Money Laundering Case: 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼, ਕੀਤੀ ਇਹ ਅਪੀਲ
Jacqueline Fernandez in money laundering case: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਸਾਲ 2023 ਕੁਝ ਖਾਸ ਨਹੀਂ ਰਿਹਾ। ਜੈਕਲੀਨ ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ 'ਚ ਆਪਣਾ ਦਾ ਨਾਂ ਜੁੜਨ ਤੋਂ ਬਾਅਦ ਸੁਰਖ਼ੀਆਂ 'ਚ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇਸ ਕੇਸ ਨੂੰ ਲੈ ਕੇ ਹਾਈ ਕੋਰਟ ਵੱਲ ਰੁਖ ਕੀਤਾ ਹੈ ਤੇ ਉਸ ਨੇ ਖਾਸ ਅਪੀਲ ਵੀ ਕੀਤੀ ਹੈ, ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ।
ਦੱਸ ਦਈਏ ਕਿ ਮਨੀ ਲਾਂਡਰਿੰਗ ਦੇ ਇਸ ਮਾਮਲੇ ਵਿੱਚ ਜੈਕਲੀਨ ਨੂੰ ਕਈ ਵਾਰ ਅਦਾਲਤ ਵੱਲੋਂ ਸੰਮਨ ਵੀ ਦਿੱਤੇ ਜਾ ਚੁੱਕੇ ਹਨ। ਇਸ ਮਾਮਲੇ 'ਚ ਉਸ ਦੇ ਖ਼ਿਲਾਫ਼ ਇੱਕ ਐੱਫ. ਆਈ. ਆਰ. ਤੇ ਸਪਲੀਮੈਂਟਰੀ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ। ਹੁਣ ਅਦਾਕਾਰਾ ਨੇ ਆਪਣੇ ਖ਼ਿਲਾਫ਼ ਦਾਇਰ ਚਾਰਜਸ਼ੀਟ ਤੇ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਹੈ।
ਏ. ਐੱਨ. ਆਈ. ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਉਸ ਦੇ ਖ਼ਿਲਾਫ਼ ਦਾਇਰ ਐੱਫ. ਆਈ. ਆਰ. ਤੇ ਚਾਰਜਸ਼ੀਟ ਨੂੰ ਰੱਦ ਕਰਨ ਲਈ ਦਿੱਲੀ ਹਾਈ ਕੋਰਟ 'ਚ ਪਹੁੰਚ ਕੀਤੀ ਹੈ। ਰਿਪੋਰਟ ਅਨੁਸਾਰ ਅਦਾਕਾਰਾ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਈ. ਡੀ. ਵਲੋਂ ਮੁਹੱਈਆ ਕਰਵਾਏ ਗਏ ਸਬੂਤ ਇਸ ਗੱਲ ਦੇ ਸਬੂਤ ਵਜੋਂ ਕੰਮ ਕਰਨਗੇ ਕਿ ਪਟੀਸ਼ਨਕਰਤਾ ਬੇਕਸੂਰ ਹੈ ਤੇ ਉਹ ਸੁਕੇਸ਼ ਦਾ ਨਿਸ਼ਾਨਾ ਬਣ ਗਈ ਹੈ।
ਜੈਕਲੀਨ ਨੇ ਦਾਅਵਾ ਕੀਤਾ ਕਿ ਮਨੀ ਲਾਂਡਰਿੰਗ ਮਾਮਲੇ 'ਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ। ਅਦਾਕਾਰਾ ਨੇ ਇਹ ਵੀ ਕਿਹਾ ਹੈ ਕਿ ਸੁਕੇਸ਼ ਚੰਦਰਸ਼ੇਖਰ ਨੇ ਉਸ ਨਾਲ ਧੋਖਾ ਕੀਤਾ ਹੈ। ਇਸ ਤੋਂ ਇਲਾਵਾ ਰਿਪੋਰਟਾਂ ਇਹ ਵੀ ਜ਼ਾਹਿਰ ਕਰਦੀਆਂ ਹਨ ਕਿ ਅਦਾਕਾਰਾ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਪਟੀਸ਼ਨਕਰਤਾ ਨੂੰ ਦੋਸ਼ੀ ਕਰਾਰ ਦਿੰਦਿਆਂ ਪੱਖਪਾਤ ਕੀਤਾ ਹੈ।
ਈ. ਡੀ. ਨੇ ਜੈਕਲੀਨ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਕੀਤੀ ਸੀ ਦਾਇਰ
ਤੁਹਾਨੂੰ ਦੱਸ ਦੇਈਏ ਕਿ ਈ. ਡੀ. ਨੇ 17 ਅਗਸਤ, 2022 ਨੂੰ ਜੈਕਲੀਨ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਮੁਤਾਬਕ ਜੈਕਲੀਨ ਨੇ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਤੋਂ ਮਹਿੰਗੇ ਤੋਹਫ਼ੇ ਲਏ ਸਨ। ਇਨ੍ਹਾਂ ਤੋਹਫ਼ਿਆਂ ਦੀ ਕੀਮਤ 71 ਲੱਖ ਰੁਪਏ ਦੱਸੀ ਜਾ ਰਹੀ ਹੈ। ਬਾਅਦ 'ਚ ਈ. ਡੀ. ਨੇ ਅਦਾਕਾਰਾ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ।
- PTC PUNJABI