TMKOC: ਜੈਨੀਫਰ ਮਿਸਤਰੀ ਨੇ 6 ਘੰਟੇ ਤੱਕ ਥਾਣੇ 'ਚ ਰਹਿ ਕੇ ਅਸਿਤ ਮੋਦੀ ਖਿਲਾਫ ਦਰਜ ਕਰਵਾਇਆ ਬਿਆਨ
ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੁਰਾਨੀ ਸਟਾਰ ਕਾਸਟ ਵਿੱਚੋਂ ਕਈਆਂ ਦੇ ਸ਼ੋਅ ਛੱਡ ਦੇਣ ਤੋਂ ਬਾਅਦ ਅਦਾਕਾਰਾ ਜੈਨੀਫਰ ਮਿਸਤਰੀ ਨੇ ਉਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਕੇ ਇਸੇ ਮਾਮਲੇ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਬਿਆਨ ਵੀ ਦਰਜ ਕਵਾਇਆ ਹੈ।

ਮਸ਼ਹੂਰ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਇਹ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਹੈ ਪਰ ਇਸ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ 'ਤੇ ਗੰਭੀਰ ਦੋਸ਼ ਲੱਗ ਰਹੇ ਹਨ। ਜਦੋਂ ਤੋਂ ਸ਼ੈਲੇਸ਼ ਲੋਢਾ ਨੇ ਸ਼ੋਅ ਨੂੰ ਅਲਵਿਦਾ ਕਿਹਾ ਹੈ, ਕਈ ਹੋਰ ਕਲਾਕਾਰਾਂ ਨੇ ਵੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ 'ਚੋਂ ਕਈ ਸਿਤਾਰਿਆਂ ਨੇ ਅਸਿਤ ਮੋਦੀ 'ਤੇ ਗੰਭੀਰ ਦੋਸ਼ ਲਗਾਏ ਹਨ। ਪਰ ਇਨ੍ਹੀਂ ਦਿਨੀਂ ਜੈਨੀਫਰ ਮਿਸਤਰੀ (Jennifer Mistry) ਚਰਚਾ 'ਚ ਹੈ। ਦਰਅਸਲ ਉਨ੍ਹਾਂ ਨੇ ਤਾਰਕ ਮਹਿਤਾ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ, ਪ੍ਰੋਜੈਕਟ ਹੈੱਡ ਸੋਹਿਲ ਰਮਾਨੀ ਅਤੇ ਜਤਿਨ ਬਜਾਜ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਹੁਣ ਤਾਜ਼ਾ ਜਾਣਕਾਰੀ ਮਿਲ ਰਹੀ ਹੈ ਕਿ ਜੈਨੀਫਰ ਮਿਸਤਰੀ ਨੇ ਤਿੰਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਜੈਨੀਫਰ ਦਾ ਕਹਿਣਾ ਹੈ ਕਿ ਉਹ ਆਪਣੇ ਹੋਮਟਾਊਨ ਤੋਂ ਮੁੰਬਈ ਆਈ ਹੈ। ਜੈਨੀਫਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਹਾਲ ਹੀ ਵਿੱਚ ਪਵਈ ਪੁਲਿਸ ਨੇ ਆਪਣਾ ਬਿਆਨ ਦਰਜ ਕਰਨ ਲਈ ਬੁਲਾਇਆ ਸੀ। ਅਦਾਕਾਰਾ ਨੇ ਕਿਹਾ, 'ਮੈਂ ਮੁੰਬਈ ਵਾਪਸ ਆ ਗਈ ਹਾਂ ਅਤੇ ਮੈਨੂੰ ਪਵਈ ਪੁਲਿਸ ਨੇ ਬੁਲਾਇਆ ਹੈ। ਮੈਂ ਕੱਲ੍ਹ ਪਵਈ ਥਾਣੇ ਗਈ ਅਤੇ ਆਪਣਾ ਬਿਆਨ ਦਰਜ ਕਰਵਾਇਆ। ਮੈਂ ਦੁਪਹਿਰ 12 ਵਜੇ ਦੇ ਕਰੀਬ ਉੱਥੇ ਪਹੁੰਚੀ ਅਤੇ ਸ਼ਾਮ 6 ਵਜੇ ਤੋਂ ਬਾਅਦ ਚਲੀ ਆਈ। ਮੈਂ ਉਨ੍ਹਾਂ ਨੂੰ ਆਪਣਾ ਪੂਰਾ ਬਿਆਨ ਦੇ ਦਿੱਤਾ ਹੈ। ਮੈਂ ਉਥੇ 6 ਘੰਟੇ ਰਹੀ, ਹੁਣ ਕਾਨੂੰਨ ਆਪਣਾ ਕੰਮ ਕਰੇਗਾ।'
ਤੁਹਾਨੂੰ ਦਸ ਦੇਈਏ ਕਿ ਜੈਨੀਫਰ ਵੱਲੋਂ ਅਸਿਤ ਮੋਦੀ, ਸੋਹਿਲ ਅਤੇ ਜਤਿਨ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ, ਪ੍ਰੋਡਕਸ਼ਨ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਅਭਿਨੇਤਰੀ ਜੈਨੀਫਰ ਉੱਤੇ ਇਹ ਦੋਸ਼ ਲਗਾਏ ਕਿ ਉਹ ਅਨੁਸ਼ਾਸਨਹੀਣ, ਅਪਮਾਨਜਨਕ ਅਤੇ ਸੈੱਟ 'ਤੇ ਲੋਕਾਂ ਨਾਲ ਨਿਯਮਤ ਤੌਰ 'ਤੇ ਦੁਰਵਿਵਹਾਰ ਕਰਦੀ ਸੀ।
ਦੂਜੇ ਪਾਸੇ ਕਈ ਲੋਕਾਂ ਨੇ ਜੈਨੀਫਰ ਦਾ ਸਮਰਥਨ ਕੀਤਾ ਹੈ। ਸ਼ੋਅ ਵਿੱਚ ਰੀਟਾ ਰਿਪੋਰਟਰ ਦੀ ਭੂਮਿਕਾ ਨਿਭਾਉਣ ਵਾਲੀ ਪ੍ਰਿਆ ਆਹੂਜਾ, ਬਾਵਰੀ ਉਰਫ਼ ਮੋਨਿਕਾ ਭਦੌਰੀਆ ਅਤੇ ਨਿਰਦੇਸ਼ਕ ਮਾਲਵ ਰਾਜਦਾ ਨੇ ਵੀ ਪ੍ਰੋਡਕਸ਼ਨ ਹਾਊਸ ਦੁਆਰਾ ਜੈਨੀਫ਼ਰ ਦੇ ਖਿਲਾਫ ਕੀਤੇ ਗਏ ਦਾਅਵਿਆਂ ਨੂੰ ਗਲਤ ਦੱਸਿਆ ਹੈ। ਦੱਸ ਦੇਈਏ ਕਿ ਜੈਨੀਫਰ ਪਿਛਲੇ 15 ਸਾਲਾਂ ਤੋਂ ਇਸ ਸ਼ੋਅ ਵਿੱਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਂਦੀ ਆ ਰਹੀ ਹੈ। ਪਰ ਜਦੋਂ ਤੋਂ ਅਭਿਨੇਤਰੀ ਦਾ ਮੇਕਰਸ ਨਾਲ ਝਗੜਾ ਹੋਇਆ ਹੈ, ਉਸਨੇ ਸ਼ੋਅ ਛੱਡ ਦਿੱਤਾ ਹੈ ਅਤੇ ਸੈੱਟ 'ਤੇ ਨਜ਼ਰ ਨਹੀਂ ਆਈ ਹੈ।