ਬੇਟੀ ਨਾਲ ਟਰੈਵਲ ਵੀਡੀਓ ਸ਼ੇਅਰ ਕਰ ਟਵਿੰਕਲ ਖੰਨਾ ਨੇ ਲਿਖਿਆ 'ਬੱਚੇ ਜਦੋਂ ਵੱਡੇ ਹੁੰਦੇ ਹਨ ਤਾਂ ਤੁਹਾਡੀ ਹੀ ਗ਼ਲਤੀ ਕੱਢਦੇ ਹਨ...'
ਕਿਸੇ ਜ਼ਮਾਨੇ 'ਚ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਵਿੱਚ ਸ਼ੁਮਾਰ ਟਵਿੰਕਲ ਖੰਨਾ ਨੇ ਹਾਲ ਹੀ ਵਿੱਚ ਆਪਣੀ ਬੇਟੀ ਨਿਤਾਰਾ ਨਾਲ ਲੰਡਨ ਵਿੱਚ ਆਪਣੀ ਹਾਲੀਆ ਛੁੱਟੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ। ਇਸ ਵੀਡੀਓ ਵਿੱਚ ਟਵਿੰਕਲ ਖੰਨਾ ਨੇ ਕਾਫ਼ੀ ਸੁੰਦਰ ਤਰੀਕੇ ਨਾਲ ਮਾਂ ਬਣਨ ਦੀਆਂ ਖ਼ੁਸ਼ੀਆਂ ਅਤੇ ਚੁਨੌਤੀਆਂ ਦੇ ਅਨੁਭਵ ਨੂੰ ਸਾਂਝਾ ਕੀਤਾ ਹੈ। ਟਵਿੰਕਲ ਇਸ ਵੇਲੇ ਗੋਲਡਸਮਿਥਸ, ਲੰਡਨ ਯੂਨੀਵਰਸਿਟੀ ਵਿੱਚ ਫਿਕਸ਼ਨ ਰਾਈਟਿੰਗ ਵਿੱਚ ਆਪਣੀ ਮਾਸਟਰਜ਼ ਕਰ ਰਹੀ ਹੈ।
ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ਦੀ ਸ਼ੁਰੂਆਤ ਵਿੱਚ 'Joy Of Motherhood' ਟਾਈਟਲ ਦਿਖਾਈ ਦਿੰਦਾ ਹੈ। ਇਸ ਵਿੱਚ ਟਵਿੰਕਲ ਇੱਕ ਸਟੇਸ਼ਨ ਉੱਤੇ ਖੜ੍ਹੀ ਦਿਖਾਈ ਦਿੰਦੀ ਹੈ। ਉਹ ਦੱਸਦੀ ਹੈ ਕਿ ਕਿਵੇਂ ਇੱਕ ਮਾਂ ਬੱਚਿਆਂ ਨੂੰ ਘੁਮਾਉਣ ਲਈ ਲੈ ਕੇ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਥਕਾ ਦੇਣ ਵਾਲਾ ਕੰਮ ਹੈ ਪਰ ਨਾਲ ਹੀ ਉਹ ਇਹ ਵੀ ਲਿਖਦੀ ਹੈ ਕਿ ਉਹ ਇਕੱਲੇ ਛੁੱਟੀਆਂ ਬਿਤਾਉਣ ਦੀ ਇੱਛਾ ਵੀ ਰੱਖਦੀ ਹੈ। ਉਹ ਦੱਸਦੀ ਹੈ ਕਿ ਮਾਂ ਵਜੋਂ ਉਸ ਨੂੰ ਹਮੇਸ਼ਾ ਆਪਣੇ ਬੱਚਿਆਂ ਦੇ ਪਿੱਛੇ ਭੱਜਣਾ ਪੈਂਦਾ ਹੈ।
ਫਿਰ ਵੀਡੀਓ ਵਿੱਚ ਨਿਤਾਰਾ ਦੀ ਇੱਕ ਝਲਕ ਦਿਖਦੀ ਹੈ, ਇਸ ਦੌਰਾਨ ਨਿਤਾਰਾ ਇੱਕ ਕਿਤਾਬ ਪੜ੍ਹਦੀ ਦਿਖਾਈ ਦਿੰਦੀ ਹੈ। ਟਵਿੰਕਲ ਇੱਥੇ ਦੱਸਦੀ ਹੈ ਕਿ ਉਹ ਆਪਣੀ ਧੀ ਨੂੰ ਕਿਤਾਬਾਂ ਨਾਲ ਪਿਆਰ ਕਰਨ ਤੇ ਪੜ੍ਹਨ ਦੀ ਆਦਤ ਪਾਉਣਾ ਚਾਹੁੰਦੀ ਹੈ। ਨਾਲ ਹੀ ਵੀਡੀਓ ਵਿੱਚ ਉਹ ਆਪਣੀ ਬੇਟੀ ਨੂੰ ਦੁਨੀਆ ਦੇ ਸਾਰੇ ਅਜੂਬਿਆਂ ਨੂੰ ਦਿਖਾਉਣ ਦਾ ਜ਼ਿਕਰ ਕਰਦੀ ਹੈ। ਵੀਡੀਓ ਵਿੱਚ ਅੱਗੇ ਉਹ ਦੱਸਦੀ ਹੈ ਕਿ ਕਿਵੇਂ ਉਸ ਨੇ ਆਪਣੀ ਬੇਟੀ ਨੂੰ ਹੋਟਲ ਤੋਂ ਨਿਕਲਣ ਤੋਂ ਪਹਿਲਾਂ ਵਾਸ਼ਰੂਮ ਜਾਣ ਦੀ ਸਲਾਹ ਦਿੱਤੀ ਸੀ ਪਰ ਹੁਣ ਖੁੱਲ੍ਹੇ ਮੈਦਾਨ ਵਿੱਚ ਉਹ ਟਵਿੰਕਲ ਨੂੰ ਵਾਸ਼ਰੂਮ ਲੱਭਣ ਲਈ ਕਹਿ ਰਹੀ ਹੈ। ਇਸ ਹਲਕੀ ਫੁਲਕੀ ਮਜ਼ਾਕੀਆ ਵੀਡੀਓ ਦੇ ਅੰਤ ਵਿੱਚ ਉਹ ਕਹਿੰਦੀ ਹੈ ਕਿ ਤੁਸੀਂ ਭਾਵੇਂ ਆਪਣੇ ਬੱਚਿਆਂ ਲਈ ਜੋ ਮਰਜ਼ੀ ਕਰੋ, ਅਖੀਰ ਵਿੱਚ ਵੱਡੇ ਹੋ ਕੇ ਉਹ ਜਦੋਂ ਥੈਰੇਪੀ ਲੈਣਗੇ ਤਾਂ ਤੁਹਾਨੂੰ ਹੀ ਬਲੇਮ ਕਰਨਗੇ।
ਹੋਰ ਪੜ੍ਹੋ: ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਸਾਂਝੀ ਕੀਤੀ ਤਸਵੀਰ, ਅਦਾਕਾਰ ਨੇ ਮਰਹੂਮ ਗਾਇਕ ਨੂੰ ਦਿੱਤੀ ਸ਼ਰਧਾਂਜਲੀ
ਇਸ ਵੀਡੀਓ ਦੇ ਨਾਲ ਟਵਿੰਕਲ ਖੰਨਾ ਨੇ ਇੱਕ ਕੈਪਸ਼ਨ ਵੀ ਲਿਖੀ ਹੈ। ਇਸ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਕਿ "ਤੁਸੀਂ ਭਾਵੇਂ ਆਪਣੇ ਬੱਚਿਆਂ ਲਈ ਜੋ ਮਰਜ਼ੀ ਕਰੋ, ਅਖੀਰ ਵਿੱਚ ਵੱਡੇ ਹੋ ਕੇ ਉਹ ਜਦੋਂ ਥੈਰੇਪੀ ਲੈਣਗੇ ਤਾਂ ਤੁਹਾਨੂੰ ਹੀ ਬਲੇਮ ਕਰਨਗੇ। ਅਸੀਂ ਸਿਰਫ਼ ਉਮੀਦ ਕਰ ਸਕਦੇ ਹਾਂ ਕਿ ਉਹ (ਬੱਚੇ) ਇਹ ਮਹਿਸੂਸ ਕਰਨਗੇ ਕਿ ਅਸਲ ਵਿੱਚ ਬਹੁਤ ਘੱਟ ਬੁਰੀਆਂ ਮਾਵਾਂ ਹੁੰਦੀਆਂ ਹਨ। ਇੱਥੋਂ ਤੱਕ ਕਿ ਹੋਮ ਅਲੋਨ ਫ਼ਿਲਮ ਦੇ ਦੋਵੇਂ ਪਾਰਟ ਵਿੱਚ ਮਾਂ ਆਪਣੇ ਬੱਚੇ ਨੂੰ ਘਰੇ ਇਕੱਲਾ ਛੱਡ ਦਿੰਦੀ ਹੈ ਪਰ ਉਹ ਇਹ ਜਾਣਬੁੱਝ ਕੇ ਨਹੀਂ ਕਰਦੀ। ਇੱਕ ਮਾਂ ਪਰਫੈਕਟ ਤਾਂ ਨਹੀਂ ਹੁੰਦੀ ਪਰ ਉਹ ਆਪਣੇ ਮੁਸ਼ਕਲ ਤੋਂ ਮੁਸ਼ਕਲ ਦਿਨਾਂ ਵਿੱਚ ਵੀ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਕੀ ਤੁਸੀਂ ਸਹਿਮਤ ਹੋ? ਜਾਂ ਅਸਹਿਮਤ?।"
- PTC PUNJABI