਉਪਜ ਹੈ, ਜਿਸਦੇ ਅਰਥ ਹਨ, ਬੋਲ, ਜਾਂ ਕਥਨ ।ਪਰ ਜਦੋਂ ਇਹ ਬੋਲ ਗੁਰੂ ਨਾਲ ਜੁੜਦੇ ਹਨ ਉਹ ਕਥੇ ਨਹੀਂ ਜਾਂਦੇ, ਸਗੋਂ ਉਹ ਇਲਹਾਮ ਦੇ ਰੂਪ ਵਿੱਚ ਦਰਜ ਹੋ ਜਾਂਦੇ ਹਨ.. ਧੁਰ ਦੇ ਸੱਚ ਨੂੰ ਵਖਿਆਉਣ ਲਈ। ਇਸਦਾ ਘੜਨਹਾਰਾ ਯੁਗਾਂ-ਯੁਗਾਂਤਰਾਂ ਦੇ ਸੱਚ ਦਾ ਵਾਹਕ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ ਦੀ ਬਾਣੀ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਮਹਾਨ ਗੁਰਸਿੱਖਾਂ ਦੇ ਇਲਾਹੀ ਬੋਲਾਂ ਨੂੰ ਪਾਵਨ ਬਾਣੀ ਵਜੋਂ ਜਾਣਿਆ ਜਾਂਦਾ ਹੈ।
ਭਾਰਤੀ ਚਿੰਤਨ ਪ੍ਰਣਾਲੀ ਵਿੱਚ ਗਿਆਨ ਦਾ ਅਨੁਭਵ ਅਤੇ ਅਧਿਆਤਮ ਵੇਦਕ ਪਰੰਪਰਾ ਅਤੇ ਉਪਨਿਸ਼ਦ ਸਾਹਿਤ ਦੇ ਵੱਖ-ਵੱਖ ਸਾਧਨਾਂ ਰਾਹੀਂ ਮੌਜੂਦ ਹੈ। ਪਰ ਗੁਰਬਾਣੀ ਦਾ ਗਿਆਨ ਕਰਮਕਾਂਡ ਦਾ ਖੰਡਨ ਕਰਦਾ ਮਨੁੱਖਤਾ ਨੂੰ ਇਕ ਅਜਿਹੇ ਅਕਲੀ ਸੱਚ ਨਾਲ ਜੋੜਦਾ ਹੈ ਜਿੱਥੇ ਮਨੁੱਖ ਸਾਧਾਰਨ ਸਮਝ ਦੇ ਪੱਧਰ ਨਾਲ ਆਪਣੇ ਰੂਹ ਦੇ ਅਨੁਭਵ ਨੂੰ ਆਤਮਾ ਤੇ ਪਰਮਾਤਮਾ ਦੇ ਮੇਲ ਦੀ ਕੜੀ ਵਜੋਂ ਤਸੱਵਰ ਕਰਦਿਆਂ ਜੀਵਨ ਨੂੰ ਬਿਨਾਂ ਸ਼ਰਤਾਂ ਦੇ ਜਿਊਣ ਦਾ ਹਾਮੀ ਬਣਾਵੇ।
ਅਜਿਹੀ ਸਥਿਤੀ ਵਿਚ ਗੁਰਬਾਣੀ ਜਦੋਂ ਮਨੁੱਖ ਦੀ ਰੂਹ ਦਾ ਸਕੂਨ
ਬਣਦੀ ਹੈ ਤਾਂ ਉਸਨੂੰ ਅਸਲੀ ਇਨਸਾਨ ਦੇ ਅਰਥ ਸਮਝਾਉਂਦੀ ਹੈ।
ਗੁਰਬਾਣੀ ਦੀ ਹੋਂਦ ਇਲਾਹੀ ਹੈ ਭਾਵ ਰੱਬੀ ਅਜ਼ਮਤ ਦਾ ਸੱਚ ਜਦੋਂ ਰਹੱਸ ਦੇ ਬੋਧ ਨਾਲ ਮਨੁੱਖ ਦੇ ਇਲਮ ਦਾ ਹਿੱਸਾ ਬਣਦਾ ਹੈ ਤਾਂ ਇਹ ਸ਼ਬਦ ਰੂਪ ਵਿੱਚ ਪ੍ਰਜਵਲਿਤ ਹੁੰਦਾ ਹੈ। ਸ਼ਬਦ ਰੂਪ ਵਿਚ ਪ੍ਰਕਾਸ਼ਮਾਨ ਹੁੰਦੇ ਸੱਚ ਨੂੰ "ਧੁਰ ਕੀ ਬਾਣੀ" ਵਜੋਂ ਸਤਿਕਾਰਿਆ ਜਾਂਦਾ ਹੈ।
ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥
image From google
ਲਿਖਿਤ ਰੂਪ ਵਿੱਚ ਗੁਰਬਾਣੀ ਕਦੋਂ ਸੁਰੱਖਿਅਤ ਤਰੀਕੇ ਰਾਹੀਂ ਸੰਭਾਲੀ ਗਈ... ਇਸ ਦਾ ਹਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਸਮੇਂ ਤੋਂ ਹੀ ਬਾਣੀ ਉਚਾਰਦਿਆਂ ਲਿਖਤੀ ਰੂਪ ਵਿੱਚ ਉਸਨੂੰ ਪੋਥੀਆਂ ਦੇ ਰੂਪ ਵਿੱਚ ਸੰਭਾਲਣ ਦੇ ਯਤਨਾਂ ਨਾਲ ਹੋਇਆ ਮੰਨਿਆ ਜਾਂਦਾ ਹੈ। ਜਨਮ ਸਾਖੀ ਸਾਹਿਤ ਦੇ ਹਵਾਲੇ ਮੁਤਾਬਿਕ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ 'ਨਾਨਕ' ਛਾਪ ਨਾਲ ਉਚਾਰੀ ਬਾਣੀ ਨੂੰ ਜਦੋਂ ਪੋਥੀਆਂ ਵਿੱਚ ਸੰਭਾਲਿਆ ਗਿਆ ਤਾਂ ਇਹ ਪਿਰਤ ਦੂਸਰੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਜਿਉਂ ਦੀ ਤਿਉਂ ਤੁਰਦੀ ਗਈ। ਹੌਲੀ ਹੌਲੀ ਇਸਦੇ ਉਤਾਰੇ ਵੀ ਹੁੰਦੇ ਗਏ।
image From SGPC Website
ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਗੁਰਬਾਣੀ ਉਤਾਰਿਆਂ ਦੀ ਇਹ ਪਰੰਪਰਾ ਇਤਨੀ ਮਕਬੂਲ ਹੋਈ ਕਿ ਇਸਨੂੰ ਪੋਥੀਆਂ ਤੇ ਗ੍ਰੰਥ ਦੇ ਰੂਪ ਪ੍ਰਾਪਤ ਹੋਇਆ। ਇਤਿਹਾਸਕ ਤੌਰ 'ਤੇ ਗੁਰੂ ਅਮਰਦਾਸ ਜੀ ਨੇ ਤੀਸਰੇ ਗੁਰਦੇਵ ਤੱਕ ਇਕਤਰਿਤ ਗੁਰਬਾਣੀ ਨੂੰ ਆਪਣੇ ਪੋਤਰੇ, ਬਾਬਾ ਮੋਹਨ ਜੀ ਦੇ ਸਪੁੱਤਰ ਸਹੰਸਰਾਮ ਪਾਸੋਂ ਪੋਥੀਆਂ ਦੇ ਰੂਪ ਵਿੱਚ ਸੰਭਾਲਿਆ ਜਿਸ ਨੂੰ 'ਗੋਇੰਦਵਾਲ ਦੀਆਂ ਪੋਥੀਆਂ' ਵੀ ਕਿਹਾ ਗਿਆ।ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਮੌਲਿਕਤਾ ਅਤੇ ਇਸ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਣ ਲਈ ਇਕ ਪ੍ਰਮਾਣਿਕ ਗ੍ਰੰਥ ਦੇ ਰੂਪ ਵਿਚ ਸੰਭਾਲਣ ਦੇ ਯਤਨ ਨਾਲ ਇਸ ਨੂੰ ਸੰਪਾਦਿਤ ਕੀਤਾ। ਜਿਸ ਦੀ ਅਰੰਭਤਾ ਗੁਰੂ ਸਾਹਿਬ ਨੇ ਬਾਬਾ ਮੋਹਨ ਜੀ ਪਾਸੋਂ 'ਗੋਇੰਦਵਾਲ ਦੀਆਂ ਪੋਥੀਆਂ' ਤੋਂ ਹੀ ਕੀਤੀ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਦਿੰਦਿਆਂ, 52 ਸਿਰਲੇਖ ਦੇ ਕੇ ਕ੍ਰਮਬੱਧ ਕੀਤਾ ਅਤੇ ਫੇਰ ਭਗਤ ਬਾਣੀ, ਭੱਟ ਬਾਣੀ, ਗੁਰਸਿਖਾਂ ਦੀ ਬਾਣੀ ਨੂੰ ਵੀ ਦਰਜ ਕਰਦਿਆਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕੀਤਾ। ਸਮੁੱਚੀ ਗੁਰਬਾਣੀ ਨੂੰ ਕਵਿਤਾ ਰੂਪ ਦੇ ਆਧਾਰਾਂ, ਕਈ ਉਪ ਭਾਗਾਂ ਵਿੱਚ ਤਰਤੀਬ ਦਿੰਦਿਆਂ, ਸ਼ਬਦ ਦੇ ਵੱਖ-ਵੱਖ ਰੂਪਾਂ ਦੁਪਦੇ, ਚਉਪਦੇ, ਅਸਟਪਦੀ ਆਦਿ ਦੀ ਵਿਵਸਥਾ ਦਿੰਦਿਆਂ 'ਘਰ' ਦਾ ਸੰਕੇਤ ਵੀ ਦਿੱਤਾ।
image From SGPC Website
ਗੁਰੂ ਸਾਹਿਬਾਨ ਦੁਆਰਾ ਉਚਾਰੀ ਬਾਣੀ ਨੂੰ 'ਮਹਲਾ' ਨਾਲ ਸੰਬੰਧਿਤ ਕੀਤਾ। ਇਸ ਤਰ੍ਹਾਂ ਸਮੁੱਚੀ ਗੁਰਬਾਣੀ, ਹਰੇਕ ਬਾਣੀਕਾਰ ਦੇ ਸ਼ਬਦ ਨਾਲ ਅੰਕ ਪ੍ਰਬੰਧ ਦੇ ਰੂਪ ਵਿੱਚ ਦਰਜ ਹੋ ਗਈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਕਿਸਮ ਦੇ ਵਾਧੇ-ਘਾਟੇ ਜਾਂ ਮਿਲਾਵਟ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ। ਮੂਲ ਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਪਾਸੋਂ ਲੈ ਕੇ ਇਤਿਹਾਸਕ ਰੂਪ ਵਿੱਚ ਮਨੁੱਖਤਾ ਨੂੰ ਗਿਆਨ ਪ੍ਰਬੋਧ ਵਿਚ ਪਰਬੀਨ ਹੋਣ ਦੀ ਵੀ ਪ੍ਰੇਰਣਾ ਦਿਤੀ।
Image From Google
ਪਾਵਨ ਗੁਰਬਾਣੀ ਦੀ ਰਚਨਾ ਕਰਦਿਆਂ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਚਰਚਾਵਾਂ ਰਾਹੀਂ ਜਿੱਥੇ ਅਧਿਆਤਮਕ ਸਾਂਝਾਂ ਨੂੰ ਸੰਜੋਇਆ ਹੈ, ਉੱਥੇ ਦੂਸਰੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ, ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਦਿਆਂ ਮਨੁੱਖਤਾ ਨੂੰ ਕਲਿਆਣਕਾਰੀ ਜੀਵਨ ਰਾਹ ਪ੍ਰਦਾਨ ਕੀਤੀ । ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਦਿੰਦਿਆਂ, 52 ਸਿਰਲੇਖ ਦੇ ਕੇ ਕ੍ਰਮਬੱਧ ਕੀਤਾ ਅਤੇ ਫੇਰ ਭਗਤ ਬਾਣੀ, ਭੱਟ ਬਾਣੀ, ਗੁਰਸਿਖਾਂ ਦੀ ਬਾਣੀ ਨੂੰ ਵੀ ਦਰਜ ਕਰਦਿਆਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਪਾਸੋਂ ਲੈ ਕੇ ਇਤਿਹਾਸਕ ਰੂਪ ਵਿੱਚ ਮਨੁੱਖਤਾ ਨੂੰ ਗਿਆਨ ਪ੍ਰਬੋਧ ਵਿਚ ਪਰਬੀਨ ਹੋਣ ਦੀ ਵੀ ਪ੍ਰੇਰਣਾ ਦਿਤੀ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਦਾ ਜਦੋਂ ਭਾਦੋਂ ਸੁਦੀ ਏਕਮ, 1661 ਬਿਕ੍ਰਮੀ ਨੂੰ ਸ੍ਰੀ ਆਦਿ ਗ੍ਰੰਥ ਦੇ ਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤਾ ਤਦ ਇਲਾਹੀ ਵਾਕ ਉਚਾਰਨ ਕੀਤਾ ਗਿਆ। ਗੁਰ ਵਾਕ ਪ੍ਰਗਟ ਹੋਇਆ...
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਇਸ ਸਭ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ਗੁਰਮੁਖੀ ਲਿੱਪੀ ਵਿੱਚ ਅੰਕਿਤ ਕਰਦਿਆਂ ਇਸ ਵਿੱਚ ਪ੍ਰਾਪਤ ਅਰਬੀ, ਫ਼ਾਰਸੀ, ਬ੍ਰਿਜ, ਅਵਧੀ, ਬੰਗਾਲੀ, ਰਾਜਸਥਾਨੀ, ਖੜੀ ਬੋਲੀ, ਪੰਜਾਬੀ ਦੀਆਂ ਉੱਪ ਭਾਸ਼ਾਵਾਂ ਲਹਿੰਦੀ, ਸਿੰਧੀ, ਪੋਠੋਹਾਰੀ, ਬਾਂਗਰ, ਮਾਝੀ ਸਭ ਵਿੱਚ ਇਕੋ ਸਿਧਾਂਤ ਬ੍ਰਹਮ ਦੀ ਵਿਚਾਰ ਨੂੰ ਪ੍ਰਗਟਾਇਆ।
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
ਅਸਲੀ ਗੱਲ ਇਸ ਵਿਚਾਰ 'ਤੇ ਵੀ ਕੇਂਦਰਿਤ ਹੁੰਦੀ ਹੈ ਕਿ ਗੁਰਬਾਣੀ ਜਦੋਂ ਪ੍ਰਕਾਸ਼ਮਾਨ ਹੁੰਦੀ ਹੈ ਤਾਂ ਬਾਣੀਕਾਰ ਇਸ ਤੱਥ ਨੂੰ ਵੀ ਇਤਿਹਾਸਕ ਤੱਥ ਪ੍ਰਦਾਨ ਕਰ ਰਿਹਾ ਹੁੰਦਾ ਹੈ...
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ॥
ਸੋ ਮੁਕਤਸਰ ਵਿਚ ਇਹ ਕਹਿਣਾ ਹੀ ਵਾਜਿਬ ਹੈ ਕਿ ਗੁਰਬਾਣੀ ਮੂਲ ਰੂਪ ਵਿੱਚ ਕੇਵਲ ਪੰਜ ਅਧਿਆਤਮਕ ਰਾਸ ਪੂੰਜੀ ਹੀ ਨਹੀਂ ਬਲਕਿ ਮਨੁੱਖ ਦੇ ਰੂਹਾਨੀ ਇਲਮ ਦਾ ਸੱਚ ਵੀ ਹੈ ਜੋ ਹਰ ਅਧਿਆਤਮਵਾਦੀ ਨੂੰ ਜੀਵਨ ਦੇ ਅਸਲੇ ਵਲ ਰੁਚਿਤ ਕਰਦਾ ਹੈ।