Cannes 2023: ਕਾਨਸ ਫ਼ਿਲਮ ਫ਼ੈਸਟੀਵਲ ਦੇ ਰੈੱਡ ਕਾਰਪਿਟ 'ਤੇ ਅੱਜ ਡੈਬਿਊ ਕਰੇਗੀ ਹਰਿਆਣਵੀ ਛੋਰੀ ਸਪਨਾ ਚੌਧਰੀ
16 ਮਈ ਤੋਂ ਸ਼ੁਰੂ ਹੋਏ ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਹੁਣ ਤੱਕ ਕਈ ਭਾਰਤੀ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ। ਅੱਜ ਭਾਰਤ ਦੀ ਪਹਿਲੀ ਖੇਤਰੀ ਲੋਕ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਵੀ ਕਾਨਸ ਫ਼ਿਲਮ ਫ਼ੈਸਟੀਵਲ ਦੇ ਰੈੱਡ ਕਾਰਪੇਟ ਉੱਤੇ ਆਪਣਾ ਡੈਬਿਊ ਕਰੇਗੀ। ਅਦਾਕਾਰਾ ਅੱਜ ਰੈੱਡ ਕਾਰਪੇਟ 'ਤੇ ਰੈਂਪ ਵਾਕ ਕਰੇਗੀ।

Sapna Choudhary in Cannes 2023: ਫਰਾਂਸ ਵਿੱਚ ਚੱਲ ਰਹੇ ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਬਾਲੀਵੁੱਡ ਸਿਤਾਰੇ ਲਗਾਤਾਰ ਸ਼ਿਰਕਤ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਫ਼ੈਸਟੀਵਲ 'ਚ ਡੈਬਿਊ ਕਰਨ ਵਾਲਿਆਂ ਦੀ ਸੂਚੀ ਵਿੱਚ ਸਾਰਾ ਅਲੀ ਖ਼ਾਨ, ਮਾਨੁਸ਼ੀ ਛਿੱਲਰ, ਈਸ਼ਾ ਗੁਪਤਾ ਦੇ ਨਾਲ ਇੱਕ ਹੋਰ ਨਾਂ ਸ਼ਾਮਿਲ ਹੋ ਗਿਆ ਹੈ। ਪ੍ਰਸਿੱਧ ਹਰਿਆਣਵੀ ਡਾਂਸਰ ਸਪਨਾ ਚੌਧਰੀ ਵੀ ਤੁਹਾਨੂੰ ਕਾਨਸ ਫ਼ਿਲਮ ਫ਼ੈਸਟੀਵਲ ਦੇ ਰੈੱਡ ਕਾਰਪੇਟ ਉੱਤੇ ਆਪਣੀ ਖ਼ੂਬਸੂਰਤੀ ਬਿਖੇਰਦੀ ਨਜ਼ਰ ਆਵੇਗੀ।
ਤੁਹਾਨੂੰ ਦਸ ਦੇਈਏ ਕਿ ਸਪਨਾ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲਣ ਵਾਲੀ ਭਾਰਤ ਦੀ ਪਹਿਲੀ ਖੇਤਰੀ ਲੋਕ ਗਾਇਕਾ ਤੇ ਡਾਂਸਰ ਹੈ। ਉਹ ਫਰਾਂਸ ਪਹੁੰਚ ਗਈ ਹੈ ਅਤੇ ਰਿਪੋਰਟਾਂ ਮੁਤਾਬਿਕ ਵੀਰਵਾਰ ਨੂੰ ਯਾਨੀ ਕਿ ਅੱਜ ਰੈੱਡ ਕਾਰਪੇਟ 'ਤੇ ਨਜ਼ਰ ਆਵੇਗੀ। ਇਸ ਸਾਲ ਕਈ ਭਾਰਤੀ ਸੈਲੀਬ੍ਰਿਟੀਜ਼ ਰੈੱਡ ਕਾਰਪੇਟ 'ਤੇ ਡੈਬਿਊ ਕਰ ਰਹੇ ਹਨ।
ਸਪਨਾ ਚੌਧਰੀ, ਜਿਸ ਨੇ ਆਪਣੇ ਮਨਮੋਹਕ ਡਾਂਸ ਪ੍ਰਦਰਸ਼ਨਾਂ ਨਾਲ ਲੱਖਾਂ ਲੋਕਾਂ ਦਾ ਮਨ ਮੋਹ ਲਿਆ ਹੈ, ਇਸ ਸਾਲ ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਆਪਣਾ ਡੈਬਿਊ ਕਰਨ ਲਈ ਤਿਆਰ ਹੈ। ਫ਼ੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਸਪਨਾ ਚੌਧਰੀ 18 ਮਈ ਨੂੰ ਰੈੱਡ ਕਾਰਪੇਟ ਦਿਖੇਗੀ।
ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਸਪਨਾ ਚੌਧਰੀ ਨੇ ਕਿਹਾ, "ਮੈਂ ਇਸ ਮੌਕੇ ਲਈ ਸੱਚਮੁੱਚ ਸ਼ੁਕਰਗੁਜ਼ਾਰ ਹਾਂ। ਕਾਨਸ ਫ਼ਿਲਮ ਫ਼ੈਸਟੀਵਲ ਦੇ ਰੈੱਡ ਕਾਰਪੇਟ 'ਤੇ ਚੱਲਣਾ ਮੇਰੇ ਲਈ ਬਹੁਤ ਉਤਸ਼ਾਹਪੂਰਨ ਹੋਣ ਵਾਲਾ ਹੈ। ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਇੱਕ ਅੰਤਰਰਾਸ਼ਟਰੀ ਪਲੇਟਫ਼ਾਰਮ 'ਤੇ ਆਪਣੇ ਸਭਿਆਚਾਰ ਅਤੇ ਜੜ੍ਹਾਂ ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਵਿਸ਼ਵਾਸ ਹੈ ਕਿ ਮੈਂ ਸਾਰਿਆਂ ਨੂੰ ਮਾਣ ਮਹਿਸੂਸ ਕਰਾਵਾਂਗੀ।"
ਸਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹਰਿਆਣਾ ਵਿੱਚ ਹਰਿਆਣਵੀ ਲੋਕ ਧੁਨਾਂ ਦੇ ਵਾਇਰਲ ਪੇਸ਼ਕਾਰੀਆਂ ਨਾਲ ਲੋਕਾਂ ਦਾ ਧਿਆਨ ਖਿੱਚਿਆ। ਸਪਨਾ ਦੀਆਂ ਡਾਂਸ ਵੀਡੀਓਜ਼ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਾਂ ਉਹ ਹਰਿਆਣਾ ਦੀ ਇਕਲੌਤੀ ਸੋਸ਼ਲ ਮੀਡੀਆ ਸਟਾਰ ਬਣ ਗਈ ਸੀ। 2016-17 ਵਿੱਚ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦੇ 11ਵੇਂ ਸੀਜ਼ਨ ਵਿੱਚ ਦਿਖਾਈ ਦੇਣ ਤੋਂ ਬਾਅਦ ਸਪਨਾ ਚੌਧਰੀ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਈ। ਅੱਜ ਸਪਨਾ ਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ।
ਹੋਰ ਪੜ੍ਹੋ: Shehnaaz Gill: ਸਮੁੰਦਰ ਤੇ ਵਾਦੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ 'ਪੰਜਾਬ ਦੀ ਕੈਟਰੀਨਾ ਕੈਫ', ਵੇਖੋ ਤਸਵੀਰਾਂ
ਸਪਨਾ ਚੌਧਰੀ ਤੋਂ ਇਲਾਵਾ, ਐਸ਼ਵਰਿਆ ਰਾਏ ਬੱਚਨ, ਅਨੁਸ਼ਕਾ ਸ਼ਰਮਾ, ਅਦਿਤੀ ਰਾਓ ਹੈਦਰੀ, ਵਿਜੇ ਵਰਮਾ, ਸਾਰਾ ਅਲੀ ਖ਼ਾਨ, ਤਮੰਨਾ ਭਾਟੀਆ ਅਤੇ ਮਾਨੁਸ਼ੀ ਛਿੱਲਰ ਵਰਗੀਆਂ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਵੀ ਮਸ਼ਹੂਰ ਫ਼ਿਲਮ ਫ਼ੈਸਟੀਵਲ ਵਿੱਚ ਸ਼ਿਰਕਤ ਕੀਤੀ ਹੈ। ਇਸ ਸਾਲ ਦਾ ਕਾਨਸ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 16 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 27 ਮਈ ਤੱਕ ਚੱਲੇਗਾ। ਤੁਹਾਨੂੰ ਦਸ ਦੇਈਏ ਕਿ ਕਾਨਸ ਫ਼ਿਲਮ ਫ਼ੈਸਟੀਵਲ ਵਿੱਚ ਦੁਨੀਆ ਭਰ ਦੀਆਂ ਫ਼ਿਲਮੀ ਹਸਤੀਆਂ ਸ਼ਾਮਲ ਹੁੰਦੀਆਂ ਹਨ ਤੇ ਫ਼ਿਲਮ ਪ੍ਰਦਰਸ਼ਿਤ ਹੋਣਾ ਵੀ ਮਾਣ ਵਾਲੀ ਗੱਲ ਹੁੰਦੀ ਹੈ।