ਇਸ ਅਸਥਾਨ 'ਤੇ ਅੱਠਵੇਂ ਪਾਤਸ਼ਾਹ ਨੇ ਪੰਡਤ ਦੇ ਹੰਕਾਰ ਨੂੰ ਇਸ ਤਰ੍ਹਾਂ ਤੋੜਿਆ ਸੀ,ਕਰਵਾਏ ਸਨ ਇੱਕ ਗੂੰਗੇ ਤੋਂ ਗੀਤਾ ਦੇ ਅਰਥ

ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ਦੇ ਇਸ ਐਪੀਸੋਡ 'ਚ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਪੰਜੋਖਰਾ ਸਾਹਿਬ ਦੇ । ਪੰਜੋਖਰਾ ਸਾਹਿਬ ਗੁਰਦੁਆਰਾ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਸਥਿਤ ਹੈ ।ਇਸ ਅਸਥਾਨ ਨੂੰ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ।ਗੁਰੂ-ਘਰ ਦੇ ਪ੍ਰੀਤਵਾਨ, ਦਿੱਲੀ ਨਿਵਾਸੀ ਰਾਜਾ ਜੈ ਸਿੰਘ ਦੀ ਬੇਨਤੀ 'ਤੇ ਕੀਰਤਪੁਰ ਤੋਂ ਦਿੱਲੀ ਜਾਣ ਸਮੇਂ ਗੁਰੂ ਜੀ ਨੇ ਸਿੱਖ ਸੰਗਤਾਂ ਸਮੇਤ ਇਸ ਅਸਥਾਨ 'ਤੇ ਕੁਝ ਦਿਨ ਨਿਵਾਸ ਕੀਤਾ।
ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ
ਪੰਜੋਖਰੇ ਪਿੰਡ ਦੇ ਪੰਡਤ ਕ੍ਰਿਸ਼ਨ ਲਾਲ ਨੂੰ ਗੁਰੂ ਜੀ ਦੀ ਛੋਟੀ ਉਮਰ ਤੇ ਅਧਿਆਤਮਕ ਉਚਤਾ 'ਤੇ ਸ਼ੱਕ ਹੋਇਆ। ਜਾਤੀ ਅਭਿਮਾਨ ਤੇ ਵਿਦਿਆ ਦੇ ਹੰਕਾਰ ਵਿਚ ਗੜੁੱਚ ਪੰਡਤ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਨਾਮ ਤਾਂ ਤੁਹਾਡਾ 'ਭਗਵਾਨ ਕ੍ਰਿਸ਼ਨ' ਵਾਂਗ 'ਹਰਿ ਕ੍ਰਿਸ਼ਨ' ਹੈ, ਕੀ ਤੁਸੀਂ ਭਗਵਾਨ ਕ੍ਰਿਸ਼ਨ ਦੀ 'ਗੀਤਾ' ਬਾਰੇ ਕੁਝ ਜਾਣਦੇ ਹੋ? ਪੰਡਤ ਦੇ ਹੰਕਾਰ ਨੂੰ ਨਵਿਰਤ ਕਰਨ ਲਈ ਗੁਰੂ ਜੀ ਨੇ 'ਛੱਜੂ' ਨਾਮ ਦੇ ਸਧਾਰਨ ਮਨੁੱਖ ਨੂੰ ਗੀਤਾ ਸਬੰਧੀ ਵਿਖਿਆਨ ਦੇਣ ਦਾ ਆਦੇਸ਼ ਕੀਤਾ। ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ 'ਛੱਜੂ' ਨੇ ਗੀਤਾ ਦਾ ਤੱਤ-ਸਾਰ ਚੰਦ ਸ਼ਬਦਾਂ ਵਿਚ ਬਿਆਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਸਭ ਦੇਖ ਪੰਡਤ ਦੇ ਹੰਕਾਰ ਰੂਪੀ ਅਗਿਆਨ ਦੀ ਨਵਿਰਤੀ ਹੋਈ ਸੀ ।