ਗੀਤਾਂ 'ਚ 'ਸੁੱਚੇ ਸੁਰਮੇ' ਦੀ ਬਹਾਦਰੀ ਦਾ ਹੁੰਦਾ ਰਿਹਾ ਹੈ ਜਿਕਰ, ਕੌਣ ਸੀ ਸੁੱਚਾ ਸੁਰਮਾ, ਜਾਣੋਂ ਪੂਰੀ ਕਹਾਣੀ 

By  Rupinder Kaler March 22nd 2019 11:41 AM -- Updated: March 22nd 2019 11:55 AM

ਸੁੱਚਾ ਸੂਰਮਾ ਉਹ ਲੋਕ ਨਾਇਕ ਜਿਸ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਲੋਕ ਆਪਣੇ ਬੱਚਿਆਂ ਨੂੰ ਸੁਣਾਉਂਦੇ ਹਨ । ਜਿਸ ਦੀ ਬਹਾਦਰੀ ਦਾ ਜ਼ਿਕਰ ਪੰਜਾਬ ਦੇ ਲੋਕ ਗੀਤਾਂ ਵਿੱਚ ਹੁੰਦਾ ਹੈ । ਜੀ ਹਾਂ ਉਹੀ ਸੁੱਚਾ ਸੂਰਮਾ ਜਿਸ ਦੀ ਬਹਾਦਰੀ ਦਾ ਗੁਣਗਾਣ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਆਪਣੇ ਗੀਤਾਂ ਵਿੱਚ ਕੀਤਾ ਹੈ । ਗੀਤਾਂ ਦੇ ਇਸ ਲੋਕ ਨਾਇਕ ਦਾ ਜਨਮ 1875 ਵਿੱਚ ਮਾਨਸਾ ਦੇ ਪਿੰਡ ਸਮਾਉਂ ਦੀ ਮੁਪਾਲ ਪੱਤੀ ਦੇ ਰਹਿਣ ਵਾਲੇ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਸੀ। ਉਸ ਸਮੇਂ ਇਹ ਪਿੰਡ ਪਟਿਆਲਾ ਰਿਆਸਤ ਵਿੱਚ ਪੈਂਦਾ ਸੀ ।

https://www.youtube.com/watch?v=4RlUcA8gNu8

ਸੁੱਚੇ ਦਾ ਇੱਕ ਭਰਾ ਨਰਾਇਣ ਸਿੰਘ ਉਰਫ ਨਰੈਣਾ ਸੀ । ਸੁੱਚੇ ਦੀ ਬਚਪਨ ਤੋਂ ਹੀ ਸਮਾਉਂ ਪਿੰਡ ਦੀ ਹੀ ਹੈਵਤੀਆ ਪੱਤੀ ਦੇ ਨੰਬਰਦਾਰਾਂ ਦੇ ਮੁੰਡੇ ਘੁੱਕਰ ਸਿੰਘ ਚਹਿਲ ਉਰਫ ਘੁੱਕਰ ਮੱਲ ਨਾਲ ਯਾਰੀ ਸੀ। ਨਰੈਣਾ ਪਿੰਡ ਰੋੜੀ ਦੀ ਰਹਿਣ ਵਾਲੀ ਬਲਬੀਰ ਕੌਰ ਉਰਫ ਬੀਰੋ ਨਾਲ ਵਿਆਹਿਆ ਹੋਇਆ ਸੀ । ਬੀਰੋ ਬਹੁਤ ਖੂਬਸੂਰਤ ਸੀ ਪਰ ਮਾੜੇ ਚਰਿੱਤਰ ਦੀ ਸੀ । ਸੁੱਚੇ ਕਾਰਨ ਘੁੱਕਰ ਦਾ ਉਹਨਾਂ ਦੇ ਘਰ ਆਉਣ ਜਾਣ ਸੀ, ਜਿਸ ਕਰਕੇ ਉਸ ਦਾ ਬੀਰੋ ਨਾਲ ਯਾਰਾਨਾ ਪੈ ਗਿਆ।

https://www.youtube.com/watch?v=Ox4ryf3tTMo

ਪਰ ਘੁੱਕਰ ਮੱਲ ਤੇ ਬੀਰੋ ਵਿਚਕਾਰ ਸੁੱਚਾ ਵੱਡਾ ਰੋੜਾ ਸਾਬਿਤ ਹੋ ਰਿਹਾ ਸੀ । ਘੁੱਕਰ ਨੇ ਸੁੱਚੇ ਨੂੰ ਆਪਣੇ ਰਸਤੇ 'ਚੋਂ ਹਟਾਉਣ ਲਈ ਉਸ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ। ਘੁੱਕਰ ਪਿੰਡ ਆ ਕੇ ਬੀਰੋ ਨੂੰ ਸ਼ਰੇਆਮ ਮਿਲਣ ਲੱਗ ਪਿਆ। ਪਿੰਡ ਸਮਾਉਂ ਦੇ ਬਜੁਰਗਾਂ ਦੀ ਮੰਨੀਏ ਤਾਂ ਘੁੱਕਰ ਵੀ ਵਿਆਹਿਆ ਹੋਇਆ ਸੀ ਤੇ ਬਾਲ ਬੱਚੇ ਵਾਲਾ ਸੀ। ਬੀਰੋ ਤੇ ਘੁੱਕਰ ਵਿੱਚ ਮੇਲ ਮਿਲਾਪ ਕਰਾਉਣ ਦਾ ਕੰਮ ਗੰਢੂ ਗੋਤ ਦਾ ਭਾਗ ਸਿੰਘ ਕਰਦਾ ਸੀ। ਬੀਰੋ ਨਰੈਣੇ ਦੇ ਹੱਥੋਂ ਨਿਕਲ ਚੁੱਕੀ ਸੀ । ਇਸ ਸਭ ਦੇ ਚਲਦੇ ਨਰੈਣਾ ਆਪ ਤਾਂ ਬੀਰੋ ਨੂੰ ਰੋਕ ਨਾ ਸਕਿਆ ਕਿਉਂਕਿ ਉਹ ਖੁਦ ਨਿਕੰਮਾ ਤੇ ਡਰਪੋਕ ਬੰਦਾ ਸੀ।

Sucha Soorma Sucha Soorma

ਬੀਰੋ ਨੂੰ ਗਲਤ ਰਸਤੇ ਤੇ ਚੱਲਣ ਤੋਂ ਰੋਕਣ ਲਈ ਨਰੈਣੇ ਨੇ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ। ਸੁੱਚਾ ਫੌਜ ਵਿੱਚੋਂ ਨਾਂ ਕਟਵਾ ਕੇ ਘਰ ਆਉਣਾ ਚਾਹੁੰਦਾ ਸੀ ਪਰ ਫੌਜ ਦੇ ਵੱਡੇ ਅਫ਼ਸਰ ਉਸ ਨੂੰ ਛੁੱਟੀ ਨਹੀਂ ਸਨ ਦੇ ਰਹੇ । ਪਰ ਇਸ ਸਭ ਦੇ ਚਲਦੇ ਫੌਜ ਦੇ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਉਸ ਦੇ ਬੱਚੇ ਅੰਦਰ ਫਸ ਗਏ। ਸੁੱਚਾ ਆਪਣੀ ਜਾਨ ਤੇ ਖੇਡ ਕੇ ਬੱਚਿਆਂ ਨੂੰ ਬਚਾ ਕੇ ਬਾਹਰ ਲੈ ਆਇਆ। ਜਿਸ ਤੋਂ ਖੁਸ਼ ਹੋ ਕੇ ਅੰਗਰੇਜ਼ ਨੇ  ਸੁੱਚੇ ਨੇ ਬਾਰਾਂ ਬੋਰ ਦੀ ਬੰਦੂਕ ਤੇ ਫੌਜ ਵਿੱਚੋਂ ਡਿਸਚਾਰਜ ਦੇ ਦਿੱਤਾ ।

Sucha Soorma Sucha Soorma

ਪਿੰਡ ਪਹੁੰਚ ਕੇ ਸੁੱਚੇ ਨੇ ਸਭ ਤੋਂ ਪਹਿਲਾ ਘੁੱਕਰ ਦਾ ਕਤਲ ਕੀਤਾ । ਜਿਸ ਸਮੇਂ ਘੁੱਕਰ ਆਪਣੇ ਪਿੰਡ ਦੀ ਸੱਥ ਵਿੱਚ ਬੈਠਾ ਸੀ ਤਾਂ ਸੁੱਚੇ ਨੇ ਕਿਸੇ ਘਰ ਦੀ ਛੱਤ ਤੋਂ  ਘਾਤ ਲਾ ਘੁੱਕਰ ਦੇ ਗੋਲੀ ਮਾਰ ਦਿੱਤੀ ਤੇ ਘੁੱਕਰ ਥਾਂ ਹੀ ਮਰ ਗਿਆ । ਘੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਵਿੱਚ ਹੀ ਟੱਕਰ ਗਈ।ਸੁੱਚੇ ਨੇ ਬੀਰੋ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ । ਜਦੋਂ ਸੁੱਚਾ ਪਿੰਡ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਸੁੱਚੇ ਨੂੰ ਭਾਗ ਵਿਚੋਲਾ ਵੀ ਟੱਕਰ ਗਿਆ। ਸੁੱਚੇ ਨੇ ਭਾਗ ਦੇ ਗੋਲੀ ਮਾਰੀ ਜਿਹੜੀ ਕਿ ਉਸ ਦੇ ਗਿੱਟੇ ਤੇ ਲੱਗੀ ਸੀ । ਭਾਗ ਜ਼ਮੀਨ ਤੇ ਢਿੱਗਦੇ ਸਾਰ ਹੀ ਲਾਸ਼ ਬਣ ਗਿਆ । ਸੁੱਚਾ ਉਸ ਨੂੰ ਮਰਿਆ ਸਮਝ ਕੇ ਜਿਉਂਦਾ ਹੀ ਛੱਡ ਗਿਆ । ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਦੁਬਾਰਾ ਹਮਲਾ ਕੀਤਾ ਤੇ ਪਰ ਇਸ ਹਮਲੇ ਵਿੱਚ ਵੀ ਭਾਗ ਬੱਚ ਗਿਆ ।

Sucha Soorma Sucha Soorma

ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ। ਬੀਗੜ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੁੱਡਵਾਈਆਂ ਸਨ। ਇਸ ਘਟਨਾ ਤੋਂ ਬਾਅਦ ਸੁੱਚੇ ਦੇ ਨਾਂ ਨਾਲ ਸੂਰਮਾ ਸ਼ਬਦ ਲੱਗ ਗਿਆ । ਬੁੱਚੜਾਂ ਦੇ ਕਤਲ ਤੋਂ ਬਾਅਦ ਸੁੱਚਾ ਪੁਲਿਸ ਦੇ ਹੱਥੇ ਚੜ ਗਿਆ ਤੇ ਜੱਜ ਨੇ ਸਜ਼ਾ ਸੁਣਾ ਕੇ  ਉਸ ਨੂੰ ਪਟਿਆਲਾ ਸਟੇਟ ਦੀ ਜੇਲ੍ਹ ਭੇਜ ਦਿੱਤਾ ਗਿਆ।ਲੋਕ ਮਿੱਥਾਂ ਮੁਤਾਬਿਕ ਜਿਸ ਜੱਜ ਨੇ ਸੁੱਚੇ ਨੂੰ ਸਜ਼ਾ ਸੁਣਾਈ ਸੀ ਉਸ ਨੂੰ ਸੁੱਚੇ ਨੂੰ ਸਜ਼ਾ ਸੁਣਾਉਨ ਕਰਕੇ ਪਛਤਾਵਾ ਹੋਣ ਲੱਗ ਗਿਆ ਸੀ ਕਿਉਂਕਿ ਸੁੱਚੇ ਨੇ ਗਊ ਗਰੀਬ ਦੀ ਰੱਖਿਆ ਕੀਤੀ ਸੀ । ਇਸ ਕਰਕੇ  ਸੁੱਚੇ ਨੂੰ ਬਰੀ ਕਰ ਦਿੱਤਾ ਗਿਆ।ਬਰੀ ਹੋ ਕੇ ਸੁੱਚਾ ਪਿੰਡ ਸਮਾਉਂ ਆ ਗਿਆ ਤੇ ਸ਼ਾਂਤੀ ਨਾਲ ਵੱਸਣ ਲੱਗਾ।

Sucha Soorma Sucha Soorma

ਸੁੱਚੇ ਦੇ ਨਾਨਕੇ ਪਿੰਡ ਗਹਿਰੀ ਭਾਗੀ ਦੇ ਰਹਿਣ ਵਾਲੇ ਉਸ ਦੇ ਭਤੀਜੇ ਸੰਤ ਸਿੰਘ ਨੇ ਉਸ ਨੂੰ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ। ਸੁੱਚੇ ਨੇ ਵਾਰੀ ਵਾਰੀ ਗੋਲੀਆਂ ਮਾਰ ਕੇ ਗੱਜਣ ਤੇ ਰਾਜ ਕੌਰ ਨੂੰ ਮਾਰ ਮੁਕਾਇਆ। ਇਹਨਾਂ ਕਤਲਾਂ ਤੋਂ ਬਾਅਦ ਪੁਲਿਸ ਨੇ ਸੁੱਚੇ ਨੂੰ ਗ੍ਰਿਫਤਾਰ ਕਰ ਲਿਆ । ਸੁੱਚੇ ਨੂੰ ਪਿੰਡ ਗਹਿਰੀ ਭਾਗੀ ਹੀ ਗੱਡਾ ਖੜਾ ਕਰ ਕੇ ਜੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ। ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਦੇ ਲਾਗੇ ਤੇ ਭਾਗ ਵਿਚੋਲਾ ਕਰੀਬ 90ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ ਸੀ। ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵੱਸਦੀ ਹੈ। ਘੁੱਕਰ ਦਾ ਮੁੰਡਾ ਇੰਦਰ ਸਿੰਘ ਪਿਉ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ।

Related Post