'ਲੌਂਗ ਲਾਚੀ' ਵਰਗਾ ਹਿੱਟ ਗੀਤ ਲਿਖਣ ਵਾਲੇ ਹਰਮਨਜੀਤ ਦੀ ਇਸ ਤਰ੍ਹਾਂ ਹੋਈ ਸੀ ਗੀਤਕਾਰੀ 'ਚ ਐਂਟਰੀ

ਨਿੱਕੀ ਉਮਰ ਦੇ ਵੱਡੇ ਗੀਤਕਾਰ ਹਰਮਨਜੀਤ ਦੇ ਲਿਖੇ ਗਾਣੇ 'ਕਾਲਾ ਸੂਟ', 'ਗੁਲਾਬੀ ਪਾਣੀ' ਅਤੇ 'ਵੰਗ ਦਾ ਨਾਪ' ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਇਹਨਾਂ ਗੀਤਾਂ ਦੀ ਬਦੌਲਤ ਅੱਜ ਮਾਨਸਾ ਦੇ ਪਿੰਡ ਖਿਆਲਾ ਦੇ ਹਰ ਪਾਸੇ ਚਰਚੇ ਹੋਣ ਲੱਗੇ ਹਨ ਕਿਉਂਕਿ ਇਸ ਪਿੰਡ ਦੇ ਰਹਿਣ ਵਾਲੇ ਗੁਰਤੇਜ ਸਿੰਘ ਤੇ ਮਾਤਾ ਸਰੋਜ ਰਾਣੀ ਦੇ ਘਰ ਹਰਮਨਜੀਤ ਦਾ ਜਨਮ ਹੋਇਆ ਸੀ ।ਹਰਮਨਜੀਤ ਦੇ ਗਾਣੇ ਆਪਣੇ ਆਪ ਵਿੱਚ ਖ਼ਾਸ ਹਨ ਕਿਉਂਕਿ ਉਸ ਦੇ ਗਾਣਿਆਂ ਵਿੱਚ ਇਸ਼ਕ ਤੇ ਵਿਛੋੜੇ ਦੀ ਗੱਲ ਤਾਂ ਹੁੰਦੀ ਹੈ ਪਰ ਉਹਨਾਂ ਵਿੱਚ ਹਥਿਆਰਾਂ, ਬੰਦੂਕਾਂ, ਨਸ਼ਿਆਂ ਲਈ ਕੋਈ ਜਗ੍ਹਾ ਨਹੀਂ ਹੁੰਦੀ । ਇਹੀ ਗੱਲ ਹਰਮਨਜੀਤ ਨੂੰ ਹੋਰਾਂ ਤੋਂ ਵੱਖਰਾਂ ਕਰਦੀ ਹੈ ।
https://www.youtube.com/watch?v=YpkJO_GrCo0
ਹਰਮਨਜੀਤ ਗੀਤਕਾਰੀ ਦੇ ਨਾਲ ਨਾਲ ਸਾਹਿਤ ਵਿੱਚ ਵੀ ਪੂਰੀ ਪੈੜ ਰੱਖਦਾ ਹੈ ।ਹਰਮਨਜੀਤ ਦੀ ਪਲੇਠੀ ਕਾਵਿ ਪੁਸਤਕ 'ਰਾਣੀ ਤੱਤ' ਬਹੁਤ ਹੀ ਮਕਬੂਲ ਹੋਈ ਹੈ । ਇਸ ਪੁਸਤਕ ਲਈ ਹਰਮਨਜੀਤ ਨੂੰ ਸਾਹਿਤ ਅਕਾਦਮੀ ਦਾ 'ਯੁਵਾ ਪੁਰਸਕਾਰ 2017' ਮਿਲਿਆ ਹੈ । ਪਰ ਸਾਹਿਤ ਨਾਲੋਂ ਹਰਮਨਜੀਤ ਦਾ ਜਿਕਰ ਫ਼ਿਲਮਾਂ ਵਿੱਚ ਜਿਆਦਾ ਹੁੰਦਾ ਹੈ ਕਿਉਂਕਿ ਉਸ ਦਾ ਲਿਖਿਆ ਗੀਤ 'ਲੌਂਗ ਲਾਚੀ' ਸੁਪਰ ਡੁਪਰ ਹਿੱਟ ਹੈ ।
https://www.youtube.com/watch?v=cLeRdHOwrWk
'ਲੌਂਗ ਲਾਚੀ', 'ਅਸ਼ਕੇ', 'ਸਰਵਨ', 'ਨਿੱਕਾ ਜ਼ੈਲਦਾਰ' ਸਮੇਤ ਦਰਜਨਾਂ ਫ਼ਿਲਮਾਂ ਦੇ ਗੀਤ ਲਿਖਣ ਵਾਲੇ ਹਰਮਨਜੀਤ ਨੂੰ ਲਿਖਣ ਦੀ ਚੇਟਕ ਉਸ ਦੇ ਘਰ ਦੇ ਮਾਹੌਲ ਤੋਂ ਹੀ ਲੱਗੀ। ਉਸਦੇ ਪਿਤਾ ਜੀ ਅਕਸਰ ਹੀ ਅਖ਼ਬਾਰ, ਸਾਹਿਤਕ ਰਸਾਲੇ ਤੇ ਸਾਹਿਤਕ ਪੁਸਤਕਾਂ ਪੜ੍ਹਦੇ ਸਨ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਅਖ਼ਬਾਰਾਂ 'ਚ ਲਿਖਣ ਲੱਗਿਆ। 'ਰਾਣੀ ਤੱਤ' ਪੁਸਤਕ 'ਚੋਂ ਹਰਮਨਜੀਤ ਦੇ ਦੋਸਤ ਗਾਇਕ ਮਨਪ੍ਰੀਤ ਵੱਲੋਂ ਗਾਏ ਪਲੇਠੇ ਗੀਤ 'ਕੁੜੀਆਂ ਕੇਸ਼ ਵਾਹੁੰਦੀਆਂ' ਗਾਇਆ ਤਾਂ ਇਸ ਗੀਤ ਨੇ ਹਰਮਨਜੀਤ ਲਈ ਫ਼ਿਲਮੀ ਦੁਨੀਆ ਦੇ ਦਰਵਾਜ਼ੇ ਖੋਲ੍ਹ ਦਿੱਤੇ।
https://www.youtube.com/watch?v=MV5zKwDgccg
ਇਸ ਤੋਂ ਬਾਅਦ ਇਸੇ ਕਿਤਾਬ ਵਿੱਚੋਂ ਅਮਰਿੰਦਰ ਗਿੱਲ ਦੀ ਫ਼ਿਲਮ 'ਸਰਵਨ' ਦਾ ਇਕ ਗੀਤ 'ਸੁਣ ਰਾਜਿਆ ਵੇ…'ਰਿਕਾਰਡ ਹੋਇਆ। ਇਹਨਾਂ ਗੀਤਾਂ ਨੇ ਹਰਮਨਜੀਤ ਨੂੰ ਪਾਲੀਵੁੱਡ ਵਿੱਚ ਸਥਾਪਿਤ ਕਰ ਦਿੱਤਾ । ਇਸ ਤੋਂ ਬਾਅਦ ਹਰਮਨਜੀਤ ਨੇ 'ਨਿੱਕਾ ਜ਼ੈਲਦਾਰ ੨' 'ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ' ਗੀਤ ਲਿਖਿਆ ਜਿਹੜਾ ਕਾਫੀ ਮਕਬੂਲ ਹੋਇਆ । ਇਹਨਾਂ ਗੀਤਾ ਤੋਂ ਬਾਅਦ ਹਰਮਨਜੀਤ ਨੇ ਕਈ ਫ਼ਿਲਮਾਂ ਲਈ ਗਾਣੇ ਲਿਖੇ 'ਲਾਹੌਰੀਏ' ਲਈ 'ਪਾਣੀ ਰਾਵੀ ਦਾ', 'ਗੁੱਤ 'ਚ ਲਾਹੌਰ' ਅਤੇ 'ਮਿੱਟੀ ਦਾ ਪੁਤਲਾ' ਗੀਤ ਲਿਖੇ। ਅੰਬਰਦੀਪ ਦੀ ਫ਼ਿਲਮ 'ਲੌਂਗ ਲਾਚੀ' 'ਚ 'ਚਿੜੀ ਬਲੌਰੀ', 'ਸ਼ੀਸ਼ਾ', 'ਰੂਹ ਦੇ ਰੁੱਖ' ਅਤੇ ਟਾਈਟਲ ਗੀਤ 'ਲੌਂਗ ਲਾਚੀ' ਲਿਖੇ।
https://www.youtube.com/watch?v=FAKjmwcITQU
ਇਸ ਤੋਂ ਇਲਾਵਾ 'ਹਰਜੀਤਾ', 'ਭੱਜੋ ਵੀਰੋ ਵੇ','ਅਸ਼ਕੇ', 'ਸਤਿ ਸ੍ਰੀ ਇੰਗਲੈਂਡ', 'ਆਟੇ ਦੀ ਚਿੜੀ', 'ਅਫ਼ਸਰ' ਅਤੇ 'ਮੁਕਲਾਵਾ' ਫ਼ਿਲਮਾਂ ਦੇ ਗੀਤ ਲਿਖ ਚੁੱਕਿਆ ਹੈ। ਹਰਮਨਜੀਤ ਨੇ ਦਿਲਜੀਤ ਦੁਸਾਂਝ ਲਈ ਧਾਰਮਿਕ ਗੀਤ 'ਆਰ ਨਾਨਕ-ਪਾਰ ਨਾਨਕ' ਲਿਖਿਆ ਜਿਸਨੇ ਉਸਦੀ ਝੋਲੀ ਇਕ ਹੋਰ ਵੱਡੀ ਪ੍ਰਾਪਤੀ ਪਾਈ।ਹਰਮਨਜੀਤ ਸ਼ਬਦਾ ਦਾ ਧਨੀ ਹੈ । ਇਸੇ ਲਈ ਉਹ ਹਿਟ ਗੀਤਕਾਰ ਹੈ ।