ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ
ਗਾਇਕ ਦਲੇਰ ਮਹਿੰਦੀ (Daler Mehndi)ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰਾਂ
ਬਚਪਨ ਤੋਂ ਹੀ ਸੀ ਗਾਉਣ ਦਾ ਸ਼ੌਂਕ
18 ਅਗਸਤ ਉੱਨੀ ਸੌ ਸਤਾਹਠ ਨੂੰ ਜਨਮੇ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ਂੌਕ ਸੀ । ਪਟਨਾ ਸਾਹਿਬ ‘ਚ ਜਨਮੇ ਦਲੇਰ ਮਹਿੰਦੀ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਕੀਰਤਨ ਕਰਦੇ ਸਨ । ਪੰਜ ਸਾਲ ਦੀ ਉਮਰ ‘ਚ ਹੀ ਉਨ੍ਹਾਂ ਨੇ ਗਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ ।
ਇਸ ਤੋਂ ਬਾਅਦ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਦੇ ਲਈ ਉਨ੍ਹਾਂ ਨੇ ਗੋਰਖਪੁਰ ‘ਚ ਉਸਤਾਦ ਰਾਹਤ ਅਲੀ ਖ਼ਾਨ ਨੂੰ ਗੁਰੁ ਧਾਰਿਆ ਅਤੇ ਤੇਰਾਂ ਸਾਲ ਦੀ ਉਮਰ ‘ਚ ਪਹਿਲੀ ਵਾਰ ਸਟੇਜ ‘ਤੇ ਪਰਫਾਰਮ ਕੀਤਾ ਸੀ । ਇੱਥੋਂ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ ।
ਗੀਤ ‘ਤਾਰਾ-ਰਾ-ਰਾ’ ਨੇ ਬਣਾਇਆ ਰਾਤੋ ਰਾਤ ਸਟਾਰ
ਦਲੇਰ ਮਹਿੰਦੀ ਨੇ ਗਾਇਕੀ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕੀਤਾ ਅਤੇ ਉੱਨੀ ਸੌ ਪਚਾਨਵੇ ‘ਚ ਆਏ ਗੀਤ ‘ਤਾਰਾ-ਰਾ-ਰਾ’ ਦੇ ਨਾਲ ਉਨ੍ਹਾਂ ਨੂੰ ਸ਼ੌਹਰਤ ਮਿਲੀ ਅਤੇ ਇਸੇ ਗੀਤ ਤੋਂ ਬਾਅਦ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣੀ ।ਇਹ ਗੀਤ ਏਨਾਂ ਕੁ ਮਸ਼ਹੂਰ ਹੋਇਆ ਕਿ ਇਸ ਦੀਆਂ ਵੀਹ ਮਿਲੀਅਨ ਕਾਪੀਆਂ ਵਿਕ ਗਈਆਂ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਗਏ ।
- PTC PUNJABI