Stefflon Don: ਸਟੈਫਲੋਨ ਡੌਨ ਨੇ ਗੁਰਜੋਤ ਦੀ ਮੌਤ 'ਤੇ ਪ੍ਰਗਟਾਇਆ ਸੋਗ, ਜਾਣੋ ਸਟੈਫਲੋਨ ਡੌਨ ਲਈ ਕਿਉਂ ਖ਼ਾਸ ਸੀ ਗੁਰਜੋਤ
Stefflon Don Mourns on Gurjot death: ਮਸ਼ਹੂਰ ਬ੍ਰਿਟਿਸ਼ ਰੈਪਰ ਸਟੈਫਲੋਨ ਡੌਨ (Stefflon Don)ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਸਿੱਧੂ ਮੂਸੇਵਾਲਾ ਨਾਲ ਗੀਤ ਦੇ ਐਲਾਨ ਤੋਂ ਬਾਅਦ ਚਰਚਾ 'ਚ ਆਈ ਸੀ। ਭਾਰਤ ਵਿੱਚ ਅਕਸਰ ਹੀ ਸਟੈਫਲੋਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਨਾਲ ਸਟੈਫਲੋਨ ਅਨਮੋਲ ਕਵਾਤਰਾ ਦੀ ਐਨਜੀਓ 'ਏਕ ਜ਼ਰੀਆ' ਨਾਲ ਵੀ ਜੁੜੀ ਹੋਈ ਹੈ। ਉਹ ਉਸ ਦੀ ਐਨਜੀਓ ਨੂੰ ਵਿੱਤੀ ਮਦਦ ਦਿੰਦੀ ਰਹਿੰਦੀ ਹੈ।
ਬ੍ਰਿਟਿਸ਼ ਰੈਪਰ Stefflon ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਈ ਸੀ। ਇਸ ਦੌਰਾਨ ਰੈਪਰ ਨੇ ਇੱਕ ਬਿਮਾਰ ਬੱਚੇ ਨੂੰ ਗੋਦ ਲਿਆ ਸੀ ਤੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਰੈਪਰ ਦੇ ਇਸ ਗੋਦ ਲਏ ਬੱਚੇ ਦਾ ਨਾਮ ਗੁਰਜੋਤ ਸੀ, ਪਰ ਹਾਲ ਹੀ 'ਚ ਇਹ ਖ਼ਬਰ ਆਈ ਹੈ ਕਿ Stefflon ਦੇ ਗੋਦ ਲਏ ਪੁੱਤਰ ਗੁਰਜੋਤ ਦਾ ਦਿਹਾਂਤ ਹੋ ਗਿਆ ਹੈ। ਜਿਸ ਕਾਰਨ ਉਹ ਬੇਹੱਦ ਦੁਖੀ ਹੈ।
ਹਾਲ ਹੀ 'ਚ ਗੁਰਜੋਤ ਨਾਮ ਦੇ ਇੱਕ ਛੋਟੇ ਬੱਚੇ ਦੀ ਮੌਤ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਛੋਟੇ ਬੱਚੇ ਦੀ ਮੌਤ ਕਿਡਨੀਆਂ ਫੇਲ੍ਹ ਹੋਣ ਕਰਕੇ ਹੋਈ ਹੈ। ਇਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਇਸ ਦੇ ਇਲਾਜ ਦਾ ਖਰਚਾ ਸਟੈਫਲੋਨ ਡੌਨ ਹੀ ਚੁੱਕ ਰਹੀ ਸੀ। ਇਸ ਦੇ ਨਾਲ ਨਾਲ ਉਹ ਇਸ ਬੱਚੇ ਦਾ ਹਾਲ ਚਾਲ ਵੀਡੀਓ ਕਾਲ ਰਾਹੀਂ ਵੀ ਪੁੱਛਦੀ ਰਹਿੰਦੀ ਹੁੰਦੀ ਸੀ। ਇਹੀ ਨਹੀਂ ਸਟੈਫਲੋਨ ਡੌਨ ਇਸ ਬੱਚੇ ਨੂੰ ਆਪਣੇ ਪੁੱਤਰ ਵਾਂਗ ਮੰਨਦੀ ਸੀ, ਇੱਥੋਂ ਤੱਕ ਕਿ ਜਦੋਂ ਉਹ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਗਈ ਸੀ ਤਾਂ ਉਸ ਵੇਲੇ ਵੀ ਗੁਰਜੋਤ ਉਸ ਦੇ ਨਾਲ ਹੀ ਸੀ।
ਸਟੈਫਲੋਨ ਡੌਨ ਨੇ ਗੁਰਜੋਤ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਪੋਸਟ ਲਿਖੀ, 'Rest up my boy Gurjot 🙏🏾😞💔🕊️'। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਸ ਨੇ ਹੱਥ ਜੋੜਨ ਵਾਲੀ, ਉਦਾਸ ਚਿਹਰੇ ਤੇ ਟੁੱਟੇ ਦਿਲ ਦੀ ਇਮੋਜੀ ਵੀ ਬਣਾਏ। ਉਸ ਨੂੰ ਗੁਰਜੋਤ ਦੀ ਮੌਤ ਦਾ ਡੂੰਘਾ ਸਦਮਾ ਲੱਗਿਆ ਹੈ। ਉਹ ਅਕਸਰ ਗੁਰਜੋਤ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਰਹਿੰਦੀ ਹੁੰਦੀ ਸੀ।
ਰੈਪਰ ਨੇ ਗੁਰਜੋਤ ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗੁਰਜੋਤ ਸਟੈਫਲੋਨ ਡੌਨ ਦੀ ਗੋਦ ਵਿੱਚ ਬੈਠਾ ਨਜ਼ਰ ਆ ਰਿਹਾ ਹੈ ਤੇ ਰੈਪਰ ਨੇ ਉਸ ਨੂੰ ਪਿਆਰ ਨਾਲ ਗੋਦ ਵਿੱਚ ਬਿਠਾਇਆ ਹੈ।
ਦੱਸਣਯੋਗ ਹੈ ਕਿ ਅਨਮੋਲ ਕਵਾਤਰਾ ਗਰੀਬ ਤੇ ਬੇਸਹਾਰਾ ਲੋਕਾਂ ਲਈ ਮਸੀਹਾ ਹੈ। ਉਸ ਦੀ ਐਨਜੀਓ ਗਰਮਜੋਸ਼ੀ ਤੇ ਨਿਰਸੁਆਰਥ ਭਾਵਨਾ ਨਾਲ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਹੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
- PTC PUNJABI