Hanuman Jayanti Special: 'ਰਾਮਾਇਣ' ਦੇ ਹਨੂੰਮਾਨ ਬਨਣ ਲਈ ਕਈ ਘੰਟਿਆਂ ਤੱਕ ਭੁੱਖੇ ਰਹਿੰਦੇ ਸੀ ਦਾਰਾ ਸਿੰਘ, ਜਾਣੋ ਕਿਉਂ
Dara Singh Play Hanuman of 'Ramayana' : ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਹਨੂੰਮਾਨ ਜਯੰਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਹਨੂੰਮਾਨ ਭਗਤ ਇਹ ਜਾਨਣ 'ਚ ਬੇਹੱਦ ਦਿਲਚਸਪੀ ਰੱਖਦੇ ਹਨ ਕਿ ਹੁਣ ਤੱਕ ਹਨੂੰਮਾਨ ਦਾ ਕਿਰਦਾਰ ਕਿਹੜੇ-ਕਿਹੜੇ ਅਦਾਕਾਰ ਨਿਭਾ ਚੁੱਕੇ ਹਨ ,ਪਰ ਕੀ ਤੁਸੀਂ ਜਾਣਦੇ ਹੋ 37 ਸਾਲ ਪਹਿਲਾਂ ਮਸ਼ਹੂਰ ਪਹਿਲਵਾਨ ਤੇ ਪੰਜਾਬੀ ਅਦਾਕਾਰ ਦਾਰਾ ਸਿੰਘ ਨੇ ਰਾਮਾਇਣ 'ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ, ਜਿਸ ਦਾ ਅੱਜ ਤੱਕ ਕੋਈ ਸਾਨੀ ਨਹੀਂ ਹੈ।
ਰਾਮਾਨੰਦ ਸਾਗਰ ਦੀ 'ਰਾਮਾਇਣ' ਨੂੰ 37 ਸਾਲ ਪਹਿਲਾਂ ਟੀਵੀ 'ਤੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ। ਰਾਮਾਇਣ ਦੇ ਹਰ ਕਿਰਦਾਰ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡੀ ਹੈ। ਰਾਮਾਇਣ 'ਚ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਦਾਰਾ ਸਿੰਘ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦਾਰਾ ਸਿੰਘ ਹਨੂੰਮਾਨ ਨਹੀਂ ਬਣਨਾ ਚਾਹੁੰਦੇ ਸਨ, ਪਰ ਜਦੋਂ ਉਨ੍ਹਾਂ ਨੇ ਇਹ ਕਿਰਦਾਰ ਅਦਾ ਕੀਤਾ ਤੇ ਉਹ 8-9 ਘੰਟੇ ਭੁੱਖੇ ਰਹਿੰਦੇ ਸਨ।
ਮਜ਼ਬੂਤ ਸ਼ਖਸੀਅਤ, ਉੱਚੀ ਆਵਾਜ਼ ਅਤੇ ਸ਼ਰਾਰਤੀ ਅੱਖਾਂ… ਰਾਮਾਇਣ ਵਿੱਚ ਮਹਾਵੀਰ ਹਨੂੰਮਾਨ ਦਾ ਅਜਿਹਾ ਕਿਰਦਾਰ ਸੀ। ਹਨੂੰਮਾਨ ਦੀ ਇਹ ਤਸਵੀਰ ਅੱਜ ਵੀ ਲੋਕਾਂ ਦੇ ਮਨਾਂ 'ਚ ਮੌਜੂਦ ਹੈ। ਹਨੂੰਮਾਨ ਦਾ ਜ਼ਿਕਰ ਹੁੰਦੇ ਹੀ ਰਾਮਾਇਣ ਦੇ ਹਨੂੰਮਾਨ ਯਾਨੀ ਕਿ ਦਰਸ਼ਕਾਂ ਨੂੰ ਦਾਰਾ ਸਿੰਘ ਦੀ ਯਾਦ ਆ ਜਾਂਦੀ ਹੈ। ਟੀਵੀ ਦੀ ਦੁਨੀਆ ਵਿੱਚ ਪਹਿਲੀ ਵਾਰ ਦਾਰਾ ਸਿੰਘ ਨੇ ਪਰਦੇ ਉੱਤੇ ਹਨੂੰਮਾਨ ਦੀ ਭੂਮਿਕਾ ਨਿਭਾਈ ਸੀ।
ਜਦੋਂ ਰਾਮਾਨੰਦ ਸਾਗਰ ਨੇ ਰਾਮਾਇਣ ਬਨਾਉਣ ਬਾਰੇ ਸੋਚਿਆ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਹਨੂੰਮਾਨ ਦੇ ਰੂਪ ਵਿੱਚ ਇੱਕ ਹੀ ਨਾਮ ਆਇਆ ਅਤੇ ਉਹ ਸੀ ਦਾਰਾ ਸਿੰਘ। 6 ਫੁੱਟ 2 ਇੰਚ ਦਾ ਕੱਦ, ਪਹਿਲਵਾਨਾਂ ਦਾ ਸਰੀਰ ਅਤੇ ਉੱਚੀ ਆਵਾਜ਼ ਇਨ੍ਹਾਂ ਸਾਰੀਆਂ ਗੱਲਾਂ ਨੇ ਦਾਰਾ ਸਿੰਘ ਨੂੰ ਹਨੂੰਮਾਨ ਦੀ ਭੂਮਿਕਾ ਲਈ ਪਰਫੈਕਟ ਬਣਾਇਆ। ਇਹੀ ਕਾਰਨ ਹੈ ਕਿ ਅੱਜ ਵੀ ਹਨੂੰਮਾਨ ਦੇ ਕਿਰਦਾਰ ਵਿੱਚ ਦਾਰਾ ਸਿੰਘ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ।
ਹਨੂੰਮਾਨ ਵਰਗਾ ਸੀ ਦਾਰਾ ਸਿੰਘ ਦਾ ਕੱਦ
ਬਜਰੰਗਬਲੀ ਨੂੰ ਬਹੁਤ ਸ਼ਕਤੀਸ਼ਾਲੀ, ਪਰਮ ਭਗਤ ਅਤੇ ਚਾਰੇ ਵੇਦਾਂ ਦਾ ਗਿਆਨਵਾਨ ਮੰਨਿਆ ਜਾਂਦਾ ਹੈ। ਹਨੂੰਮਾਨ ਨੂੰ ਪਰਦੇ 'ਤੇ ਦਿਖਾਉਣ ਲਈ ਦਾਰਾ ਸਿੰਘ ਦਾ ਕੱਦ ਕਾਫੀ ਚੰਗਾ ਸੀ। ਦਾਰਾ ਸਿੰਘ ਨੇ ਰਾਮਾਇਣ ਤੋਂ ਪਹਿਲਾਂ ਫਿਲਮ 'ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। 1976 'ਚ ਆਈ ਫਿਲਮ 'ਜੈ ਬਜਰੰਗ ਬਲੀ' 'ਚ ਦਾਰਾ ਸਿੰਘ ਪਹਿਲੀ ਵਾਰ ਹਨੂੰਮਾਨ ਬਣੇ ਸਨ। ਇਸ ਤੋਂ ਬਾਅਦ ਦਾਰਾ ਸਿੰਘ ਰਾਮਾਇਣ 'ਚ ਹਨੂੰਮਾਨ ਬਣ ਕੇ ਘਰ-ਘਰ ਮਸ਼ਹੂਰ ਹੋ ਗਏ।
ਦਾਰਾ ਸਿੰਘ ਨਹੀਂ ਬਨਣਾ ਚਾਹੁੰਦੇ ਸੀ ਰਾਮਾਇਣ 'ਚ ਹਨੂੰਮਾਨ
ਆਪਣੇ ਇੱਕ ਇੰਟਰਵਿਊ 'ਚ ਰਾਮਾਨੰਦ ਸਾਗਰ ਦੇ ਬੇਟੇ ਪ੍ਰੇਮ ਸਾਗਰ ਨੇ 'ਰਾਮਾਇਣ' ਸੀਰੀਅਲ 'ਚ ਨਿਭਾਏ ਸਾਰੇ ਕਿਰਦਾਰਾਂ ਦੀ ਸਮਰਪਣ ਦੀ ਗੱਲ ਕੀਤੀ ਸੀ। ਪ੍ਰੇਮ ਸਾਗਰ ਨੇ ਆਪਣੇ ਰਾਮਾਨੰਦ ਸਾਗਰ ਤੇ ਦਾਰਾ ਸਿੰਘ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਸ ਦੇ ਪਿਤਾ 'ਰਾਮਾਨੰਦ ਸਾਗਰ ਨੇ ਦਾਰਾ ਸਿੰਘ ਨੂੰ ਸ਼ੋਅ 'ਚ ਲੈਣ ਦਾ ਮਨ ਬਣਾ ਲਿਆ ਸੀ ਤਾਂ ਦਾਰਾ ਸਿੰਘ ਨੇ ਕਿਹਾ ਕਿ ਮੈਂ ਇਹ ਰੋਲ ਨਹੀਂ ਕਰਾਂਗਾ। ਜੇਕਰ ਮੈਂ ਇਸ ਉਮਰ 'ਚ ਇਹ ਰੋਲ ਕਰਾਂਗਾਂ ਤਾਂ ਲੋਕ ਮੇਰੇ 'ਤੇ ਹੱਸਣਗੇ ਪਰ ਬਾਅਦ ਵਿੱਚ ਪਿਤਾ ਵੱਲੋਂ ਮਨਾਏ ਜਾਣ ਮਗਰੋਂ ਉਹ ਹਨੂੰਮਾਨ ਬਨਣ ਲਈ ਮੰਨ ਗਏ।
ਹਨੂੰਮਾਨ ਬਨਣ ਲਈ ਕਈ ਘੰਟਿਆਂ ਤੱਕ ਭੁੱਖੇ ਰਹਿੰਦੇ ਸੀ ਦਾਰਾ ਸਿੰਘ
'ਹਨੂੰਮਾਨ ਦੇ ਗੈਟਅੱਪ ਲਈ ਦਾਰਾ ਸਿੰਘ ਦੇ ਮੇਕਅੱਪ 'ਚ ਕਰੀਬ 3-4 ਘੰਟੇ ਲੱਗਦੇ ਸਨ। ਉਨ੍ਹਾਂ ਨੂੰ ਹਨੂੰਮਾਨ ਜੀ ਦੀ ਦਿੱਖ ਨਾਲ ਮੇਲ ਕਰਨਾ ਸੀ। ਜੇ ਉਹ ਪੂਛ ਗਾਊਂਦੇ ਤਾਂ ਕਿੱਥੇ ਬੈਠਣਾ ਹੈ ਇਹ ਸੋਚਣਾ ਪੈਂਦਾ ਸੀ? ਇਸ ਲਈ ਉਨ੍ਹਾਂ ਲਈ ਇੱਕ ਖਾਸ ਕੁਰਸੀ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੂਛ ਲਈ ਇੱਕ ਕੱਟ ਸੀ।
ਇਸ ਤੋਂ ਇਲਾਵਾ ਹਨੂੰਮਾਨ ਵਾਂਗ ਦਿਖਣ ਲਈ ਦਾਰਾ ਸਿੰਘ ਦੇ ਚਿਹਰੇ ਉੱਤੇ ਮੋਲਡ ਲਗਾਇਆ ਜਾਂਦਾ ਸੀ। ਅਜਿਹੇ 'ਚ ਸ਼ੂਟ ਤੋਂ 3 ਘੰਟੇ ਪਹਿਲਾਂ ਮੇਕਅੱਪ ਕਰਨਾ ਪੈਂਦਾ ਸੀ ਤੇ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਿਭਾਉਣ ਲਈ ਦਾਰਾ ਸਿੰਘ ਅਣਥਕ ਮਿਹਨਤ ਕਰਦੇ ਸਨ। ਜਿਸ ਕਾਰਨ ਉਨ੍ਹਾਂ ਨੂੰ ਕਰੀਬ 8-9 ਘੰਟੇ ਤੱਕ ਬਿਨਾਂ ਕੁਝ ਖਾਧੇ ਭੁੱਖੇ ਰਹਿਣਾ ਪੈਂਦਾ ਸੀ।
ਹੋਰ ਪੜ੍ਹੋ : World Book and Copyright Day 2024: ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਤੇ ਇਸ ਦਿਨ ਦਾ ਮਹੱਤਵ
ਸਕ੍ਰੀਨ 'ਤੇ ਤਿੰਨ ਵਾਰ ਹਨੂੰਮਾਨ ਬਣੇ ਦਾਰਾ ਸਿੰਘ ਨੂੰ ਮਿਲਿਆ ਦਰਸ਼ਕਾਂ ਦਾ ਭਰਪੂਰ ਪਿਆਰ
ਰਾਮਾਇਣ ਤੋਂ ਬਾਅਦ ਦਾਰਾ ਸਿੰਘ ਨੇ ਮਹਾਭਾਰਤ ਵਿੱਚ ਵੀ ਹਨੂੰਮਾਨ ਦੀ ਭੂਮਿਕਾ ਨਿਭਾਈ ਸੀ। ਦਾਰਾ ਸਿੰਘ ਆਪਣੀ ਜ਼ਿੰਦਗੀ 'ਚ ਤਿੰਨ ਵਾਰ ਪਰਦੇ 'ਤੇ ਹਨੂੰਮਾਨਬਣੇ। ਇਸ ਤੋਂ ਬਾਅਦ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਨੇ ਵੀ ਪਰਦੇ 'ਤੇ ਹਨੂੰਮਾਨ ਦੀ ਭੂਮਿਕਾ ਨਿਭਾਈ, ਪਰ ਹਨੂੰਮਾਨ ਬਣ ਗਏ ਦਾਰਾ ਸਿੰਘ ਦੀ ਤਸਵੀਰ ਨੂੰ ਲੋਕਾਂ ਦੇ ਦਿਲਾਂ 'ਚੋਂ ਮਿਟਾ ਨਹੀਂ ਸਕੇ। ਪਰਦੇ 'ਤੇ ਹਨੂੰਮਾਨ ਦਾ ਕਿਰਦਾਰ ਤਾਂ ਕਈ ਲੋਕਾਂ ਨੇ ਨਿਭਾਇਆ ਹੈ ਪਰ ਦਾਰਾ ਸਿੰਘ ਵਰਗਾ ਪਿਆਰ ਕਿਸੇ ਨੂੰ ਨਹੀਂ ਮਿਲ ਸਕਿਆ।
- PTC PUNJABI