ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦੇ ਗੀਤ "ਦਿਲ ਮਲੰਗ" ਨੇ ਪਾਈ ਧਮਾਲ, ਲੋਕਾਂ ਨੂੰ ਪਸੰਦ ਆਈ ਇਹ ਜੋੜੀ
Nimrat Khaira and Armaan Malik: ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਕਮਾਇਆ ਹੈ। ਆਪਣੀ ਵਿਲੱਖਣ ਆਵਾਜ਼ ਅਤੇ ਪਿਆਰੀ ਸ਼ਖ਼ਸੀਅਤ ਨਾਲ, ਨਿਮਰਤ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਮੋਹ ਲਿਆ ਹੈ। ਉਨ੍ਹਾਂ ਦੇ ਗਾਣੇ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਤੁਹਾਨੂੰ ਦਸ ਦੇਈਏ ਕਿ ਨਿਮਰਤ ਖਹਿਰਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਵੀ ਪੈਰ ਰੱਖ ਲਿਆ ਹੈ। ਦਰਅਸਲ ਪਹਿਲਾਂ ਇਹ ਅਫ਼ਵਾਹਾਂ ਆ ਰਹੀਆਂ ਸਨ ਕਿ ਨਿਮਰਤ ਖਹਿਰਾ ਅਤੇ ਬਾਲੀਵੁੱਡ ਗਾਇਕ ਅਰਮਾਨ ਮਲਿਕ ਮਿਲ ਕੇ ਗੀਤ ਗਾਉਣੇ। ਪਹਿਲਾਂ ਇਹ ਸਿਰਫ਼ ਅਫ਼ਵਾਹ ਸੀ ਪਰ ਇਹ ਹੁਣ ਹਕੀਕਤ ਬਣ ਗਈ ਹੈ।
ਨਿਮਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਰਮਾਨ ਮਲਿਕ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਆਪਣੇ ਕੈਪਸ਼ਨ ਵਿੱਚ ਨਿਮਰਤ ਖਹਿਰਾ ਨੇ ਆਪਣੇ ਫਾਲੋਅਰਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਅਰਮਾਨ ਮਲਿਕ ਨਾਲ ਕੋਲੈਬਰੇਸ਼ਨ ਕੀਤਾ ਹੈ। ਇਸ ਗੀਤ ਦਾ ਨਾਂ 'ਦਿਲ ਮਲੰਗ' ਹੈ ਤੇ ਇਹ ਇੱਕ ਨਿੱਜੀ ਚੈਨਲ ਵੱਲੋਂ ਕਰਵਾਇਆ ਗਿਆ ਹੈ। ਇਹ ਗਾਣਾ ਨਿੱਜੀ ਚੈਨਲ ਦੇ ਅਧਿਕਾਰਤ ਯੂਟਿਊਬ ਚੈਨਲ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ।
ਲੋਕਾਂ ਵੱਲੋਂ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਕਮੈਂਟਾਂ ਰਾਹੀਂ ਲੋਕ ਪਿਆਰ ਦੇ ਨਾਲ ਨਾਲ ਹੈਰਾਨੀ ਵੀ ਜ਼ਾਹਿਰ ਕਰ ਰਹੇ ਹਨ ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਲੋਕ ਨਿਮਰਤ ਖਹਿਰਾ ਤੇ ਅਰਮਾਨ ਮਲਿਕ ਨੂੰ ਇਕੱਠੇ ਗੀਤ ਗਾਉਂਦੇ ਦੇਖਣਗੇ।
ਸੰਗੀਤ ਉਦਯੋਗ ਵਿੱਚ ਨਿਮਰਤ ਦਾ ਸਫ਼ਰ ਕਮਾਲ ਦਾ ਰਿਹਾ ਹੈ। ਆਪਣੀ ਨਿਮਰ ਸ਼ੁਰੂਆਤ ਤੋਂ ਲੈ ਕੇ ਇੱਕ ਮਸ਼ਹੂਰ ਗਾਇਕਾ ਬਣਨ ਤੱਕ, ਉਨ੍ਹਾਂ ਨੇ ਲਗਾਤਾਰ ਯਾਦਗਾਰੀ ਪ੍ਰਫਾਰਮੈਂਸ ਦਿੱਤੇ ਹਨ। ਇੱਕ ਗਾਇਕ ਅਤੇ ਇੱਕ ਅਦਾਕਾਰਾ ਦੋਵਾਂ ਦੇ ਰੂਪ ਵਿੱਚ ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ ਨੇ ਇੱਕ ਸ਼ਾਨਦਾਰ ਕਲਾਕਾਰ ਵਜੋਂ ਉਨ੍ਹਾਂ ਦੀ ਇੰਡਸਟਰੀ ਵਿੱਚ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਤੋਂ ਇਲਾਵਾ, ਨਿਮਰਤ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਜੋੜੀ' ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਫ਼ਿਲਮ ਨੂੰ ਦੇਸ਼ ਤੇ ਵਿਦੇਸ਼ ਵਿੱਚ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ ਵਿੱਚ ਨਿਮਰਤ ਖਹਿਰਾ ਦੀ ਅਦਾਕਾਰੀ ਤੇ ਆਵਾਜ਼ ਦੀ ਲੋਕ ਕਾਫ਼ੀ ਤਾਰੀਫ਼ ਕਰ ਰਹੇ ਹਨ।
ਹੋਰ ਪੜ੍ਹੋ: Luxury Life of Diljit Dosanjh: ਲਗਜ਼ਰੀ ਕਾਰਾਂ ਤੇ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਹਨ ਦਿਲਜੀਤ ਦੋਸਾਂਝ
ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਲੋਕਾਂ ਨੂੰ ਨਿਮਰਤ ਖਹਿਰਾ ਅਤੇ ਅਰਮਾਨ ਮਲਿਕ ਦੀ ਜੋੜੀ ਕਾਫ਼ੀ ਪਸੰਦ ਆ ਰਹੀ ਹੈ ਤੇ ਲੋਕ ਇਸ ਗੀਤ ਨੂੰ ਸੁਣ ਵੀ ਰਹੇ ਹਨ। ਇਸ ਤੋਂ ਅੱਗੇ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਨਿਮਰਤ ਖਹਿਰਾ ਕਿਸੇ ਹੋਰ ਬਾਲੀਵੁੱਡ ਦੇ ਸਿੰਗਰ ਜਾਂ ਦੁਬਾਰਾ ਅਰਮਾਨ ਮਲਿਕ ਨਾਲ ਮਿਲ ਕੇ ਗੀਤ ਗਾਉਣਗੇ। ਖ਼ੈਰ ਇਹ ਮੁਮਕਿਨ ਹੋਵੇਗਾ ਜਾਂ ਨਹੀਂ ਇਹ ਭਵਿੱਖ ਹੀ ਦੱਸੇਗਾ ਪਰ ਇਸ ਵੇਲੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਨਿਮਰਤ ਖਹਿਰਾ ਅਤੇ ਅਰਮਾਨ ਮਲਿਕ ਦੀ 'ਜੋੜੀ' ਵੱਲੋਂ ਗਾਇਆ ਗੀਤ 'ਦਿਲ ਮਲੰਗ' ਕਾਫ਼ੀ ਪਸੰਦ ਆ ਰਿਹਾ ਹੈ।
- PTC PUNJABI