'ਆਦਿਪੁਰਸ਼' ਵਿਵਾਦ ਵਿਚਾਲੇ ਰਾਮਾਇਣ ਦੇ 'ਲਕਛਮਣ' ਨੇ ਕੰਗਨਾ ਰਣੌਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਅਦਾਕਾਰਾ ਨੇ ਇੰਝ ਦਿੱਤਾ ਰਿਐਕਸ਼ਨ
Lakshman talk about Kangana Ranaut: ਫ਼ਿਲਮ ਆਦਿਪੁਰਸ਼ ਦੇ ਰਿਲੀਜ਼ ਹੋਣ ਮਗਰੋਂ ਇਸ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬਾਲੀਵੁੱਡ ਸੈਲਬਸ ਤੋਂ ਲੈ ਕੇ ਦਰਸ਼ਕਾਂ ਤੱਕ ਹਰ ਕੋਈ ਇਸ ਫ਼ਿਲਮ ਲਈ ਡਾਇਰੈਕਟਰ ਓਮ ਰਾਵਤ ਨੂੰ ਚੰਗਾ ਮਾੜਾ ਬੋਲ ਰਿਹਾ ਹੈ। ਅਦਿਪੁਰਸ਼ ਫ਼ਿਲਮ ਦੇ ਇਸ ਵਿਵਾਦ ਵਿਚਾਲੇ ਰਾਮਾਇਣ ਦੇ ਅਸਲ 'ਲਕਛਮਣ' ਯਾਨੀ ਕਿ ਸੁਨੀਲ ਲਹਿਰੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ, ਜਿਸ 'ਤੇ ਕੰਗਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਸ ਕਾਰਨ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਸਮੇਤ ਪੂਰੀ ਟੀਮ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇਸ ਦੇ ਨਾਲ ਹੀ 1987 'ਚ ਨਿਰਦੇਸ਼ਕ ਰਾਮਾਨੰਦ ਦੇ ਸ਼ੋਅ 'ਰਾਮਾਇਣ' 'ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਹਾਲ ਹੀ 'ਚ 'ਆਦਿਪੁਰਸ਼' 'ਚ ਵਰਤੀ ਗਈ ਭਾਸ਼ਾ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਅਜਿਹੇ 'ਚ ਹੁਣ ਸੁਨੀਲ ਲਹਿਰੀ ਨੂੰ ਕੰਗਨਾ ਰਣੌਤ ਤੋਂ ਖਾਸ ਉਮੀਦਾਂ ਹਨ।
ਸੁਨੀਲ ਲਹਿਰੀ ਚਾਹੁੰਦੇ ਸਨ ਕੰਗਨਾ ਨੂੰ ਸੀਤਾ ਦੇ ਕਿਰਦਾਰ 'ਚ ਦੇਖਣਾ
ਕੰਗਨਾ ਰਣੌਤ ਆਪਣੀ ਆਉਣ ਵਾਲੀ ਫ਼ਿਲਮ 'ਦਿ ਇਨਕਾਰਨੇਸ਼ਨ ਸੀਤਾ' 'ਚ ਸੀਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਹਾਲ ਹੀ 'ਚ ਸੁਨੀਲ ਲਹਿਰੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੀਤਾ ਦਾ ਕਿਰਦਾਰ ਨਿਭਾਉਣ ਦੇ ਮਾਮਲੇ 'ਚ ਆਲੀਆ ਭੱਟ ਤੋਂ ਕੋਈ ਖਾਸ ਉਮੀਦ ਨਹੀਂ ਹੈ ਪਰ ਮੈਨੂੰ ਕੰਗਨਾ ਰਣੌਤ ਤੋਂ ਪੂਰੀ ਉਮੀਦ ਹੈ ਕਿ ਉਹ ਆਪਣੀ ਫ਼ਿਲਮ 'ਚ 'ਆਦਿਪੁਰਸ਼' ਦੀ ਗਲਤੀ ਨਹੀਂ ਕਰੇਗੀ।ਮੇਰੇ ਮੁਤਾਬਕ ਸੀਤਾ ਦੇ ਕਿਰਦਾਰ ਨੂੰ ਕੰਗਨਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰੇਗੀ। ਇਸ ਦੇ ਨਾਲ ਹੀ ਸੁਨੀਲ ਨੇ ਚਿਤਾਵਨੀ ਵੀ ਦਿੱਤੀ ਕਿ ਲੋਕ ਆਪਣੇ ਸੱਭਿਆਚਾਰ ਨਾਲ ਛੇੜਛਾੜ ਨਾ ਕਰਨ।
ਕੰਗਨਾ ਨੇ ਦਿੱਤੀ ਸੁਨੀਲ ਦੀ ਗੱਲ 'ਤੇ ਆਪਣੀ ਪ੍ਰਤੀਕਿਰਿਆ
ਸੁਨੀਲ ਲਹਿਰੀ ਦੇ ਬਿਆਨ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਅਤੇ ਹੱਥ ਜੋੜ ਕੇ ਕਈ ਇਮੋਜੀ ਬਣਾਏ। ਉਨ੍ਹਾਂ ਨੇ ਸੁਨੀਲ ਨੂੰ ਟੈਗ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਅਲੋਕਿਕ ਦੇਸਾਈ ਦੁਆਰਾ ਨਿਰਦੇਸ਼ਿਤ ਫਿਲਮ ‘ਦਿ ਇਨਕਾਰਨੇਸ਼ਨ ਆਫ ਸੀਤਾ’ ਵਿੱਚ ਕੰਮ ਕਰ ਰਹੀ ਹੈ। ਇਸ ਫਿਲਮ 'ਚ ਉਹ ਸੀਤਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਦਾ ਐਲਾਨ ਸਾਲ 2021 ਵਿੱਚ ਕੀਤਾ ਗਿਆ ਸੀ। ਇਸ ਫਿਲਮ ਦੀ ਕਹਾਣੀ ਕੇਵੀ ਵਿਜਯੇਂਦਰ ਪ੍ਰਸਾਦ ਨੇ ਲਿਖੀ ਹੈ।
- PTC PUNJABI