Nishi Singh Death: ਮਸ਼ਹੂਰ ਟੀਵੀ ਸ਼ੋਅ 'ਕਬੂਲ ਹੈ' ਦੀ ਅਦਾਕਾਰਾ ਨਿਸ਼ੀ ਸਿੰਘ ਭਾਦਲੀ ਦਾ ਦਿਹਾਂਤ ਹੋ ਗਿਆ ਹੈ। ਨਿਸ਼ੀ ਸਿੰਘ 50 ਸਾਲਾਂ ਦੀ ਸੀ। ਨਿਸ਼ੀ ਸਿੰਘ ਬੀਤੇ ਲੰਮੇਂ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜਤ ਸਨ।
Image Source: Instagram
ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਨਿਸ਼ੀ ਪਿਛਲੇ ਚਾਰ ਸਾਲਾਂ ਤੋਂ ਅਧਰੰਗ ਦਾ ਸ਼ਿਕਾਰ ਸੀ ਅਤੇ ਬੈੱਡ ਰੈਸਟ 'ਤੇ ਸੀ। ਨਿਸ਼ੀ ਸਿੰਘ ਦੇ ਪਤੀ ਸੰਜੇ ਭਾਦਲੀ ਨੇ ਕਿਹਾ ਕਿ ਅਦਾਕਾਰਾ ਨੇ ਬੀਤੀ ਸ਼ਾਮ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੁਪਹਿਰ ਕਰੀਬ 3 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਸੰਜੇ ਨੇ ਦੱਸਿਆ ਕਿ 16 ਸਤੰਬਰ ਨੂੰ ਨਿਸ਼ੀ ਨੇ ਆਪਣਾ 50ਵਾਂ ਜਨਮਦਿਨ ਘਰ ਵਿੱਚ ਹੀ ਸੈਲੀਬ੍ਰੇਟ ਕੀਤਾ। ਉਨ੍ਹਾਂ ਨੂੰ ਬੇਸਨ ਦੇ ਲੱਡੂ ਬਹੁਤ ਪਸੰਦ ਸਨ, ਇਸ ਲਈ ਉਨ੍ਹਾਂ ਨੇ ਮੇਰੇ ਕੋਲੋਂ ਆਪਣੇ ਜਨਮਦਿਨ 'ਤੇ ਬੇਸਨ ਦੇ ਲੱਡੂ ਖਾਣ ਦੀ ਮੰਗ ਕੀਤੀ ਅਤੇ ਮੈਂ ਉਨ੍ਹਾਂ ਨੂੰ ਲੱਡੂ ਲਿਆ ਕੇ ਖਿਲਾਏ। ਉਹ ਦੁਪਹਿਰ ਤੱਕ ਬਿਲਕੁਲ ਠੀਕ ਸਨ ਫਿਰ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ।
ਸੰਜੇ ਨੇ ਦੱਸਿਆ ਕਿ ਪਰਿਵਾਰ ਨਿਸ਼ੀ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ। ਭਾਵੇਂ ਉਹ ਬਿਮਾਰ ਸੀ, ਫਿਰ ਵੀ ਉਹ ਮੇਰੇ ਨਾਲ ਸੀ। ਹੁਣ ਮੇਰੇ ਕੋਲ ਸਾਡੇ ਦੋ ਬੱਚਿਆਂ (21 ਸਾਲ ਦਾ ਪੁੱਤਰ ਅਤੇ 18 ਸਾਲ ਦੀ ਧੀ) ਤੋਂ ਇਲਾਵਾ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਹੈ। ਮੇਰੀ ਧੀ ਨੇ ਆਪਣੀ ਮਾਂ ਦੀ ਦੇਖਭਾਲ ਲਈ ਬੋਰਡ ਦੀ ਪ੍ਰੀਖਿਆ ਵੀ ਛੱਡ ਦਿੱਤੀ ਸੀ।
Image Source: Instagram
ਦੱਸ ਦੇਈਏ ਕਿ ਇਲਾਜ ਦੇ ਖ਼ਰਚੇ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਸ਼ੀ ਸਿੰਘ ਦੇ ਪਤੀ ਨੇ ਦੋ ਸਾਲ ਪਹਿਲਾਂ ਆਰਥਿਕ ਮਦਦ ਦੀ ਮੰਗ ਕੀਤੀ ਸੀ। ਸੰਜੇ ਦਾ ਕਹਿਣਾ ਹੈ ਕਿ ਪਤਨੀ ਦੀ ਬੀਮਾਰੀ ਕਾਰਨ ਉਹ ਕੋਈ ਕੰਮ ਨਹੀਂ ਕਰ ਸਕਦਾ ਸੀ। ਇਸ ਦੌਰਾਨ ਉਨ੍ਹਾਂ ਦੇ ਕੁਝ ਦੋਸਤਾਂ ਅਤੇ ਟੀਵੀ ਇੰਡਸਟਰੀ ਦੇ ਲੋਕਾਂ ਜਿਵੇਂ ਰਮੇਸ਼ ਤੋਰਾਨੀ, ਗੁਲ ਖਾਨ, ਅਭਿਨੇਤਰੀ ਸੁਰਭੀ ਚੰਦਨਾ ਅਤੇ ਸਿੰਟਾ ਨੇ ਆਰਥਿਕ ਮਦਦ ਕੀਤੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਘਰੇਲੂ ਖਰਚੇ ਲਈ ਇਸ ਸਾਲ ਮਾਰਚ ਵਿਚ ਆਪਣਾ ਘਰ ਅਤੇ ਕਾਰ ਵੇਚਣੀ ਪਈ।
ਨਿਸ਼ੀ ਸਿੰਘ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਸੀ। ਉਨ੍ਹਾਂ ਨੇ ਸੁਪਰਹਿੱਟ ਟੀਵੀ ਸ਼ੋਅ 'ਕਬੂਲ ਹੈ' 'ਚ ਹਸੀਨਾ ਬੀਵੀ ਦਾ ਕਿਰਦਾਰ ਨਿਭਾਇਆ ਸੀ , ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ ਨਿਸ਼ੀ ਸਿੰਘ ਨੇ ਹਿਟਲਰ ਦੀਦੀ, ਇਸ਼ਕਬਾਜ਼ ਅਤੇ ਤੇਨਾਲੀ ਰਾਮ ਸਣੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ।
Image Source: Instagram
ਹੋਰ ਪੜ੍ਹੋ: ਸੋਨਾਕਸ਼ੀ ਸਿਨਹਾ ਤੇ ਜ਼ਾਹਿਰ ਇਕਬਾਲ ਨਾਲ 'Blockbuster' ਪ੍ਰੋਜੈਕਟ 'ਚ ਐਮੀ ਵਿਰਕ ਤੇ ਅਸੀਸ ਕੌਰ ਵੀ ਸ਼ਾਮਿਲ
ਸਾਲ 2020 'ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਅਦਾਕਾਰਾ ਦਾ ਬੀਤੇ ਦਿਨ ਦੁਪਹਿਰ ਕਰੀਬ 3 ਵਜੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੇ ਪਤੀ, ਲੇਖਕ-ਅਦਾਕਾਰ ਸੰਜੇ ਸਿੰਘ ਭਾਦਲੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ।