1960 ਦੇ ਦਹਾਕੇ ਦੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੀ ਟੁਨਟੁਨ ਦਾ ਜਨਮ 11 ਜੁਲਾਈ 1923 ਨੂੰ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ । ਟੁਨਟੁਨ ਦਾ ਅਸਲੀ ਨਾਂਅ ਉਮਾ ਦੇਵੀ ਸੀ । ਭਾਵੇਂ ਉਹਨਾਂ ਦੀ ਅਦਾਕਾਰੀ ਬਾਕਮਾਲ ਸੀ ਪਰ ਉਹ ਗਾਇਕਾ ਬਣਨਾ ਚਾਹੁੰਦੀ ਸੀ । ਟੁਨਟੁਨ ਜਦੋਂ ਤਿੰਨ ਸਾਲ ਦੀ ਸੀ ਤਾਂ ਉਦੋਂ ਉਹਨਾਂ ਦੇ ਮਾਂ ਬਾਪ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਬਾਅਦ ਉਹਨਾਂ ਦੇ ਚਾਚੇ ਨੇ ਹੀ ਟੁਨਟੁਨ ਦਾ ਪਾਲਣ ਪੋਸ਼ਣ ਕੀਤਾ ਸੀ ।
ਟੁਨਟੁਨ ਨੇ 13 ਸਾਲਾਂ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । 13 ਸਾਲਾਂ ਦੀ ਉਮਰ ਵਿੱਚ ਟੁਨਟੁਨ ਘਰੋਂ ਭੱਜ ਕੇ ਮੁੰਬਈ ਆ ਗਈ ਸੀ । ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਣ ਤੇ ਸਫਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਗਾਇਕਾ ਬਣਨ ਲਈ ਸੰਗੀਤ ਨਿਰਦੇਸ਼ਕ ਨੌਸ਼ਾਦ ਅਲੀ ਨਾਲ ਮੁਲਾਕਾਤ ਕੀਤੀ ।
ਇਸ ਮੁਲਾਕਾਤ ਦੌਰਾਨ ਟੁਨਟੁਨ ਨੇ ਨੌਸ਼ਾਦ ਨੂੰ ਕਿਹਾ ਕਿ ਉਹ ਗਾ ਸਕਦੀ ਹੈ, ਤੇ ਉਹ ਉਸ ਕੋਲੋਂ ਕੰਮ ਮੰਗਣ ਆਈ ਹੈ, ਜੇਕਰ ਨੌਸ਼ਾਦ ਨੇ ਉਹਨਾਂ ਨੂੰ ਕੰਮ ਨਾ ਦਿੱਤਾ ਤਾਂ ਉਹ ਸਮੁੰਦਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗੀ । ਨੌਸ਼ਾਦ ਨੇ ਉਸੇ ਵੇਲੇ ਟੁਨਟੁਨ ਨੂੰ ਗਾਉਣ ਦਾ ਮੌਕਾ ਦੇ ਦਿੱਤਾ । ਨੌਸ਼ਾਦ ਨੇ ਟੁਨਟੁਨ ਤੋਂ ਦਰਦ ਫ਼ਿਲਮ ਲਈ 'ਅਫਸਾਨਾ ਲਿਖ ਰਹੀ ਹੂੰ' ਗਾਣਾ ਗਵਾਇਆ ।
ਦਿਲਚਸਪ ਗੱਲ ਇਹ ਹੈ ਕਿ ਇਸ ਗਾਣੇ ਨੂੰ ਸੁਣਕੇ ਫ਼ਿਲਮ ਦੀ ਹੀਰੋਇਨ ਸੁਰੈਯਾ ਨੇ ਕਿਹਾ ਕਿ ਇਹ ਗਾਣਾ ਉਹਨਾਂ ਤੇ ਫ਼ਿਲਮਾਇਆ ਜਾਵੇ ਜਦੋਂ ਕਿ ਸੁਰੈਯਾ ਖੁਦ ਬਹੁਤ ਵਧੀਆ ਗਾਇਕਾ ਸੀ । ਇਸ ਤੋਂ ਬਾਅਦ ਟੁਨਟੁਨ ਨੇ ਕਈ ਫ਼ਿਲਮਾਂ ਲਈ ਗਾਣੇ ਗਾਏ । ਨੌਸ਼ਾਦ ਨੇ ਟੁਨਟੁਨ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਨਸੀਹਤ ਦਿੱਤੀ ਸੀ ।
ਟੁਨਟੁਨ ਨੇ ਪਹਿਲੀ ਵਾਰ ਦਲੀਪ ਕੁਮਾਰ ਨਾਲ ਕੰਮ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੂੰ ਟੁਨਟੁਨ ਕਿਹਾ ਜਾਣ ਲੱਗਾ ਸੀ । ਟੁਨਟੁਨ ਨੇ ਲਗਭਗ 2੦੦ ਫ਼ਿਲਮਾਂ ਵਿੱਚ ਕੰਮ ਕੀਤਾ । ਬਾਜ਼, ਆਰ ਪਾਰ, ਮਿਸ ਕੋਕਾ ਕੋਲਾ, ਉੱਡਣ ਖਟੋਲਾ ਤੋਂ ਇਲਾਵਾ ਹੋਰ ਕਈ ਫ਼ਿਲਮਾਂ ਵਿੱਚ ਉਹਨਾਂ ਨੇ ਆਪਣੀ ਬਾਕਮਾਲ ਅਦਾਕਾਰੀ ਦਿਖਾਈ । ਉਹਨਾਂ ਨੇ 24 ਨਵੰਬਰ 2੦੦3 ਨੂੰ ਆਖਰੀ ਸਾਹ ਲਿਆ ਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ