ਜੈਕੀ ਸ਼ਰਾਫ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਭਰਾ ਦੀ ਮੌਤ ਤੋਂ ਬਾਅਦ ਹਰ ਚੀਜ਼ ਤੋਂ ਡਰਨ ਲੱਗਿਆ ਸੀ ਅਦਾਕਾਰ
ਜੈਕੀ ਸ਼ਰਾਫ (Jackie Shroff )ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । 1 ਫਰਵਰੀ 1957 ਨੂੰ ਜਨਮੇ ਜੈਕੀ ਸ਼ਰਾਫ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਰਹੀ ਹੈ । ਪਰ ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਜਗ੍ਹਾ ਬਣਾਈ ਅਤੇ ਅਨੇਕਾਂ ਹੀ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਜਨਮ ਦਿਨ ‘ਤੇ ਮੁਬਾਰਕਾਂ ਦੇਣ ਵਾਲੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ
ਜੈਕੀ ਸ਼ਰਾਫ ਦਾ ਅਸਲੀ ਨਾਮ ਜੈ ਕਿਸ਼ਨ ਕਾਕੂਭਾਈ ਹੈ।ਉਨ੍ਹਾਂ ਦੇ ਪਿਤਾ ਜੀ ਗੁਜਰਾਤੀ ਅਤੇ ਮਾਂ ਕਜਾਕਿਸਤਾਨ ਦੀ ਤੁਰਕ ਸੀ । ਜੈਕੀ ਦੇ ਪਿਤਾ ਜੀ ਮਸ਼ਹੂਰ ਜੋਤਸ਼ੀ ਸਨ । ਜੈਕੀ ਸ਼ਰਾਫ ਹੋਰੀਂ ਦੋ ਭਰਾ ਸਨ, ਪਰ ਸਤਾਰਾਂ ਸਾਲ ਦੀ ਉਮਰ ‘ਚ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ। ਭਰਾ ਦੀ ਮੌਤ ਦਾ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਹੋਇਆ ਸੀ।ਭਰਾ ਦੀ ਮੌਤ ਤੋਂ ਬਾਅਦ ਉਹ ਹਰ ਚੀਜ਼ ਤੋਂ ਡਰਨ ਲੱਗ ਪਏ ਸਨ ।
ਅਦਾਕਾਰ ਦਾ ਬਚਪਨ ਕਾਫੀ ਗਰੀਬੀ ‘ਚ ਗੁਜ਼ਰਿਆ ਸੀ।ਅਦਾਕਾਰ ਮੁੰਬਈ ਦੇ ਮਲਬਾਰ ਹਿੱਲ ਸਥਿਤ ਤਿੰਨ ਬੱਤੀ ਏਰੀਆ ‘ਚ ਇੱਕ ਛੋਟੇ ਜਿਹੇ ਕਮਰੇ ‘ਚ ਰਹਿੰਦਾ ਸੀ। ਅੱਜ ਅਦਾਕਾਰ ਦੇ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ। ਪਰ ਇਸ ਦੇ ਬਾਵਜੂਦ ਉਹ ਆਪਣੇ ਪੁਰਾਣੇ ਘਰ ‘ਚ ਗੇੜਾ ਜ਼ਰੂਰ ਮਾਰਦੇ ਹਨ ਅਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਨ।
ਜੈਕੀ ਸ਼ਰਾਫ ਨੇ ਬਾਲੀਵੁੱਡ ‘ਚ ਫ਼ਿਲਮ ‘ਹੀਰੋ’ ਦੇ ਨਾਲ ਡੈਬਿਊ ਕੀਤਾ ਸੀ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਮੀਨਾਕਸ਼ੀ ਸ਼ੇਸ਼ਾਧਰੀ ਨਜ਼ਰ ਆਏ ਸਨ । ਨਵਾਂ ਚਿਹਰਾ ਹੋਣ ਦੇ ਬਾਵਜੂਦ ਸੁਭਾਸ਼ ਘਈ ਨੇ ਜੈਕੀ ਸ਼ਰਾਫ ਨੂੰ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿੱਤਾ।ਸੁਭਾਸ਼ ਘਈ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੇ ਦੋਸਤ ਅਸ਼ੋਕ ਖੰਨਾ ਨੇ ਜੈਕੀ ਸ਼ਰਾਫ ਦੇ ਨਾਲ ਮਿਲਵਾਇਆ ਸੀ ਤਾਂ ਮੈਂ ਜੈਕੀ ਨੂੰ ਪੁੱਛਿਆ ਸੀ ਕਿ ਗਾਣਾ ਆਉਂਦਾ ਹੈ ਤਾਂ ਅਦਾਕਾਰ ਨੇ ਨਾਂਹ ਕਰ ਦਿੱਤੀ ।
ਫਿਰ ਪੁੱਛਿਆ ਐਕਟਿੰਗ ਆਉਂਦੀ ਤਾਂ ਇਸ ਤੋਂ ਵੀ ਜੈਕੀ ਨੇ ਇਨਕਾਰ ਕਰ ਦਿੱਤਾ ਸੀ, ਫਿਰ ਜਦੋਂ ਡਾਂਸ ਬਾਰੇ ਪੁੱਛਿਆ ਤਾਂ ਇਸ ਬਾਰੇ ਵੀ ਉਸ ਨੇ ਨਾਂਹ ‘ਚ ਸਿਰ ਹਿਲਾਇਆ । ਇਹੀ ਗੱਲ ਮੈਨੂੰ ਪਸੰਦ ਆਈ ਅਤੇ ਉਸ ਨੂੰ ਆਪਣੀ ਫ਼ਿਲਮ ਲਈ ਜੈਕੀ ਪਰਫੈਕਟ ਲੱਗਿਆ ।ਬਾਅਦ ‘ਚ ਇਹ ਫ਼ਿਲਮ ਸੁਪਰ ਹਿੱਟ ਸਾਬਿਤ ਹੋਈ ਸੀ।
ਜੈਕੀ ਸ਼ਰਾਫ ਦਾ ਵਰਕ ਫ੍ਰੰਟ
ਜੈਕੀ ਸ਼ਰਾਫ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹੁਣ ਤੱਕ ਉਹ ਦੋ ਸੌ ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਉਹ ਕਰਮਾ, ਖਲਨਾਇਕ, ਕਿੰਗ ਅੰਕਲ, ਤ੍ਰਿਮੂਰਤੀ, ਰੰਗੀਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰਕੇ ਖੂਬ ਸੁਰਖੀਆਂ ‘ਚ ਰਹੇ ਹਨ।
-