Trending:
'ਆਦਿਪੁਰਸ਼' ਫਿਲਮ ਤੋਂ ਨਾਰਾਜ਼ ਲੋਕਾਂ ਨੇ ਨੇਪਾਲ 'ਚ ਸਾਰੀਆਂ ਭਾਰਤੀ ਫਿਲਮਾਂ 'ਤੇ ਲਗਾਇਆ ਬੈਨ
Indian movies banned in Nepal: ਸੈਫ ਅਲੀ ਖਾਨ, ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਨੂੰ ਲੈ ਕੇ ਵਧਦੇ ਵਿਵਾਦ ਦੇ ਵਿਚਕਾਰ ਭਾਰਤੀ ਸਿਨੇਮਾ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਭਾਰਤੀ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਥੀਏਟਰ ਵਿੱਚ ਭਾਰਤੀ ਫਿਲਮਾਂ ਨਾਂ ਚਲਾਈਆਂ ਜਾ ਸਕਣ। ਕਾਠਮੰਡੂ ਦੇ ਮੇਅਰ ਬਲੇਨ ਸ਼ਾਹ ਦੇ ਸਕੱਤਰ ਨੇ ਦੱਸਿਆ ਕਿ ਫਿਲਹਾਲ ਚੱਲ ਰਹੀਆਂ ਸਾਰੀਆਂ 17 ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਕਾਰਵਾਈ ਓਮ ਰਾਉਤ ਵੱਲੋਂ ਨਿਰਦੇਸ਼ਤ ਫਿਲਮ 'ਆਦਿਪੁਰਸ਼' 'ਤੇ ਹੋਏ ਵਿਵਾਦ ਤੋਂ ਬਾਅਦ ਕੀਤੀ ਗਈ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਸੀਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ। ਫਿਲਮ ਦਾ ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਦੇਵੀ ਸੀਤਾ ਦਾ ਜਨਮ ਨੇਪਾਲ ਵਿੱਚ ਹੋਇਆ ਸੀ। ਫਿਲਮ 'ਚ ਦਿਖਾਈ ਗਈ ਜਾਣਕਾਰੀ ਨੂੰ ਲੈ ਕੇ ਪਹਿਲਾਂ ਹੀ ਕਾਫੀ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਲੱਗਦਾ ਹੈ ਕਿ 'ਆਦਿਪੁਰਸ਼' ਕਾਰਨ ਪੂਰੇ ਬਾਲੀਵੁੱਡ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਜਾਣਕਾਰੀ ਮੁਤਾਬਕ ਕਾਠਮੰਡੂ ਦੇ ਮੇਅਰ ਦਾ ਕਹਿਣਾ ਹੈ ਕਿ ਜੇਕਰ ਫਿਲਮ ਤੋਂ ਇਹ ਜਾਣਕਾਰੀ ਨਾ ਹਟਾਈ ਗਈ ਤਾਂ ਭਵਿੱਖ ਲਈ ਨੇਪਾਲ 'ਚ ਸਾਰੀਆਂ ਭਾਰਤੀ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਵਧਦੇ ਵਿਵਾਦ ਨੂੰ ਦੇਖਦੇ ਹੋਏ ਆਦਿਪੁਰਸ਼ ਦੇ ਲੇਖਕ ਮਨੋਜ ਮੁੰਤਸ਼ੀਰ ਨੇ ਕਿਹਾ ਕਿ 1903 ਤੋਂ ਪਹਿਲਾਂ ਨੇਪਾਲ ਭਾਰਤ ਦਾ ਹਿੱਸਾ ਸੀ। ਇਸ ਆਧਾਰ 'ਤੇ ਇਹ ਤੱਥ ਦਰਸਾਇਆ ਗਿਆ ਹੈ ਕਿ ਸੀਤਾ ਦਾ ਜਨਮ ਭਾਰਤ ਵਿਚ ਹੋਇਆ ਸੀ।

ਇਸ ਤੋਂ ਇਲਾਵਾ ਮਨੋਜ ਮੁੰਤਸ਼ੀਰ ਸ਼ੁਕਲਾ ਨੇ ਫਿਲਮ ਦੇ ਹਿੰਦੀ ਰੂਪਾਂਤਰ ਲਈ ਲਾਈਨਾਂ ਲਿਖੀਆਂ ਹਨ। ਹਨੂੰਮਾਨ ਜੀ ਦੇ ਡਾਇਲਾਗ, ਰਾਵਣ ਨੂੰ ਅਜਗਰ ਦੁਆਰਾ ਮਾਲਿਸ਼ ਕਰਵਾਉਣਾ, ਚਮਗਿੱਦੜ 'ਤੇ ਬੈਠਣਾ, ਲੁਹਾਰਾਂ ਨਾਲ ਕੰਮ ਕਰਨਾ ਅਤੇ ਪਾਤਰਾਂ ਦੇ ਪਹਿਰਾਵੇ ਨੂੰ ਲੈ ਕੇ ਪਹਿਲਾਂ ਹੀ ਕਾਫੀ ਵਿਵਾਦ ਹੋ ਚੁੱਕਾ ਹੈ। ਇਸ ਬਾਰੇ ਮਨੋਜ ਮੁੰਤਸ਼ੀਰ ਨੇ ਕਿਹਾ ਕਿ ਫਿਲਮ 'ਚ ਦਿਖਾਏ ਜਾ ਰਹੇ ਸਾਰੇ ਵਿਵਾਦਿਤ ਡਾਇਲਾਗ ਬਦਲ ਦਿੱਤੇ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ 'ਆਦਿਪੁਰਸ਼' ਇਸ ਸਾਲ ਦੀ ਸਭ ਤੋਂ ਜ਼ਿਆਦਾ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ ਪਰ ਨਾਲ ਹੀ ਇਸ ਦੇ ਨਿਰਦੇਸ਼ਨ ਤੇ ਰਾਮਾਇਣ ਨਾਲ ਕੀਤੀ ਗਈ ਛੇੜ ਛਾੜ ਕਾਰਨ ਹਰ ਪਾਸਿਓਂ ਇਸ ਫਿਲਮ ਦੀ ਅਲੋਚਨਾ ਕੀਤੀ ਜਾ ਰਹੀ ਹੈ।
- PTC PUNJABI