ਸਿੱਧੂ ਮੂਸੇਵਾਲਾ ਕਤਲ ਕੇਸ: ਲਾਰੈਂਸ ਬਿਸ਼ਨੋਈ ਨੇ ਦਿੱਤਾ ਬਿਆਨ, ਦੱਸਿਆ ਕੌਣ ਹੈ ਸਿੱਧੂ ਦੇ ਕਤਲ ਦਾ ਅਸਲ ਮਾਸਟਰਮਾਈਂਡ

Sidhu Moose Wala's murder case: ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਵੀਰਵਾਰ ਨੂੰ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੰਨਿਆ ਹੈ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਮਾਸਟਰਮਾਈਂਡ ਸੀ।
ਪੁਲਿਸ ਨੇ ਦੱਸਿਆ ਕਿ ਉਹ ਪਿਛਲੇ ਅਗਸਤ ਤੋਂ ਕਤਲ ਦੀ ਯੋਜਨਾ ਬਣਾ ਰਿਹਾ ਸੀ।
ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਦੱਸਿਆ ਕਿ ਪੁਲਿਸ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੁਲਜ਼ਮ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ।
ਸਿੱਧੂ ਮੂਸੇਵਾਲਾ ਉਰਫ਼ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਪੰਜਾਬ ਸਰਕਾਰ ਵੱਲੋਂ ਮਰਹੂਮ ਪੰਜਾਬੀ ਗਾਇਕ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਤੋਂ ਇੱਕ ਦਿਨ ਬਾਅਦ ਹੋਇਆ ਹੈ।
ਏ.ਡੀ.ਜੀ.ਪੀ. ਨੇ ਕਿਹਾ ਕਿ "ਕਤਲ ਨੂੰ ਅੰਜਾਮ ਦੇਣ ਦੀ ਯੋਜਨਾ ਪਿਛਲੇ ਸਾਲ ਅਗਸਤ ਤੋਂ ਰਚੀ ਜਾ ਰਹੀ ਸੀ। ਰਿਪੋਰਟਾਂ ਮੁਤਾਬਕ, ਇਸ ਦੀ ਰੇਕੀ ਤਿੰਨ ਵਾਰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ, ਸ਼ੂਟਰਾਂ ਦਾ ਇੱਕ ਵੱਖਰਾ ਗਰੁੱਪ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਆਇਆ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਸਨ। "
ਉਨ੍ਹਾਂ ਕਿਹਾ, "ਗ੍ਰਿਫਤਾਰ ਕੀਤਾ ਗਿਆ ਬਲਦੇਵ ਉਰਫ਼ ਨਿੱਕੂ ਹਰਿਆਣਾ ਦੇ ਸਿਰਸਾ ਦਾ ਵਸਨੀਕ ਹੈ। ਉਸ ਦਾ ਕੰਮ ਸਾਜ਼ਿਸ਼ਕਰਤਾਵਾਂ ਨੂੰ ਜਾਣਕਾਰੀ ਦੇਣਾ ਸੀ, ਜੋ ਗੋਲੀਬਾਰੀ ਕਰਨ ਵਾਲਿਆਂ ਦੇ ਸੰਪਰਕ ਵਿੱਚ ਸਨ।"
ਹੋਰ ਪੜ੍ਹੋ: ਭਾਰਤੀ ਬਾਕਸਰ ਵਿਜੇਂਦਰ ਸਿੰਘ ਨੇ ਲੋਕਾਂ ਨੂੰ ਦੱਸਿਆ ਸਿੱਧੂ ਮੂਸੇਵਾਲਾ ਦੇ ਗੀਤ 'SYL' ਦਾ ਅਸਲ ਮਤਲਬ, ਜਾਣੋ
ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 14 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।