Kargil Vijay Diwas 2023: ਦੇਸ਼ਵਾਸੀ ਕਰ ਰਹੇ ਬਹਾਦਰਾਂ ਦੀ ਸ਼ਹਾਦਤ ਨੂੰ ਸਲਾਮ, ਜਾਣੋ 1999 'ਚ ਭਾਰਤ ਨੇ ਕਿੰਝ ਜਿੱਤੀ ਸੀ ਇਹ ਜੰਗ

26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ਘੁਸਪੈਠੀਆਂ 'ਤੇ ਹਵਾਈ ਹਮਲੇ ਸ਼ੁਰੂ ਕਰਕੇ ਜਵਾਬੀ ਕਾਰਵਾਈ ਕੀਤੀ। 1 ਜੂਨ ਨੂੰ ਪਾਕਿਸਤਾਨੀ ਫੌਜ ਨੇ ਹਮਲਿਆਂ ਦੀ ਰਫਤਾਰ ਵਧਾ ਦਿੱਤੀ ਅਤੇ ਨੈਸ਼ਨਲ ਹਾਈਵੇਅ 1 ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਭਾਰਤੀ ਨਾਇਕਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ 9 ਜੂਨ ਤੱਕ ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ ਦੀਆਂ ਦੋ ਵੱਡੀਆਂ ਚੋਟੀਆਂ 'ਤੇ ਮੁੜ ਕਬਜ਼ਾ ਕਰ ਲਿਆ।

By  Pushp Raj July 26th 2023 12:02 PM -- Updated: July 26th 2023 12:07 PM

Kargil Vijay Diwas 2023:  26 ਜੁਲਾਈ ਯਾਨੀ ਕਾਰਗਿਲ ਵਿਜੇ ਦਿਵਸ, ਅੱਜ ਹਰ ਕੋਈ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ ਪੂਰੇ 24 ਸਾਲ ਹੋ ਗਏ ਹਨ। ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਹਰ ਕੋਈ ਅੱਜ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤਿਕ ਆਗੂਆਂ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ।


 ਕਾਰਗਿਲ ਦਿਵਸ 

ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ ਦੀ ਇਸ ਜਿੱਤ ਨੂੰ ‘ਆਪ੍ਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ।

ਭਾਰਤ ਨੇ ਕਿੰਝ ਜਿੱਤੀ ਇਹ ਜੰਗ 

 ਪਹਿਲਾਂ ਤੋਂ ਹੀ ਲੁੱਕੇ ਹੋਏ ਸਨ  ਘੁਸਪੈਠੀਏ 

3 ਮਈ 1999 ਨੂੰ ਇੱਕ ਸਥਾਨਕ ਆਜੜੀ ਆਪਣੇ ਨਵੇਂ ਯਾਕ ਦੀ ਭਾਲ ਵਿੱਚ ਕਾਰਗਿਲ ਦੇ ਪਹਾੜੀ ਖੇਤਰ ਵਿੱਚ ਘੁੰਮ ਰਿਹਾ ਸੀ ਜਦੋਂ ਉਸਨੇ ਉੱਥੇ ਕਈ ਭਾਰੀ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਸੈਨਿਕਾਂ ਨੂੰ ਦੇਖਿਆ। ਆਜੜੀ ਦਾ ਨਾਂ ਤਾਸ਼ੀ ਨਾਮਗਿਆਲ ਸੀ। ਤਾਸ਼ੀ ਨੇ ਫੌਜ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ 5 ਮਈ ਨੂੰ ਇਲਾਕੇ 'ਚ ਘੁਸਪੈਠ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤੀ ਫੌਜ ਦੇ ਜਵਾਨਾਂ ਨੂੰ ਉਥੇ ਭੇਜਿਆ ਗਿਆ। ਇਸ ਦੌਰਾਨ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ।

 'ਆਪਰੇਸ਼ਨ ਵਿਜੇ' ਦੀ ਸ਼ੁਰੂਆਤ

ਕੁਝ ਦਿਨਾਂ ਬਾਅਦ ਪਾਕਿਸਤਾਨੀ ਫੌਜੀ ਕਾਫੀ ਗਿਣਤੀ ਵਿਚ ਕਾਰਗਿਲ ਪਹੁੰਚ ਚੁੱਕੇ ਸਨ। 9 ਮਈ 1999 ਨੂੰ ਭਾਰਤੀ ਫੌਜ ਦੇ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੇ ਪਾਸਿਓਂ ਭਾਰੀ ਗੋਲਾਬਾਰੀ ਕੀਤੀ ਗਈ। 10 ਮਈ ਤੱਕ ਉਹ ਐਲ.ਓ.ਸੀ ਦੇ ਪਾਰ ਜੰਮੂ ਅਤੇ ਕਸ਼ਮੀਰ ਦੇ ਹੋਰ ਹਿੱਸਿਆਂ ਵਿੱਚ ਘੁਸਪੈਠ ਕਰ ਚੁੱਕੇ ਸਨ, ਜਿਸ ਵਿੱਚ ਦਰਾਸ ਅਤੇ ਕੱਸਰ ਸੈਕਟਰ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤੀ ਫੌਜ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਫੌਜ ਦੇ ਜਵਾਨਾਂ ਵੱਲੋਂ 'ਆਪ੍ਰੇਸ਼ਨ ਵਿਜੇ' ਸ਼ੁਰੂ ਕਰ ਦਿੱਤਾ ਗਿਆ। ਘੁਸਪੈਠੀਆਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕਸ਼ਮੀਰ ਘਾਟੀ ਤੋਂ ਕਾਰਗਿਲ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਫ਼ੌਜ ਭੇਜੀ ਗਈ।


 ਭਾਰਤੀ ਹਵਾਈ ਸੈਨਾ ਵੀ ਹੋਈ ਸ਼ਾਮਲ

26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ਘੁਸਪੈਠੀਆਂ 'ਤੇ ਹਵਾਈ ਹਮਲੇ ਸ਼ੁਰੂ ਕਰਕੇ ਜਵਾਬੀ ਕਾਰਵਾਈ ਕੀਤੀ। 1 ਜੂਨ ਨੂੰ ਪਾਕਿਸਤਾਨੀ ਫੌਜ ਨੇ ਹਮਲਿਆਂ ਦੀ ਰਫਤਾਰ ਵਧਾ ਦਿੱਤੀ ਅਤੇ ਨੈਸ਼ਨਲ ਹਾਈਵੇਅ 1 ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਭਾਰਤੀ ਨਾਇਕਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ 9 ਜੂਨ ਤੱਕ ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ ਦੀਆਂ ਦੋ ਵੱਡੀਆਂ ਚੋਟੀਆਂ 'ਤੇ ਮੁੜ ਕਬਜ਼ਾ ਕਰ ਲਿਆ।

 ਜਿੱਤ ਵੱਲ ਦਾ ਇਸ਼ਾਰਾ

ਇਸ ਤੋਂ ਇਲਾਵਾ 13 ਜੂਨ ਨੂੰ ਤੋਲੋਲਿੰਗ ਚੋਟੀ 'ਤੇ ਵੀ ਮੁੜ ਕਬਜ਼ਾ ਕਰ ਲਿਆ ਗਿਆ। ਭਾਰਤੀ ਫੌਜ ਨੇ 20 ਜੂਨ ਤੱਕ ਟਾਈਗਰ ਹਿੱਲ ਦੇ ਆਲੇ-ਦੁਆਲੇ ਦੇ ਠਿਕਾਣਿਆਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਫਿਰ 4 ਜੁਲਾਈ ਤੱਕ ਟਾਈਗਰ ਹਿੱਲ 'ਤੇ ਕਬਜ਼ਾ ਕਰ ਲਿਆ। 18 ਹਜ਼ਾਰ ਫੁੱਟ ਦੀ ਉਚਾਈ 'ਤੇ ਤਿਰੰਗਾ ਲਹਿਰਾਉਣ ਲਈ ਭਾਰਤੀ ਫੌਜ ਦੇ ਬਹਾਦਰਾਂ ਨੇ ਆਪਰੇਸ਼ਨ ਵਿਜੇ ਦਾ ਇਤਿਹਾਸ ਰਚਿਆ। ਕਾਰਗਿਲ ਦੀ ਲੜਾਈ ਬੇਹੱਦ ਖ਼ਤਰਨਾਕ ਸਾਬਤ ਹੋਈ। ਇਹ ਆਪਣੀ ਕਿਸਮ ਦੀ ਲੜਾਈ ਸੀ। ਭਾਰਤ ਨੇ ਲੰਬੇ ਸਮੇਂ ਬਾਅਦ ਅਜਿਹੇ ਔਖੇ ਹਾਲਾਤਾਂ ਵਿੱਚ ਲੜਾਈ ਲੜੀ ਸੀ।

 ਪਾਕਿਸਤਾਨ 'ਤੇ ਅੰਤਰਰਾਸ਼ਟਰੀ ਦਬਾਅ

ਕਾਰਗਿਲ ਦੀ ਲੜਾਈ 'ਚ ਕੈਪਟਨ ਵਿਕਰਮ ਬੱਤਰਾ ਦਾ ਡਾਇਲਾਗ 'ਦਿਲ ਮਾਂਗੇ ਮੋਰ' ਕਿਸ ਨੂੰ ਯਾਦ ਨਹੀਂ। ਸਾਲ 1971 ਤੋਂ ਬਾਅਦ ਇਹ ਪਹਿਲੀ ਲੜਾਈ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਭਾਰਤ ਨੇ ਹਮੇਸ਼ਾ ਦੀ ਤਰ੍ਹਾਂ ਪਾਕਿਸਤਾਨ ਨੂੰ ਹਰਾਇਆ ਸੀ। ਇਸ ਦੌਰਾਨ ਫਰਾਂਸ ਅਤੇ ਅਮਰੀਕਾ ਵਰਗੇ ਦੇਸ਼ਾਂ ਨੇ ਪਾਕਿਸਤਾਨ 'ਤੇ ਭਾਰਤ ਵਿਰੁੱਧ ਜੰਗ ਛੇੜਨ ਦਾ ਦੋਸ਼ ਲਗਾਇਆ। 5 ਜੂਨ ਨੂੰ ਭਾਰਤੀ ਪੱਖ ਤੋਂ ਦਸਤਾਵੇਜ਼ ਵੀ ਜਾਰੀ ਕੀਤੇ ਗਏ ਸਨ, ਜੋ ਇਸ ਹਮਲੇ 'ਚ ਪਾਕਿਸਤਾਨੀ ਫੌਜ ਦਾ ਹੱਥ ਹੋਣ ਦਾ ਖੁਲਾਸਾ ਕਰ ਰਹੇ ਸਨ।


 'ਆਪਰੇਸ਼ਨ ਵਿਜੇ' 26 ਜੁਲਾਈ ਨੂੰ ਪੂਰਾ ਹੋਇਆ

ਇੱਥੇ 14 ਜੁਲਾਈ ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਫ਼ੌਜ ਦੇ 'ਆਪ੍ਰੇਸ਼ਨ ਵਿਜੇ' ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਅਤੇ 26 ਜੁਲਾਈ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਘੁਸਪੈਠ ਕੀਤੀਆਂ ਸਾਰੀਆਂ ਚੋਟੀਆਂ 'ਤੇ ਮੁੜ ਕਬਜ਼ਾ ਕਰਕੇ ਭਾਰਤ ਨੇ ਜੰਗ ਜਿੱਤ ਲਈ ਸੀ। ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਸ਼ਿਮਲਾ ਸਮਝੌਤੇ 'ਤੇ ਦਸਤਖਤ ਕੀਤੇ ਸਨ। ਜਿਸ ਮਗਰੋਂ ਇਹ ਸਹਿਮਤੀ ਬਣੀ ਕਿ ਸਰਹੱਦ 'ਤੇ ਕੋਈ ਟਕਰਾਅ ਨਹੀਂ ਹੋਵੇਗਾ ਹਾਲਾਂਕਿ ਇਹ ਪਾਕਿਸਤਾਨ ਹੀ ਸੀ ਜਿਸ ਨੇ ਸਮਝੌਤਾ ਰੱਦ ਕਰਕੇ ਭਾਰਤ 'ਤੇ ਹਮਲਾ ਕੀਤਾ ਸੀ।

 ਹੋਰ ਪੜ੍ਹੋ: ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਸੁਰਿੰਦਰ ਸ਼ਿੰਦਾ ਦੇ ਦਿਹਾਂਤ 'ਤੇ ਜਤਾਇਆ ਸੋਗ, ਸਾਂਝੀ ਕੀਤੀ ਭਾਵੁਕ ਪੋਸਟ

 ਦੋ ਮਹੀਨਿਆਂ ਤੱਕ ਚਲੀ ਜੰਗ 'ਚ ਸ਼ਹੀਦ ਹੋਏ 500 ਤੋਂ ਵੱਧ ਫ਼ੌਜੀ

ਦੋ ਮਹੀਨਿਆਂ ਤੋਂ ਵੱਧ ਚੱਲੀ ਕਾਰਗਿਲ ਜੰਗ ਵਿੱਚ ਅੰਦਾਜ਼ਨ 527 ਭਾਰਤੀ ਸੈਨਿਕ ਮਾਰੇ ਗਏ ਸਨ, ਜਦੋਂ ਕਿ 1,300 ਤੋਂ ਵੱਧ ਜ਼ਖ਼ਮੀ ਹੋਏ ਸਨ। 14 ਜੁਲਾਈ ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਰੇਸ਼ਨ ਵਿਜੇ ਦੀ ਸਫ਼ਲਤਾ ਬਾਰੇ ਗੱਲ ਕੀਤੀ ਸੀ। 26 ਜੁਲਾਈ ਨੂੰ ਜੰਗ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ ਕਿਉਂਕਿ ਭਾਰਤ ਨੇ ਇਹ ਜੰਗ ਜਿੱਤ ਲਈ ਸੀ।


Related Post