ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Simi Garewal Birthday : ਬਾਲੀਵੁੱਡ ਦੀ ਖੂਬਸੂਰਤ ਤੇ ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਦਾ ਅੱਜ ਜਨਮਦਿਨ ਹੈ। ਆਪਣੇ ਸਮੇਂ 'ਚ ਸਿਮੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ। ਅੱਜ ਦੀ ਪੀੜ੍ਹੀ ਸ਼ਾਇਦ ਉਨ੍ਹਾਂ ਨੂੰ ਚੈਟ ਸ਼ੋਅ Rendezvous With Simi Garewal ਦੀ ਹੋਸਟ ਵਜੋਂ ਜਾਣਦੀ ਹੋਵੇ, ਪਰ ਇੱਕ ਸਮਾਂ ਸੀ ਜਦੋਂ ਸਿਮੀ ਨਾਲ ਫਿਲਮਾਂ ਕਰਨ ਲਈ ਕਈ ਡਾਇਰੈਕਟਰ ਚਾਹਵਾਨ ਸਨ, ਆਓ ਜਾਣਦੇ ਹਾਂ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।
ਸਿਮੀ ਨੇ ਛੋਟੀ ਉਮਰੇ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਸਿਮੀ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਸਿਮੀ ਐਕਟਿੰਗ 'ਚ ਆਪਣਾ ਕਰੀਅਰ ਬਣਾਏ ਪਰ ਆਪਣੇ ਦਿਲ 'ਤੇ ਚੱਲਦਿਆਂ ਸਿਮੀ ਨੇ ਫਿਲਮ ਲਾਈਨ 'ਚ ਖੁਦ ਨੂੰ ਸਾਬਿਤ ਕਰ ਦਿੱਤਾ। ਨਰਮ ਲਹਿਜੇ 'ਚ ਬੋਲਣ ਲਈ ਜਾਣੀ ਜਾਂਦੀ ਸਿਮੀ ਗਰੇਵਾਲ ਦਾ ਅੱਜ 76ਵਾਂ ਜਨਮ ਦਿਨ ਹੈ।
ਇੰਗਲੈਂਡ 'ਚ ਸਿਮੀ ਨੇ ਕੀਤੀ ਪੜ੍ਹਾਈ ਪੂਰੀ
17 ਅਕਤੂਬਰ 1947 ਨੂੰ ਲੁਧਿਆਣਾ 'ਚ ਪੈਦਾ ਹੋਈ ਸਿਮੀ ਗਰੇਵਾਲ ਨੇ ਇੰਗਲੈਂਡ 'ਚ ਪੜ੍ਹਾਈ ਕੀਤੀ ਹੈ। ਸਿਮੀ ਦਾ ਜਨਮ ਭਾਰਤ 'ਚ ਹੋਇਆ ਸੀ, ਪਰ ਉਨ੍ਹਾਂ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਵਿਦੇਸ਼ 'ਚ ਬਿਤਾਇਆ। ਪੰਜ ਸਾਲ ਦੀ ਉਮਰ 'ਚ ਸਿਮੀ ਨੇ 'ਆਵਾਰਾ' ਦੇਖੀ ਤੇ ਉਸ ਤੋਂ ਬਾਅਦ ਉਸ ਵਿਚ ਸਿਨੇਮਾ ਦਾ ਜਨੂੰਨ ਪੈਦਾ ਹੋ ਗਿਆ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਚੰਗੀ ਸਿੱਖਿਆ ਪ੍ਰਾਪਤ ਕਰੇ, ਇਸ ਲਈ ਉਨ੍ਹਾਂ ਨੂੰ ਇੰਗਲੈਂਡ ਭੇਜ ਦਿੱਤਾ। ਸਿਮੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਐਕਟਿੰਗ ਦੇ ਆਪਣੇ ਜਨੂੰਨ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ।
'ਤੀਨ ਦੇਵੀਆਂ' ਨੇ ਬਦਲੀ ਕਿਸਮਤ
ਸਿਮੀ ਗਰੇਵਾਲ ਦੀ ਪਹਿਲੀ ਫ਼ਿਲਮ ਅੰਗਰੇਜ਼ੀ 'ਚ ਸੀ। 1962 'ਚ 'ਟਾਰਜ਼ਨ ਗੋਜ਼ ਟੂ ਇੰਡੀਆ' ਨਾਂ ਦੀ ਫਿਲਮ ਰਿਲੀਜ਼ ਹੋਈ ਸੀ, ਜਿਸ 'ਚ ਸਿਮੀ ਨੇ ਪ੍ਰਿੰਸਿਜ਼ ਕਮਾਰਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਸਿਮੀ ਨੂੰ ਪਹਿਲਾ ਬ੍ਰੇਕ ਫਿਲਮ 'ਸਨ ਆਫ ਇੰਡੀਆ' 'ਚ ਮਿਲਿਆ, ਜਿਸ 'ਚ ਉਨ੍ਹਾਂ ਦੀ ਛੋਟੀ ਜਿਹੀ ਭੂਮਿਕਾ ਸੀ। ਸਿਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1962 'ਚ ਫਿਰੋਜ਼ ਖਾਨ ਦੀ ਫਿਲਮ ਨਾਲ ਕੀਤੀ ਸੀ ਪਰ ਉਨ੍ਹਾਂ ਨੂੰ ਪਛਾਣ 1965 'ਚ ਆਈ ਫਿਲਮ 'ਤੀਨ ਦੇਵੀਆਂ' ਤੋਂ ਮਿਲੀ। ਇਸ ਤੋਂ ਬਾਅਦ 60 ਤੇ 70 ਦੇ ਦਹਾਕੇ 'ਚ ਉਨ੍ਹਾਂ ਕਈ ਤਰ੍ਹਾਂ ਦੀਆਂ ਫਿਲਮਾਂ 'ਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ।
- PTC PUNJABI