ਪੰਜਾਬੀ ਗਾਇਕ ਗੈਰੀ ਸੰਧੂ ਨੇ ਇੰਸਟਾਗ੍ਰਾਮ ਤੋਂ ਹਟਾਈਆਂ ਸਾਰੀਆਂ ਪੋਸਟਾਂ, ਬੇਬੇ-ਬਾਪੂ ਸਣੇ ਪੁੱਤਰ ਦੀ ਤਸਵੀਰ ਨੂੰ ਰੱਖਿਆ ਸੰਭਾਲ
ਮਿਸ ਪੂਜਾ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਵੀ ਆਪਣੇ ਅਧਿਕਾਰਿਤ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਗਾ ਰਹੇ ਨੇ ਕਿ ਸ਼ਾਇਦ ਗੈਰੀ ਸੰਧੂ ਵੀ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੇ ਹਨ।
Garry Sandhu on social Media Instagram: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਹਾਲ ਹੀ 'ਚ ਵਿੱਚ ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਜਿਸ ਕਾਰਨ ਫੈਨਜ਼ ਦੁਚਿੱਤੀ 'ਚ ਪੈ ਗਏ ਹਨ।
ਗੈਰੀ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹਨ ਜੋ ਨਾ ਸਿਰਫ਼ ਗੀਤ ਗਾਉਂਦੇ ਬਲਕਿ ਉਨ੍ਹਾਂ ਨੂੰ ਲਿਖਦੇ ਹੀ ਹਨ। ਪੰਜਾਬੀ ਸੰਗੀਤ ਜਗਤ ਦੇ ਕਈ ਗਾਇਕ ਗੈਰੀ ਸੰਧੂ ਦੇ ਲਿਖੇ ਗੀਤ ਗਾ ਚੁੱਕੇ ਹਨ। ਦੱਸ ਦੇਈਏ ਕਿ ਗੈਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਇਹ ਆ ਰਹੀ ਹੈ ਕਿ ਗੈਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਤੋਂ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਹਨ।
ਦਰਅਸਲ, ਗੈਰੀ ਸੰਧੂ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਿਰਫ਼ ਤਿੰਨ ਪੋਸਟਾਂ ਹੀ ਦਿਖਾਈ ਦੇ ਰਹੀਆਂ ਹਨ। ਜਿਸ ਵਿੱਚ ਪਹਿਲੀ ਉਨ੍ਹਾਂ ਦੇ ਪਿਤਾ ਜੀ ਨਾਲ, ਦੂਜੀ ਮਾਤਾ ਅਤੇ ਇੱਕ ਪੁੱਤਰ ਨਾਲ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਗਏ ਸੀ, ਜਿਸ ਵਿੱਚੋਂ ਸਿਰਫ਼ ਤਿੰਨ ਪੋਸਟਾਂ ਹੀ ਦਿਖਾਈ ਦੇ ਰਹੀਆਂ ਹਨ।
ਦੱਸਣਯੋਗ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੇ ਹਨ। ਗੁਰਨਾਮ ਭੁੱਲਰ, ਇਸਦੇ ਨਾਲ ਹੀ ਨਵਰਾਜ ਹੰਸ ਦੀ ਪਤਨੀ ਅਜੀਤ ਕੌਰ ਮਹਿੰਦੀ ਅਤੇ ਫਿਰ ਮਿਸ ਪੂਜਾ ਜੋ ਸੋਸ਼ਲ ਮੀਡੀਆ ਉੱਪਰ ਦਿਖਾਈ ਨਹੀਂ ਦੇ ਰਹੇ। ਫਿਲਹਾਲ ਗੈਰੀ ਸੰਧੂ ਵੱਲ਼ੋਂ ਆਪਣੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓ ਕਿਉਂ ਹਟਾਏ ਗਏ ਹਨ, ਇਸ ਬਾਰੇ ਅਜੇ ਤੱਕ ਗਾਇਕ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।