Hardy Sandhu: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ 'ਤੇ ਬੋਲੇ ਹਾਰਡੀ ਸੰਧੂ, ਕਿਹਾ 'ਮੈਂ ਤਾਂ ਕਦੋਂ ਦੀ ਵਧਾਈ ਦੇ ਦਿੱਤੀ ਹੈ'
Harrdy Sandhu on Parineeti and Raghav Chadha relationship: ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੇ ਹਾਰਡੀ ਸੰਧੂ ਨੇ ਹਾਲ ਹੀ ਵਿੱਚ ਆਪਣੀ ਸਹਿ ਅਦਾਕਾਰਾ ਪਰੀਣੀਤੀ ਚੋਪੜਾ ਦੇ ਵਿਆਹ ਨੂੰ ਲੈ ਕੇ ਬਿਆਨ ਦਿੱਤਾ ਹੈ। ਜਿਸ ਤੋਂ ਬਾਅਦ ਫੈਨਜ਼ ਇਹ ਕਿਆਸ ਲਗਾ ਰਗੇ ਹਨ ਕਿ ਜਲਦ ਹੀ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਕਰਵਾ ਸਕਦੇ ਹਨ।
ਹਾਲ ਹੀ ਵਿੱਚ ਹਾਰਡੀ ਸੰਧੂ ਨੇ ਇੱਕ ਮੀਡੀਆ ਹਾਊਸ ਨਾਲ ਇੱਕ ਇੰਟਰਵਿਊ ਦੇ ਦੌਰਾਨ ਪਰੀਣੀਤੀ ਤੇ ਰਾਘਵ ਚੱਢਾ ਬਾਰੇ ਗੱਲਬਾਤ ਕੀਤੀ। ਆਪਣੇ ਇੰਟਰਵਿਊ ਦੇ ਦੌਰਾਨ ਹਾਰਡੀ ਸੰਧੂ ਨੇ ਕਿਹਾ ਕਿ ਉਹ ਖੁਸ਼ ਹੈ ਕਿ ਪਰਿਣੀਤੀ ਆਖ਼ਿਰਕਾਰ ਜ਼ਿੰਦਗੀ ਵਿੱਚ ਸੈਟਲ ਹੋ ਰਹੀ ਹੈ।
ਗਾਇਕ ਨੇ ਅੱਗੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਆਖ਼ਿਰਕਾਰ ਅਜਿਹਾ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।" ਉਸ ਨੇ ਇਹ ਵੀ ਸਾਂਝਾ ਕੀਤਾ ਕਿ ਜਦੋਂ ਉਹ ਆਪਣੀ 2022 ਦੀ ਜਾਸੂਸੀ-ਥ੍ਰਿਲਰ ਫ਼ਿਲਮ 'ਕੋਡ ਨੇਮ: ਤਿਰੰਗਾ' ਦੀ ਸ਼ੂਟਿੰਗ ਕਰ ਰਿਹਾ ਸੀ, ਤਾਂ ਉਸ ਦੇ ਵਿਆਹ ਬਾਰੇ ਚਰਚਾ ਹੋਈ ਸੀ ਅਤੇ ਉਹ ਕਹਿੰਦੀ ਸੀ, 'ਮੈਂ ਉਦੋਂ ਹੀ ਵਿਆਹ ਕਰਾਂਗੀ ਜਦੋਂ ਮੈਨੂੰ ਲੱਗੇ ਕਿ ਮੈਨੂੰ ਸਹੀ ਮੁੰਡਾ ਮਿਲ ਗਿਆ ਹੈ'।" ਉਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪਰਿਣੀਤੀ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਫੋਨ 'ਤੇ ਵਧਾਈ ਦਿੱਤੀ ਹੈ। ਹਾਰਡੀ ਸੰਧੂ ਨੇ ਕਿਹਾ ਮੈਂ ਪਰੀਣੀਤੀ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ।"
ਦੱਸ ਦਈਏ ਕਿ ਇਸ ਤੋਂ ਪਹਿਲਾ ਵੀ 'ਆਪ' ਨੇਤਾ ਸੰਜੀਵ ਅਰੋੜਾ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਰਾਘਵ ਅਤੇ ਪਰਿਣੀਤੀ ਨੂੰ ਉਨ੍ਹਾਂ ਦੇ ਵਿਆਹ ਲਈ ਵਧਾਈ ਦਿੱਤੀ ਸੀ। ਉਨ੍ਹਾਂ ਨੇ ਲਿਖਿਆ, "ਮੈਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਦਿਲੋਂ ਵਧਾਈਆਂ ਭੇਜਦਾ ਹਾਂ। ਉਨ੍ਹਾਂ ਨੂੰ ਬਹੁਤ ਸਾਰੇ ਪਿਆਰ, ਖੁਸ਼ੀਆਂ ਦੀ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ"
ਵਿਆਹ ਦੀਆਂ ਖਬਰਾਂ ਵਿਚਾਲੇ ਪਰਿਣੀਤੀ ਅਤੇ ਰਾਘਵ ਨੂੰ ਬੁੱਧਵਾਰ ਦੇਰ ਰਾਤ ਦਿੱਲੀ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਇਸ ਦੌਰਾਨ ਪਰਿਣੀਤੀ ਪੱਤਰਕਾਰਾਂ ਤੋਂ ਬਚਦੇ ਹੋਏ ਜਲਦਬਾਜ਼ੀ 'ਚ ਕਾਰ ਵਿੱਚ ਦਾਖਲ ਹੁੰਦੀ ਦਿਖਾਈ ਦਿੱਤੀ। ਉਸ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ। ਜਦੋਂ ਕਿ ਰਾਘਵ ਉਨ੍ਹਾਂ ਦੇ ਨਾਲ ਜਾ ਰਹੇ ਸੀ ਤੇ ਉਹ ਵੀ ਤੇਜ਼ੀ ਨਾਲ ਕਾਰ ਵਿੱਚ ਬੈਠ ਕੇ ਉੱਥੋਂ ਚੱਲੇ ਗਏ। ਫੈਨਜ਼ ਇਸ ਜੋੜੀ ਦਾ ਵਿਆਹ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
- PTC PUNJABI