Happy Birthday Ranveer Singh: ਰਣਵੀਰ ਸਿੰਘ ਅੱਜ ਮਨਾ ਰਹੇ ਨੇ ਆਪਣਾ 39ਵਾਂ ਜਨਮਦਿਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Happy Birthday Ranveer Singh: ਬਾਲੀਵੁੱਡ ਦੇ ਪਾਵਰਹਾਊਸ ਕਹੇ ਜਾਣ ਵਾਲੇ ਅਦਾਕਾਰ ਰਣਬੀਰ ਸਿੰਘ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾ ਚੁੱਕੇ ਰਣਵੀਰ ਅੱਜ ਬਾਲੀਵੁੱਡ ਦੇ ਟੌਪ ਕਲਾਕਾਰਾਂ ਚੋਂ ਇੱਕ ਹਨ। ਆਓ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।
ਰਣਵੀਰ ਸਿੰਘ ਦਾ ਜਨਮ
ਰਣਵੀਰ ਸਿੰਘ ਦਾ ਜਨਮ 6 ਜੁਲਾਈ 1985 ਨੂੰ ਮੁੰਬਈ ਵਿੱਚ ਹੋਇਆ। ਰਣਵੀਰ ਸਿੰਘ ਬਚਪਨ ਤੋਂ ਹੀ ਐਕਟਰ ਬਨਣਾ ਚਾਹੁੰਦੇ ਸਨ। ਖ਼ਾਸ ਗੱਲ ਇਹ ਹੈ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਪਤਨੀ ਤੇ ਰਣਵੀਰ ਸਿੰਘ ਦੀ ਮਾਂ ਦੋਵੇਂ ਸਕੀਆਂ ਭੈਣਾਂ ਹਨ, ਪਰ ਇਸ ਦਾ ਰਣਵੀਰ ਨੂੰ ਕੋਈ ਫਾਇਦਾ ਨਹੀਂ ਹੋਇਆ। ਬਾਲੀਵੁੱਡ ਵਿੱਚ ਰਣਵੀਰ ਸਿੰਘ ਨੂੰ ਇੱਕ ਆਊਟਸਾਈਡਰ ਦੇ ਤੌਰ 'ਤੇ ਐਂਟਰੀ ਮਿਲੀ ਤੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪਛਾਣ ਬਣਾਉਣ ਤੱਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰਣਵੀਰ ਸਿੰਘ ਦੇ ਮੁਤਾਬਕ ਉਨ੍ਹਾਂ ਦਾ ਰਿਸ਼ਤਾ ਭਾਵੇਂ ਕਿਸੇ ਫਿਲਮੀ ਪਰਿਵਾਰ ਨਾਲ ਹੋਵੇ ਪਰ ਉਨ੍ਹਾਂ ਨੂੰ ਬਾਲੀਵੁੱਡ 'ਚ ਬਾਹਰਲੇ ਵਿਅਕਤੀ ਦੇ ਰੂਪ 'ਚ ਹੀ ਐਂਟਰੀ ਮਿਲੀ। ਕਈ ਲੋਕ ਰਣਵੀਰ ਸਿੰਘ ਨੂੰ ਆਊਟਸਾਈਡਰ ਮੰਨਦੇ ਸਨ, ਜਦੋਂ ਕਿ ਰਣਵੀਰ ਸਿੰਘ ਅਨਿਲ ਕਪੂਰ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਦਰਅਸਲ ਰਣਵੀਰ ਸਿੰਘ ਅਤੇ ਅਨਿਲ ਕਪੂਰ ਇੱਕ ਦੂਜੇ ਦੇ ਰਿਸ਼ਤੇਦਾਰ ਹਨ। ਰਣਵੀਰ ਸਿੰਘ ਤੇ ਸੋਨਮ ਕਪੂਰ ਅਤੇ ਰੀਆ ਕਪੂਰ ਦੀ ਮਾਸੀ ਦੇ ਪੁੱਤਰ ਹਨ। ਰਣਵੀਰ ਅਤੇ ਅਨਿਲ ਕਪੂਰ ਨੇ ਫਿਲਮ 'ਦਿਲ ਧੜਕਨੇ ਦੋ' 'ਚ ਇਕੱਠੇ ਕੰਮ ਕੀਤਾ ਸੀ, ਜਿਸ 'ਚ ਦੋਹਾਂ ਨੇ ਪਿਓ-ਪੁੱਤ ਦੀ ਭੂਮਿਕਾ ਨਿਭਾਈ ਸੀ।
ਰਣਵੀਰ ਸਿੰਘ ਦੀ ਪੜ੍ਹਾਈ ਤੇ ਸੰਘਰਸ਼
ਰਣਵੀਰ ਸਿੰਘ ਮਹਿਜ਼ਇੱਕ ਅਭਿਨੇਤਾ ਹੀ ਨਹੀਂ ਹਨ, ਰਣਵੀਰ ਨੇ ਆਪਣੀ ਕਾਲਜ ਦੀ ਪੜ੍ਹਾਈ ਅਮਰੀਕਾ ਤੋਂ ਕੀਤੀ ਜਿੱਥੇ ਉਹ ਚਾਰ ਸਾਲ ਰਹੇ। ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ, ਰਣਵੀਰ ਨੇ ਇੱਕ ਵਿਗਿਆਪਨ ਏਜੰਸੀ ਵਿੱਚ ਕੰਮ ਕੀਤਾ, ਉਨ੍ਹਾਂ ਨੇ O&M ਅਤੇ J. ਵਾਲਟਰ ਥਾਮਸਨ ਲਈ ਕਾਪੀਰਾਈਟਰ ਵਜੋਂ ਵੀ ਕੰਮ ਕੀਤਾ। ਇੰਨਾ ਹੀ ਨਹੀਂ ਬਾਲੀਵੁੱਡ 'ਚ ਹੀਰੋ ਬਣਨ ਤੋਂ ਪਹਿਲਾਂ ਉਹ ਅਸਿਸਟੈਂਟ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਆਪਣੇ ਇੱਕ ਇੰਟਰਵਿਊ 'ਚ ਰਣਵੀਰ ਸਿੰਘ ਨੇ ਆਪਣੀ ਸਟ੍ਰਗਲ ਲਾਈਫ ਬਾਰੇ ਕਈ ਗੱਲਾਂ ਦੱਸੀਆਂ ਹਨ, ਉਨ੍ਹਾਂ ਦੱਸਿਆ ਕਿ ਕਿਵੇਂ ਉਹ ਪ੍ਰੋਡਕਸ਼ਨ ਹਾਊਸ 'ਚ ਜਾ ਕੇ ਆਪਣਾ ਪੋਰਟਫੋਲੀਓ ਦਿੰਦੇ ਸਨ ਪਰ ਨਿਰਦੇਸ਼ਕ ਇਸ ਨੂੰ ਕੂੜੇ ਦੇ ਡੱਬੇ 'ਚ ਸੁੱਟ ਦਿੰਦੇ ਸਨ। ਇਨ੍ਹਾਂ ਪੋਰਟਫੋਲੀਓ ਨੂੰ ਬਣਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ ਪਰ ਇਸ ਦੇ ਬਾਵਜੂਦ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ।
ਇੰਨਾ ਹੀ ਨਹੀਂ, ਰਣਵੀਰ ਨੇ ਇੱਕ ਇਵੈਂਟ 'ਚ ਦੱਸਿਆ ਕਿ 'ਉਹ ਕੰਮ ਦੀ ਤਲਾਸ਼ 'ਚ ਰੈਸਟੋਰੈਂਟਾਂ ਅਤੇ ਨਾਈਟ ਕਲੱਬਾਂ 'ਚ ਫਿਲਮ ਨਿਰਮਾਤਾਵਾਂ ਨੂੰ ਫਾਲੋ ਕਰਦੇ ਸਨ, ਤਾਂ ਜੋ ਉਨ੍ਹਾਂ ਨੂੰ ਇੱਕ ਵਾਰ ਫਿਲਮਾਂ 'ਚ ਮੌਕਾ ਮਿਲ ਸਕੇ। ਇਸ ਤੋਂ ਇਲਾਵਾ ਉਹ ਲੋਕਾਂ ਦੇ ਫੋਨਾਂ ਤੋਂ ਨੰਬਰ ਚੋਰੀ ਕਰਦੇ ਸੀ, ਤਾਂ ਜੋ ਉਹ ਫਿਲਮ ਮੇਕਰਸ ਤੇ ਡਾਇਰੈਕਟਰਸ ਨੂੰ ਫੋਨ ਕਰ ਕੇ ਆਪਣੇ ਲਈ ਫਿਲਮ ਵਿੱਚ ਰੋਲ ਮੰਗ ਸਕਣ। ਰਣਵੀਰ ਆਪਣੇ ਪੋਰਟਫੋਲੀਓ ਨੂੰ ਲੈ ਕੇ ਕਈ ਪ੍ਰੋਡਕਸ਼ਨ ਹਾਊਸ ਦੇ ਚੱਕਰ ਕੱਟਦੇ ਸੀ, ਪਰ ਉਨ੍ਹਾਂ ਨੂੰ ਕਈ ਸਾਲਾਂ ਤੱਕ ਬ੍ਰੇਕ ਨਹੀਂ ਮਿਲਿਆ।
ਇੰਝ ਸ਼ੁਰੂ ਹੋਇਆ ਰਣਵੀਰ ਸਿੰਘ ਦਾ ਫਿਲਮੀ ਸਫ਼ਰ
ਬੈਂਡ ਬਾਜਾ ਬਾਰਾਤ ਲਈ ਰਣਵੀਰ ਡਾਇਰੈਕਟਰ ਦੀ ਪਹਿਲੀ ਪਸੰਦ ਨਹੀਂ ਸਨ, ਇਸ ਫਿਲਮ ਲਈ ਰਣਬੀਰ ਕਪੂਰ ਨੂੰ ਫਾਈਨਲ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਫਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਸ ਮਗਰੋਂ ਰਣਵੀਰ ਸਿੰਘ ਨੂੰ ਪ੍ਰੋਡਕਸ਼ਨ ਹਾਊਸ ਤੋਂ ਫੋਨ ਆਇਆ। ਰਣਵੀਰ ਨੇ ਇੰਟਰਵਿਊ 'ਚ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਯਸ਼ਰਾਜ ਫਿਲਮਜ਼ ਲਈ ਬੁਲਾਇਆ ਗਿਆ ਹੈ ਤਾਂ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਪੂਰੀ ਲਗਨ ਨਾਲ ਫਿਲਮ ਲਈ ਆਡੀਸ਼ਨ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੁਣਿਆ ਗਿਆ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਪਾਕਿਸਤਾਨ 'ਚ ਵੀ ਦਰਸ਼ਕਾਂ ਵੱਲੋਂ ਮਿਲ ਰਿਹਾ ਪਿਆਰ, ਗਾਇਕ ਨੇ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ
ਇਸ ਫਿਲਮ ਨੂੰ ਕਰਨ ਤੋਂ ਬਾਅਦ ਰਣਵੀਰ ਨੂੰ ਫਿਲਮਾਂ ਦੇ ਵਿੱਚ ਐਂਟਰੀ ਮਿਲੀ ਤੇ ਉਸ ਮਗਰੋਂ ਉਨ੍ਹਾਂ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ। ਰਣਵੀਰ ਸਿੰਘ ਹੁਣ ਤੱਕ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ, ਇਨ੍ਹਾਂ ਵਿੱਚ ਰਾਮ-ਲੀਲਾ, ਬਾਜੀਰਾਵ-ਮਸਤਾਨੀ, ਗਲੀ ਬੁਆਏ, ਸਿੰਘ, ਪਦਮਾਵਤੀ ਤੇ ਹੋਰ ਕਈ ਫਿਲਮਾਂ ਸ਼ਾਮਿਲ ਹਨ।
- PTC PUNJABI