ਸਰਦ ਰੁੱਤ ਲਈ ਰਸਮੀ ਅਰਦਾਸ ਮਗਰੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਯਾਤਰਾ ਹੋਈ ਸੰਪੂਰਨ
ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਪਰਵੇਸ਼ ਦੁਆਰ ਅੱਜ 11 ਅਕਤੂਬਰ 2023 ਨੂੰ ਸਰਦ ਰੁੱਤ ਦੇ ਆਗਮਨ ਦੇ ਨਾਲ ਰਸਮੀ ਅਰਦਾਸ ਤੋਂ ਬਾਅਦ ਬੰਦ ਕਰ ਦਿੱਤੇ ਗਏ।
Sri Hemkund Sahib Yatra close: ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਪਰਵੇਸ਼ ਦੁਆਰ ਅੱਜ 11 ਅਕਤੂਬਰ 2023 ਨੂੰ ਸਰਦ ਰੁੱਤ ਦੇ ਆਗਮਨ ਦੇ ਨਾਲ ਰਸਮੀ ਅਰਦਾਸ ਤੋਂ ਬਾਅਦ ਬੰਦ ਕਰ ਦਿੱਤੇ ਗਏ।
ਅੱਜ ਯਾਤਰਾ ਦੇ ਆਖਰੀ ਦਿਨ ਦੇ ਆਖਰੀ ਪੜਾਅ 'ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ 'ਚ ਨਤਮਸਤਕ ਹੋਣ ਲਈ ਸੰਗਤਾਂ ਸਵੇਰ ਤੋਂ ਹੀ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਇਸ ਸ਼ੁਭ ਮੌਕੇ 'ਤੇ 2500 ਦੇ ਕਰੀਬ ਸੰਗਤਾਂ ਨੇ ਗੁਰ ਦਰਬਾਰ 'ਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕੀਤਾ।
ਸਤਿਗੁਰੂ ਦੀ ਮੇਹਰ ਸਦਕਾ ਅੱਜ ਸ੍ਰੀ ਹੇਮਕੁੰਟ ਸਾਹਿਬ ਚੰਗੀ ਧੁੱਪ ਨਿਕਲੀ ਹੋਈ ਸੀ ਅਤੇ ਸੰਗਤਾਂ ਨੇ ਵੀ ਅੰਮ੍ਰਿਤ ਸਰੋਵਰ ਦੇ ਠੰਡੇ ਜਲ ਵਿੱਚ ਇਸ਼ਨਾਨ ਕਰ ਦਾ ਲਾਹਾ ਪ੍ਰਾਪਤ ਕੀਤਾ। ਅੱਜ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੁਪਹਿਰ 1:00 ਵਜੇ ਦੀ ਅਰਦਾਸ ਨਾਲ ਸੁਖਮਈ ਸਮਾਪਤੀ ਹੋਈ। ਅਰਦਾਸ ਉਪਰੰਤ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦੇ 'ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ, ਫੌਜੀ ਬੈਂਡ ਦੀਆਂ ਧੁਨਾਂ ਅਤੇ ਫੁੱਲਾਂ ਦੀ ਵਰਖਾ ਵਿਚਕਾਰ ਸ਼ਰਧਾ ਭਾਵਨਾ ਨਾਲ ਸੁਖਾਸਣ ਅਸਥਾਨ 'ਤੇ ਸ਼ਸ਼ੋਭਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋ ਕੇ 11:20 ਵਜੇ ਸਮਾਪਤ ਹੋਇਆ, ਜੋ ਕਿ ਗਿਆਨੀ ਕੁਲਵੰਤ ਸਿੰਘ ਜੀ ਦੁਆਰਾ ਕੀਤਾ ਗਿਆ ਸੀ। 12:10 'ਤੇ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਦੀ ਸਮਾਪਤੀ ਉਪਰੰਤ ਗੁਰੂ ਦਰਬਾਰ ਵਿੱਚ ਹਾਜ਼ਰ ਸੰਗਤਾਂ ਨੇ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਰਾਗੀ ਜਥਾ ਭਾਈ ਪ੍ਰਤਾਪ ਸਿੰਘ ਅਤੇ ਸਾਥੀਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਦਾ ਭਰਪੂਰ ਆਨੰਦ ਮਾਣਿਆ।
ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ 2 ਲੱਖ 62 ਹਜ਼ਾਰ 351 (ਦੋ ਲੱਖ 62 ਹਜ਼ਾਰ ਤਿੰਨ ਸੌ ਇਕਵੰਜਾ) ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 2 ਲੱਖ 4 ਹਜ਼ਾਰ ਦੇ ਕਰੀਬ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਕੀਤਾ।
ਇਸ ਮੌਕੇ ਭਾਰਤੀ ਫੌਜ ਦੇ 478 ਸੁਤੰਤਰ ਇੰਜੀਨੀਅਰ ਦਲ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕਾਂ ਨੇ ਸਾਰੇ ਫੌਜੀਆਂ ਨੂੰ ਫੌਜ ਵੱਲੋਂ ਨਿਭਾਈ ਸੇਵਾ ਬਦਲੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਯਾਤਰਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਉੱਤਰਾਖੰਡ ਦੇ ਰਾਜਪਾਲ ਸੇਵਾਮੁਕਤ ਡਾ. ਗੁਰਮੀਤ ਸਿੰਘ ਜੀ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਮੁੱਖ ਸਕੱਤਰ ਐਸ.ਐਸ. ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਰਕਾਰ-ਪ੍ਰਸ਼ਾਸਨ ਅਤੇ ਸਮੂਹ ਵਿਭਾਗਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਵੀ ਸਹਿਯੋਗ ਦੀ ਆਸ ਪ੍ਰਗਟ ਕਰਦਿਆਂ ਇਸ ਯਾਤਰਾ ਨੂੰ ਸੁਚਾਰੂ, ਸਫਲ ਅਤੇ ਸੁਹਾਵਣਾ ਬਣਾਉਣ ਲਈ ਬਾਕੀ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਗਿਆ।
ਹੋਰ ਪੜ੍ਹੋ: ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਫਲਾਈਟ 'ਚ ਹੋਈ ਛੇੜਖਾਨੀ, ਅਦਾਕਾਰਾ ਨੇ ਕੋ ਪੈਸੇਂਜਰ ਦੇ ਖਿਲਾਫ ਦਰਜ ਕਰਵਾਈ ਸ਼ਿਕਾਇਤ
ਗੁਰਦੁਆਰਾ ਟਰੱਸਟ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਸਾਰਿਆਂ ਦੇ ਸਹਿਯੋਗ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਸਫਲ ਅਤੇ ਸੁਹਾਵਣੀ ਹੋਵੇਗੀ। ਟਰੱਸਟ ਦਾ ਕਹਿਣਾ ਕਿ ਯਾਤਰਾ ਦੌਰਾਨ ਸਾਰੇ ਸਟਾਪਾਂ 'ਤੇ ਸ਼ਰਧਾਲੂਆਂ ਨੂੰ ਰਾਤ ਦਾ ਠਹਿਰਨ ਅਤੇ ਲੰਗਰ ਆਦਿ ਮੁਹੱਈਆ ਕਰਵਾਏ ਜਾਣਗੇ। ਸਹੂਲਤਾਂ ਵਿੱਚ ਵਾਧਾ ਕਰਕੇ ਆਉਣ ਵਾਲੇ ਸਾਲ ਦੇ ਸਫ਼ਰ ਨੂੰ ਹੋਰ ਸੁਖਾਲਾ ਬਣਾਉਣ ਦੇ ਯਤਨ ਕੀਤੇ ਜਾਣਗੇ।