ਬਚਪਨ ਵਿੱਚ ਕਿਸ-ਕਿਸ ਨੇ ਖੇਡੀ ਹੈ ਪੰਜਾਬ ਦੀ ਇਹ ਲੋਕ ਖੇਡ, ਜੇਕਰ ਖੇਡੀ ਹੈ ਤਾਂ ਦੱਸੋ ਇਸ ਦਾ ਨਾਂਅ …!

By  Rupinder Kaler May 11th 2020 05:27 PM

ਮੋਬਾਈਲ ਫੋਨ ਨੇ ਜਿੱਥੇ ਸਾਡੀਆਂ ਦੂਰੀਆਂ ਘਟਾ ਦਿੱਤੀਆਂ ਹਨ ਉੱਥੇ ਇਸ ਮੋਬਾਈਲ ਫੋਨ ਨੇ ਸਾਡਾ ਸਮਾਜਿਕ ਦਾਇਰਾ ਵੀ ਘਟਾ ਦਿੱਤਾ ਹੈ । ਇੱਕ ਸਮਾਂ ਸੀ ਜਦੋਂ ਸਾਰਾ ਪਰਿਵਾਰ ਇੱਕ ਥਾਂ ਤੇ ਬੈਠ ਕੇ ਰੋਟੀ ਖਾਂਦਾ ਸੀ ਤੇ ਆਪਸ ਵਿੱਚ ਗੱਲਾ ਸਾਂਝੀਆਂ ਕਰਦੇ ਸਨ । ਪਰ ਅੱਜ ਹਰ ਇੱਕ ਕੋਲ ਆਪਣਾ ਮੋਬਾਈਲ ਫੋਨ ਹੈ, ਹਰ ਕੋਈ ਇਸ ਤੇ ਹੀ ਰੁੱਝਿਆ ਦਿਖਾਈ ਦਿੰਦਾ ਹੈ । ਏਨਾਂ ਹੀ ਨਹੀਂ ਬੱਚਿਆਂ ਦੀਆਂ ਲੋਕ ਖੇਡਾਂ ਕਿਤੇ ਗਾਇਬ ਹੋ ਗਈਆਂ ਹਨ ਕਿਉਂਕਿ ਅੱਜ ਦੇ ਦੌਰ ਦੇ ਬੱਚੇ ਗਲੀ ਮੁਹੱਲਿਆਂ ਜਾਂ ਖੇਡ ਮੈਦਾਨ ਵਿੱਚ ਨਹੀਂ ਖੇਡਦੇ ਬਲਕਿ ਮੋਬਾਈਲ ’ਤੇ ਖੇਡਦੇ ਹਨ । ਇਸ ਵਜ੍ਹਾ ਕਰਕੇ ਜਿੱਥੇ ਬੱਚਿਆਂ ਦਾ ਸਰੀਰਕ ਵਿਕਾਸ ਨਹੀਂ ਹੁੰਦਾ ਉੱਥੇ ਲੋਕ ਖੇਡਾਂ ਵੀ ਕਿਤੇ ਅਲੋਪ ਹੁੰਦੀਆਂ ਜਾ ਰਹੀਆਂ ਹਨ ।

 

ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਲੋਕ ਖੇਡ ਤੋਂ ਜਾਣੂ ਕਰਵਾਂਗੇ ਜਿਹੜੀ ਤੁਸੀਂ ਆਪਣੇ ਬਚਪਨ ਵਿੱਚ ਜ਼ਰੂਰ ਖੇਡੀ ਹੋਵੇਗੀ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ‘ਪਿੱਠੂ’ ਦੀ । ਇਸ ਨੂੰ ਪਿੱਠੂ ਗਰਮ ਜਾਂ ਫਿਰ ਪਿੱਠੂ ਗੋਰੀਏ ਵੀ ਆਖ ਦਿੰਦਾ ਹੈ। ਇੱਕ ਸਮਾਂ ਸੀ ਜਦੋਂ ਬੱਚੇ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੇ ਹਨ। ਇਸ ਖੇਡ ‘ਚ ਇਕ ਗੇਂਦ ਤੇ ਪੰਜ-ਛੇ ਨਿੱਕੀਆਂ–ਨਿੱਕੀਆਂ ਡਿਕਰੀਆਂ ਦੀ ਲੋੜ ਪੈਂਦੀ ਹੈ। ਇਨ੍ਹਾਂ ਡਿਕਰੀਆਂ ਨੂੰ ਇਕ ਦੂਜੀ ਦੇ ਉੱਤੇ ਚਿਣ ਕੇ ਇਕ ਨਿੱਕੀ ਜਿਹੀ ਮੀਨਾਰ ਬਣਾਉਣੀ ਹੁੰਦੀ ਹੈ ਅਤੇ ਗੇਂਦ ਨਾਲ ਨਿਸ਼ਾਨਾ ਲਗਾ ਕੇ ਇਸ ਮੀਨਾਰ ਨੂੰ ਡੇਗਣਾ ਹੁੰਦਾ ਹੈ ਅਤੇ ਮੁੜ ਬਣਾਉਂਣਾ ਹੁੰਦਾ ਹੈ।

ਇਸ ਖੇਡ ਨੂੰ ਬੱਚੇ ਗਰੁੱਪ ਬਣਾ ਕੇ ਖੇਡਦੇ ਹਨ। ਗਰੁੱਪ ‘ਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਜਿੰਨੇ ਬੱਚੇ ਖੇਡਣ ਲਈ ਇਕੱਠੇ ਹੋਏ ਸਭ ਇਸ ਖੇਡ ਦੇ ਖਿਡਾਰੀ ਬਣ ਜਾਂਦੇ ਹਨ। ਖੇਡਣ ਤੋਂ ਪਹਿਲਾਂ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਥੋੜੀ ਜਿਹੀ ਖੁੱਲੀ ਥਾਂ ਹੋਵੇ ਤਾਂ ਜ਼ਿਆਦਾ ਵਧੀਆ ਹੁੰਦਾ ਹੈ। ਗਰਾਉਂਡ ਦੇ ਵਿਚਾਲੇ ਡਿਕਰੀਆਂ ਦੀ ਨਿੱਕੀ ਜਿਹੀ ਮੀਨਾਰ ਖੜੀ ਕਰ ਲਈ ਜਾਂਦੀ ਹੈ।

ਫਿਰ ਸ਼ੁਰੂ ਹੁੰਦਾ ਹੈ ਖੇਡ। ਵਾਰੀ ਲੈਣ ਵਾਲੇ ਗਰੁੱਪ ‘ਚੋ ਇਕ ਖਿਡਾਰੀ ਗੇਂਦ ਨਾਲ ਡਿਕਰੀਆਂ ਦੀ ਬਣੀ ਮੀਨਾਰ ਨੂੰ ਖਿੱਚੀ ਲਕੀਰ ਤੋਂ ਨਿਸ਼ਾਨਾ ਬਣਾਉਂਦਾ ਹੈ ਅਤੇ ਦੂਜੇ ਪਾਰੇ ਖੜੇ ਦੂਜੇ ਗਰੁੱਪ ਦੇ ਖਿਡਾਰੀ ਗੇਂਦ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਦੇ ਹਨ ਗੇਂਦ ਦੇ ਟੱਪਾ ਖਾਣ ਤੋਂ ਪਹਿਲਾਂ। ਜੇਕਰ ਗੇਂਦ ਪਿੱਠੂ ਤੇ ਨਾ ਲੱਗੇ ਤੇ ਦੂਜੇ ਪਾਸੇ ਦਾ ਖਿਡਾਰੀ ਕੈਚ ਕਰ ਲਵੇ ਤਾਂ ਵਾਰੀ ਲੈਣ ਵਾਲੇ ਖਿਡਾਰੀ ਦੀ ਵਾਰੀ ਖਤਮ। ਫਿਰ ਉਸੇ ਗਰੁੱਪ ਦਾ ਦੂਜਾ ਖਿਡਾਰੀ ਵਾਰੀ ਲੈਂਦਾ ਹੈ। ਇਸ ਤਰ੍ਹਾਂ ਜੇਕਰ ਗੇਂਦ ਪਿੱਠੂ ਤੇ ਲੱਗ ਕੇ ਡਿਕਰੀਆਂ ਡਿੱਗ ਪੈਣ ਤਾਂ ਫਿਰ ਉਹੀ ਖਿਡਾਰੀ ਉਸਨੂੰ ਦੁਬਾਰਾ ਬਣਾਉਂਦਾ ਹੈ ਤੇ ਉੱਚੀ ਜਿਹੀ ਕਹਿੰਦਾ ਹੈ “ਪਿੱਠੂ ਗਰਮ”।

ਪਿੱਠੂ ਬਣਾਉਣ ਵਾਲੇ ਖਿਡਾਰੀ ਗੇਂਦ ਤੋਂ ਬੱਚਦੇ ਬਚਾਉਂਦੇ ਇਕ ਦੂਜੀ ਤੇ ਡਿਕਰੀਆਂ ਚਿਨ ਕੇ ਪਿੱਠੂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਦੂਜੇ ਗਰੁੱਪ ਦੇ ਖਿਡਾਰੀ ਉਨ੍ਹਾਂ ਦੀ ਪਿੱਠ ਤੇ ਗੇਂਦ ਮਾਰ ਕੇ ਉਨ੍ਹਾਂ ਨੂੰ ਪਿੱਠੂ ਬਣਾਉਣ ਤੋਂ ਰੋਕਦੇ ਹਨ। ਜਦੋਂ ਪਿੱਠੂ ਬਣ ਜਾਂਦਾ ਹੈ ਤਾ ਪਿੱਠੂ ਬਨਾਉਣ ਵਾਲਾ ਉੱਚੀ ਆਵਾਜ਼ ‘ਚ ਕਹਿੰਦਾ ਹੈ ਪਿੱਠੂ ਗਰਮ। ਸਾਰੇ ਖਿਡਾਰੀ ਫਿਰ ਆਪੋ ਆਪਣੀ ਥਾਂ ਤੇ ਆ ਜਾਂਦੇ ਹਨ ਤੇ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ।

Related Post