ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼, ਸੋਨਮ ਬਾਜਵਾ ਅਤੇ ਤਾਨੀਆ ਦੀ ਜੋੜੀ ਜਿੱਤ ਰਹੀ ਦਰਸ਼ਕਾਂ ਦਾ ਦਿਲ
ਸੋਨਮ ਬਾਜਵਾ (Sonam Bajwa) ਅਤੇ ਤਾਨੀਆ ਦੀ ਜੋੜੀ ਇੱਕ ਵਾਰ ਫਿਰ ਕਮਾਲ ਕਰਨ ਨੂੰ ਤਿਆਰ ਹੈ । ਜੀ ਹਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ਫ਼ਿਲਮ ਤੋਂ ਬਾਅਦ ਇੱਕਠਿਆਂ ਨਜ਼ਰ ਆ ਰਹੀ ਹੈ ਫ਼ਿਲਮ ‘ਗੋਡੇ ਗੋਡੇ ਚਾਅ’ (Gode Gode Chaa) ‘ਚ । ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਨਿਰਮਲ ਰਿਸ਼ੀ ਵੀ ਮੁੜ ਤੋਂ ਇਨ੍ਹਾਂ ਦੋਵਾਂ ਮੁਟਿਆਰਾਂ ਦੇ ਨਾਲ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਖਰੀਦਿਆ ਨਵਾਂ ਘਰ, ਅਦਾਕਾਰਾ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਰਹੇ ਵਧਾਈ
ਪੰਜਾਬ ਦੇ ਪੁਰਾਣੇ ਸਮਿਆਂ ਨੂੰ ਦਰਸਾਉਂਦੀ ਫ਼ਿਲਮ
ਇਸ ਫ਼ਿਲਮ ਦੇ ਟ੍ਰੇਲਰ ‘ਚ ਉਸ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਬਰਾਤਾਂ ‘ਚ ਸਿਰਫ਼ ਮਰਦਾਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਸੀ । ਔਰਤਾਂ ਨੂੰ ਵੀ ਬੜਾ ਚਾਅ ਹੁੰਦਾ ਸੀ ਬਰਾਤ ‘ਚ ਜਾਣ ਦਾ, ਪਰ ਉਸ ਸਮੇਂ ਔਰਤਾਂ ਦਾ ਬਰਾਤਾਂ ‘ਚ ਜਾਣ ਦਾ ਚਲਨ ਨਹੀਂ ਸੀ । ਜਿਸ ਕਾਰਨ ਔਰਤਾਂ ਆਪਣੇ ਅਰਮਾਨਾਂ ਨੂੰ ਆਪਣੇ ਦਿਲਾਂ ‘ਚ ਹੀ ਦਬਾ ਲੈਂਦੀਆਂ ਸਨ ।
ਪਰ ਜਿਸ ਤਰ੍ਹਾਂ ਕਿ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਸੋਨਮ ਬਾਜਵਾ ਇਨ੍ਹਾਂ ਸਾਰੀਆਂ ਔਰਤਾਂ ਨੂੰ ਬਰਾਤ ‘ਚ ਲਿਜਾਣ ਦੀ ਜੁਗਤ ਸੋਚਦੀ ਹੈ ਤਾਂ ਪੂਰੇ ਪਿੰਡ ‘ਚ ਭੜਥੂ ਜਿਹਾ ਪੈ ਜਾਂਦਾ ਹੈ ਅਤੇ ਮਰਦਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਹ ਔਰਤਾਂ ਆਖਿਰ ਬਰਾਤ ‘ਚ ਜਾ ਕੇ ਕਰਨਾ ਕੀ ਚਾਹੁੰਦੀਆਂ ਨੇ ।
ਤਿੰਨ ਕੁ ਮਿੰਟ ਦੇ ਇਸ ਟ੍ਰੇਲਰ ‘ਚ ਫ਼ਿਲਮ ਦੀ ਕਹਾਣੀ ਦਾ ਸਾਰ ਨਜ਼ਰ ਆ ਜਾਂਦਾ ਹੈ ਕਿ ਫ਼ਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਸੋਨਮ ਬਾਜਵਾ, ਨਿਰਮਲ ਰਿਸ਼ੀ ਅਤੇ ਤਾਨੀਆ ਮਰਦ ਪ੍ਰਧਾਨ ਸਮਾਜ ਦੀ ਸੋਚ ਬਦਲਣ ‘ਚ ਕਾਮਯਾਬ ਹੁੰਦੀਆਂ ਹਨ । ਇਹ ਸਭ ਵੇਖਣ ਨੂੰ ਮਿਲੇਗਾ ੨੫ ਮਈ ਨੂੰ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ ।
ਸੋਨਮ, ਤਾਨੀਆ ਅਤੇ ਨਿਰਮਲ ਰਿਸ਼ੀ ਇਸ ਤੋਂ ਪਹਿਲਾਂ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਵੀ ਇੱਕਠੀਆਂ ਦਿਖਾਈ ਦਿੱਤੀਆਂ ਸਨ । ਤਿੰਨਾਂ ਦੀ ਜੋੜੀ ਨੇ ਆਪੋ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ਅਤੇ ਇਹ ਤਿੱਕੜੀ ਮੁੜ ਤੋਂ ਕਮਾਲ ਕਰਨ ਜਾ ਰਹੀ ਹੈ ।
- PTC PUNJABI