Taapsee Pannu Birthday : ਤਾਪਸੀ ਪੰਨੂ ਮਨਾ ਰਹੀ ਹੈ ਅੱਜ ਆਪਣਾ 37ਵਾਂ ਜਨਮਦਿਨ, ਜਾਣੋ ਅਦਾਕਾਰਾ ਦੇ ਫਿਲਮੀ ਸਫਰ ਬਾਰੇ
Happy Birthday Taapsee Pannu: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਪਸੀ ਪੰਨੂ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਤਾਪਸੀ ਪੰਨੂ ਨੇ ਆਪਣੀ ਮਿਹਨਤ ਸਦਕਾ ਬਹੁਤ ਹੀ ਘੱਟ ਸਮੇਂ 'ਚ ਬਾਲੀਵੁੱਡ ਵਿੱਚ ਆਪਣੀ ਖਾਸ ਪਛਾਣ ਬਣਾ ਲਈ ਹੈ। ਤਾਪਸੀ ਪੰਨੂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਦੱਸ ਦਈਏ ਕਿ ਅਦਾਕਾਰਾ ਦਾ ਬੋਲਡ ਅੰਦਾਜ਼ ਹਰ ਕੋਈ ਪਸੰਦ ਕਰਦਾ ਹੈ, ਪਰ ਬਹੁਤ ਹੀ ਘੱਟ ਪ੍ਰਸ਼ੰਸਕ ਉਸ ਦਾ ਉਪਨਾਮ ਜਾਣਦੇ ਹਨ। ਉਨ੍ਹਾਂ ਨੂੰ ਘਰ 'ਚ ਪਿਆਰ ਨਾਲ 'ਮੈਗੀ' ਕਿਹਾ ਜਾਂਦਾ ਹੈ। ਕਿਉਂਕਿ ਤਾਪਸੀ ਦੇ ਵਾਲ ਬਚਪਨ ਤੋਂ ਹੀ ਕਾਫੀ ਘੁੰਗਰਾਲੇ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣਿਆ ਗਲਾਂ ਬਾਰੇ।
ਇੰਜਨੀਅਰਿੰਗ ਤੋਂ ਮਾਡਲਿੰਗ ਤੱਕ ਦਾ ਸਫ਼ਰ
ਦੱਸ ਦਈਏ ਕਿ ਬਚਪਨ 'ਚ ਤਾਪਸੀ ਪੰਨੂ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਅਤੇ 90 ਫੀਸਦੀ ਅੰਕਾਂ ਨਾਲ 12ਵੀਂ ਪਾਸ ਕੀਤੀ ਸੀ। ਫਿਰ ਉਸ ਨੇ ਕੰਪਿਊਟਰ ਸਾਇੰਸ 'ਚ ਇੰਜਨੀਅਰਿੰਗ ਕਰਨ ਦਾ ਫੈਸਲਾ ਕੀਤਾ ਅਤੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੰਪਿਊਟਰ ਇੰਜਨੀਅਰਿੰਗ 'ਚ ਗ੍ਰੈਜੂਏਸ਼ਨ ਕੀਤੀ ਪਰ ਇੰਜਨੀਅਰਿੰਗ ਕਰਨ ਤੋਂ ਬਾਅਦ ਉਸਦਾ ਮਨ ਡਗਮਗਾ ਗਿਆ ਅਤੇ ਉਸਨੇ ਮਾਡਲਿੰਗ 'ਚ ਕਰੀਅਰ ਬਣਾਉਣ ਬਾਰੇ ਸੋਚਿਆ।
ਫੇਮਿਨਾ ਮਿਸ ਇੰਡੀਆ ਮੁਕਾਬਲੇ 'ਚ ਵੀ ਹਿੱਸਾ ਲਿਆ
2008 'ਚ, ਤਾਪਸੀ ਪੰਨੂ ਨੇ ਚੈਨਲ ਵੀ ਦੇ ਟੈਲੇਂਟ ਹੰਟ ਸ਼ੋਅ ਗੇਟ ਗੋਰਜਿਅਸ ਲਈ ਆਡੀਸ਼ਨ ਦਿੱਤਾ ਅਤੇ ਇਸ 'ਚ ਚੁਣੀ ਗਈ। ਅਦਾਕਾਰ ਨੇ ਫੇਮਿਨਾ ਮਿਸ ਇੰਡੀਆ ਮੁਕਾਬਲੇ 'ਚ ਵੀ ਹਿੱਸਾ ਲਿਆ ਸੀ। ਉਸਨੇ 2 ਸਾਲ ਤੱਕ ਮਾਡਲਿੰਗ ਕੀਤੀ ਅਤੇ ਇਸ ਦੌਰਾਨ ਰਿਲਾਇੰਸ ਟਰੈਂਡਸ, ਰੈੱਡ ਐਫਐਮ, ਕੋਕਾ-ਕੋਲਾ, ਮੋਟੋਰੋਲਾ, ਪੈਂਟਾਲੂਨ ਵਰਗੇ ਕਈ ਵੱਡੇ ਬ੍ਰਾਂਡਾਂ ਲਈ ਕੰਮ ਕੀਤਾ।
ਸਾਊਥ ਫਿਲਮਾਂ ਰਾਹੀਂ ਸ਼ੁਰੂ ਕੀਤਾ ਐਕਟਿੰਗ ਦਾ ਸਫਰ
ਅਦਾਕਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੱਖਣ ਦੀਆਂ ਫਿਲਮਾਂ ਨਾਲ ਕੀਤੀ ਸੀ। ਦੱਸ ਦਈਏ ਕਿ ਹਿੰਦੀ ਤੋਂ ਪਹਿਲਾਂ ਉਹ ਤੇਲਗੂ, ਤਾਮਿਲ ਅਤੇ ਮਲਿਆਲਮ ਤਿੰਨੋਂ ਭਾਸ਼ਾਵਾਂ ਦੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸਦੀ ਪਹਿਲੀ ਫਿਲਮ 2010 'ਚ ਰਿਲੀਜ਼ ਹੋਈ ਤੇਲਗੂ ਫਿਲਮ 'ਝੁੰਮੰਡੀ ਨਾਦਮ' ਸੀ। ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਤਾਪਸੀ ਪੰਨੂ ਨੇ ਕਰੀਬ 10-11 ਦੱਖਣ ਦੀਆਂ ਫਿਲਮਾਂ 'ਚ ਕੰਮ ਕੀਤਾ ਸੀ। ਤਾਪਸੀ ਪਨੂੰ ਨੇ 2013 'ਚ ਫਿਲਮ 'ਚਸ਼ਮੇਬੱਦੂਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆਈ ਅਦਾਕਾਰਾ
ਹੁਣ ਤੱਕ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ
ਤਾਪਸੀ ਨੇ 2013 'ਚ ਆਈ ਫਿਲਮ 'ਬੇਬੀ' 'ਚ ਸੀਕ੍ਰੇਟ ਏਜੰਟ ਸ਼ਬਾਨਾ ਦਾ ਕਿਰਦਾਰ ਨਿਭਾਇਆ ਸੀ। ਇਸ ਰੋਲ 'ਚ ਤਾਪਸੀ ਪੰਨੂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਰ ਅਦਾਕਾਰ ਨੇ ਹੌਲੀ-ਹੌਲੀ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ। ਉਹ 'ਪਿੰਕ', 'ਨਾਮ ਸ਼ਬਾਨਾ', 'ਜੁੜਵਾ 2', 'ਮੁਲਕ', 'ਮਨਮਰਜ਼ੀਆਂ', 'ਬਦਲਾ', 'ਮਿਸ਼ਨ ਮੰਗਲ', 'ਥੱਪੜ', 'ਹਸੀਨ ਦਿਲਰੁਬਾ' ਅਤੇ 'ਰਸ਼ਮੀ ਰਾਕੇਟ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
- PTC PUNJABI