ਸਾਲ 2021 'ਚ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸਾਲ 2021 ਪੰਜਾਬੀ ਇੰਡਸਟਰੀ ਲਈ ਵੀ ਰਲਿਆ-ਮਿਲਿਆ ਜਿਹਾ ਹੀ ਰਿਹਾ। ਹਰ ਸਾਲ ਵਾਂਗ ਇਸ ਵਾਲ ਵੀ ਕਈ ਤਰ੍ਹਾਂ ਦੇ ਉਤਾਰ-ਚੜਾਅ ਵੇਖਣ ਨੂੰ ਮਿਲੇ। ਜਿਥੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੇ ਕਈ ਉਚਾਈਆਂ ਹਾਸਲ ਕੀਤੀਆਂ, ਉਥੇ ਹੀ ਪੰਜਾਬ ਦੇ ਮਸ਼ਹੂਰ ਨਾਮੀ ਕਲਾਕਾਰਾਂ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਨ੍ਹਾਂ ਕਲਾਕਾਰਾਂ ਦੇ ਜਾਣ ਨਾਲ ਪੌਲੀਵੁੱਡ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।
ਨਰਿੰਦਰ ਚੰਚਲ
ਮਸ਼ਹੂਰ ਭਜਨ ਸਮਰਾਟ ਦੇ ਨਾਂਅ ਤੋਂ ਮਸ਼ਹੂਰ ਗਾਇਕ ਨਰਿੰਦਰ ਚੰਚਲ ਦਾ ਇਸ ਸਾਲ ਦੇਹਾਂਤ ਹੋ ਗਿਆ। ਉਹ ਲੰਮੇਂ ਸਮੇਂ ਤੋਂ ਬਿਮਾਰ ਸਨ। ਉਹ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਧਾਰਮਿਕ ਗੀਤ ਤੇ ਭਗਤੀ ਗੀਤ ਗਾਉਂਣ ਵਾਲੇ ਨਰਿੰਦਰ ਚੰਚਲ ਲੋਕਾਂ ਵਿੱਚ ਭਜਨ ਸਮਾਰਟ ਦੇ ਨਾਂਅ ਤੋਂ ਮਸ਼ਹੂਰ ਸਨ।
ਸਰਦੂਲ ਸਿਕੰਦਰ
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਵੀ ਇਸੇ ਸਾਲ 24 ਫਰਵਰੀ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। 60 ਸਾਲਾ ਸਰਦੂਲ ਸਿਕੰਦਰ ਕੋਰੋਨਾ ਵਾਇਰਸ ਤੋਂ ਪੀੜਤ ਸਨ। ਕੋਰੋਨਾ ਦੇ ਇਲਾਜ ਦੇ ਲਈ ਉਨ੍ਹਾਂ ਨੂੰ ਫੌਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜ਼ੇਰੇ ਇਲਾਜ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਲਈ ਕਈ ਪੰਜਾਬੀ ਕਲਾਕਾਰ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੈਨਜ਼ ਪੁੱਜੇ।
ਦਿਲਜਾਨ
ਸੁਰੀਲੀ ਆਵਾਜ਼ ਦੇ ਮਾਲਕ ਤੇ ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਵੀ ਇਸੇ ਸਾਲ 30 ਮਾਰਚ ਨੂੰ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਦਿਲਜਾਨ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ। ਇੱਕ ਨੌਜਵਾਨ ਗਾਇਕ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ।
ਸਤੀਸ਼ ਕੌਲ
ਬਾਲੀਵੁੱਡ ਤੇ ਟੀਵੀ ਜਗਤ ਦੇ ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਵੀ ਇਸੇ ਸਾਲ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸਤੀਸ਼ ਕੌਲ ਨੇ ਮਸ਼ਹੂਰ ਟੀਵੀ ਸੀਰੀਅਲ ਰਾਮਾਇਣ ਤੇ ਮਹਾਭਾਰਤ ਵਿੱਚ ਕੰਮ ਕੀਤਾ। ਉਨ੍ਹਾਂ ਨੇ ਕਰਮਾਂ ਵਰਗੀਆਂ ਕਈ ਬਾਲੀਵੁੱਡ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। 10 ਅਪ੍ਰੈਲ 2021 ਨੂੰ ਉਨ੍ਹਾਂ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ।
ਸੁਖਜਿੰਦਰ ਸ਼ੇਰਾ
ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਇਸੇ ਸਾਲ ਦੇਹਾਂਤ ਹੋ ਗਿਆ। ਸੁਖਜਿੰਦਰ ਸ਼ੇਰਾ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਲੇਖਕ ਅਤੇ ਡਾਇਰੈਕਟਰ ਵੀ ਸਨ। ਸੁਖਜਿੰਦਰ ਸ਼ੇਰਾ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਯੁਗਾਂਡਾ ਗਏ ਸੀ, ਉਥੇ ਉਹ ਬਿਮਾਰ ਹੋ ਗਏ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਗੁਰਚਰਨ ਸਿੰਘ ਚੰਨੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਉੱਘੇ ਰੰਗਕਰਮੀ ਗੁਰਚਰਨ ਸਿੰਘ ਚੰਨੀ ਨੇ ਵੀ 20 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦਾ ਦੇਹਾਂਤ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਹੋਇਆ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਦੱਸ ਦਈਏ ਕਿ ਕੋਰੋਨਾ ਕਾਲ ਦੇ ਸਮੇਂ ਤੇ ਉਂਝ ਵੀ ਚੰਨੀ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਨਾਲ ਗੁਫ਼ਤਗੂ ਕਰਿਆ ਕਰਦੇ ਸਨ ਤਾਂ ਜੋ ਮਰੀਜ਼ ਜਲਦ ਠੀਕ ਹੋ ਸਕਣ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ, ਚੈਨਲ 'ਹੰਬਲ ਮਿਊਜ਼ਿਕ' ਨੂੰ ਯੂਟਿਊਬ ਨੇ ਕੀਤਾ ਟਰਮੀਨੇਟ
ਗੁਰਮੀਤ ਬਾਵਾ
ਪੰਜਾਬ ਦੀ ਮਸ਼ਹੂਰ ਗਾਇਕਾ ਗੁਰਮੀਤ ਬਾਵਾ ਨੇ ਵੀ ਇਸੇ ਸਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 77 ਸਾਲਾਂ ਦੇ ਸਨ। ਲੰਮੇ ਸਮੇਂ ਤੱਕ ਬਿਮਾਰ ਹੋਣ ਦੇ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਗੁਰਮੀਤ ਬਾਵਾ ਨੇ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੁਰਸਕਾਰ ਜਿੱਤੇ ਸਨ। ਗੁਰਮੀਤ ਬਾਵਾ 45 ਸੈਕਿੰਡ ਦੀ ਲੰਮੀ ਹੇਕ ਲਗਾ ਲੈਂਦੇ ਸਨ, ਇਹ ਆਪਣੇ ਆਪ ਵਿੱਚ ਅਨੋਖਾ ਰਿਕਾਰਡ ਸੀ।