ਮਹਾਬੀਰ ਸਿੰਘ ਭੁੱਲਰ ਪੰਜਾਬੀ ਸਿਨੇਮਾ ਦੇ ਨਾਲ ਨਾਲ ਹਿੰਦੀ ਸਿਨੇਮਾ ਦਾ ਉਹ ਅਦਾਕਾਰ ਹੈ ਜਿਸ ਦੀ ਅਦਾਕਾਰੀ ਦੇਖ ਕੇ ਹਰ ਕੋਈ ਕਾਇਲ ਹੋ ਜਾਂਦਾ ਹੈ ।ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਮਹਾਬੀਰ ਭੁੱਲਰ ਬਹੁਤ ਹੀ ਸਾਦਾ ਜੀਵਨ ਜਿਉਂਦੇ ਹਨ। ਮੁੰਬਈ ਵਰਗੇ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਮਹਾਬੀਰ ਭੁੱਲਰ ਤਰਨਤਾਰਨ ਦੇ ਪਿੰਡ ਭੁੱਲਰ ਵਿੱਚ ਰਹਿ ਕੇ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । ਅੱਜ ਵੀ ਉਹ ਆਪਣੇ ਮਾਲ ਡੰਗਰ ਨੂੰ ਪੱਠੇ ਖੁਦ ਪਾਉਂਦੇ ਹਨ ਤੇ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਹਨ ।
ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਪਰਿਵਾਰ ਭਾਵੇਂ ਬਹੁਤ ਪੜ੍ਹਿਆ ਲਿਖਿਆ ਸੀ ਪਰ ਇਸ ਦੇ ਬਾਵਜੂਦ ਉਹਨਾਂ ਦਾ ਪਰਿਵਾਰ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਨਾਲ ਜੁੜਿਆ ਰਿਹਾ । ਅੱਜ ਉਹ ਵੀ ਆਪਣੇ ਪਰਿਵਾਰ ਦੀ ਪਾਈ ਪਿਰਤ ਤੇ ਚੱਲਦੇ ਹੋਏ ਅਦਾਕਾਰੀ ਦੇ ਨਾਲ ਨਾਲ ਖੇਤੀ ਕਰ ਰਹੇ ਹਨ । ਮਹਾਬੀਰ ਭੁੱਲਰ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਉਹ ਦੱਸਦੇ ਹਨ ਕਿ ਬਚਪਨ ਵਿੱਚ ਉਹਨਾਂ ਨੇ ਜਦੋਂ ਪਹਿਲੀ ਵਾਰ ਆਪਣੇ ਤਾਇਆ ਜੀ ਨਾਲ ਸਿਨੇਮਾ ਵਿੱਚ ਫ਼ਿਲਮ ਦੇਖੀ ਸੀ ਤਾਂ ਉਹਨਾਂ ਨੂੰ ਪਰਦੇ ਤੇ ਦਿਖਾਈ ਦੇਣ ਵਾਰੇ ਕਿਰਦਾਰਾ ਨੇ ਏਨਾਂ ਪ੍ਰਭਾਵਿਤ ਕੀਤਾ ਕਿ ਉਹ ਇਸੇ ਰਾਹ ਤੇ ਤੁਰ ਪਏ ।
ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਥਿਏਟਰ ਕੀਤੀ ਤੇ ਬਾਅਦ ਵਿੱਚ ਦਿੱਲੀ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਡਿਪਲੋਮਾ ਕੀਤਾ । ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਪਹਿਲੀ ਫ਼ਿਲਮ ਨਸੀਰੂਦੀਨ ਨਾਲ ਫ਼ਿਲਮ ‘ਮਿਰਚ ਮਸਾਲਾ’ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਘਾਇਲ, ਦਾਮਿਨੀ, ਜੀਤ, ਵਿਸ਼ਨੂੰ ਦੇਵਾ, ਬਾਰਡਰ, ਸ਼ਕਤੀ ਦਾ ਪਾਵਰ ਸਮੇਤ ਕਈ ਵੱਡੇ ਬੈਨਰ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।
ਇਸ ਤੋਂ ਇਲਾਵਾ ਛੋਟੇ ਪਰਦੇ ਦੇ ਕਈ ਲੜੀਵਾਰ ਨਾਟਕਾਂ ਵਿੱਚ ਵੀ ਉਹਨਾਂ ਨੇ ਬਾਕਮਾਲ ਅਦਾਕਾਰੀ ਦਿਖਾਈ ।ਪਰ ਇਸ ਸਭ ਦੇ ਚਲਦੇ ਮਹਾਬੀਰ ਭੁੱਲਰ ਦੇ ਜੀਵਨ ਵਿੱਚ ਵਾਪਰੀ ਇੱਕ ਘਟਨਾ ਨੇ, ਉਹਨਾਂ ਨੂੰ ਤਰਨਤਾਰਨ ਆਉਣ ਲਈ ਮਜ਼ਬੂਰ ਕਰ ਦਿੱਤਾ ਦਰਅਸਲ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਸੀ । ਘਰ ਦੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ ਸੀ ਜਿਸ ਕਰਕੇ ਉਹ ਮੁੰਬਈ ਵਿੱਚ ਆਪਣਾ ਸਭ ਕੁਝ ਛੱਡ ਪਿੰਡ ਭੁੱਲਰ ਆ ਗਏ ।
ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਮਹਾਬੀਰ ਭੁੱਲਰ ਨੇ ਦੂਜੀ ਪਾਰੀ ਦੀ ਸ਼ੁਰੂਆਤ ਸਰਦਾਰ ਸੋਹੀ ਦੇ ਲੜੀਵਾਰ ਨਾਟਕ ‘ਆਲ੍ਹਣਾ’ ਤੋਂ ਕੀਤੀ । ਮਹਾਵੀਰ ਭੁੱਲਰ ਨੇ ਕਬੱਡੀ ਵਨਸ ਅਗੇਨ, ਅੰਨੇ ਘੋੜੇ ਦਾ ਦਾਨ, ਬੰਬੂਕਾਟ, ਰਾਕੀ ਮੈਂਟਲ ਸਮੇਤ ਕਈ ਵੱਡੀਆਂ ਪੰਜਾਬੀ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਏ ਹਨ ਤੇ ਉਹਨਾਂ ਦਾ ਇਹ ਫ਼ਿਲਮੀ ਸਫ਼ਰ ਲਗਾਤਾਰ ਜਾਰੀ ਹੈ ।