Sampooranta Divas Sri Guru Granth Sahib Ji Special | ਗੁਰਬਾਣੀ: ਅਵਤਰਣ ਤੇ ਪ੍ਰਕਾਸ਼: ਗੁਰਬਾਣੀ (Gurbani )ਦੀ ਹੋਂਦ ਇਲਾਹੀ ਹੈ ਭਾਵ ਰੱਬੀ ਅਜ਼ਮਤ ਦਾ ਸੱਚ ਜਦੋਂ ਰਹੱਸ ਦੇ ਬੋਧ ਨਾਲ ਮਨੁੱਖ ਦੇ ਇਲਮ ਦਾ ਹਿੱਸਾ ਬਣਦਾ ਹੈ ਤਾਂ ਇਹ ਸ਼ਬਦ ਰੂਪ ਵਿੱਚ ਪ੍ਰਜਵਲਿਤ ਹੁੰਦਾ ਹੈ । ਸ਼ਬਦ (Shabad) ਰੂਪ ਵਿੱਚ ਪ੍ਰਕਾਸ਼ਮਾਨ ਹੁੰਦੇ ਸੱਚ ਨੂੰ "ਧੁਰ ਕੀ ਬਾਣੀ" ਵਜੋਂ ਸਤਿਕਾਰਿਆ ਜਾਂਦਾ ਹੈ।
ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥
ਲਿਖਿਤ ਰੂਪ ਵਿੱਚ ਗੁਰਬਾਣੀ (Gurbani) ਕਦੋਂ ਸੁਰੱਖਿਅਤ ਤਰੀਕੇ ਰਾਹੀਂ ਸੰਭਾਲੀ ਗਈ... ਇਸ ਦਾ ਹਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਸਮੇਂ ਤੋਂ ਹੀ ਬਾਣੀ ਉਚਾਰਦਿਆਂ ਲਿਖਤੀ ਰੂਪ ਵਿੱਚ ਉਸਨੂੰ ਪੋਥੀਆਂ ਦੇ ਰੂਪ ਵਿੱਚ ਸੰਭਾਲਣ ਦੇ ਯਤਨਾਂ ਨਾਲ ਹੋਇਆ ਮੰਨਿਆ ਜਾਂਦਾ ਹੈ । ਜਨਮ ਸਾਖੀ ਸਾਹਿਤ ਦੇ ਹਵਾਲੇ ਮੁਤਾਬਿਕ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ 'ਨਾਨਕ' ਛਾਪ ਨਾਲ ਉਚਾਰੀ ਬਾਣੀ ਨੂੰ ਜਦੋਂ ਪੋਥੀਆਂ ਵਿੱਚ ਸੰਭਾਲਿਆ ਗਿਆ ਤਾਂ ਇਹ ਪਿਰਤ ਦੂਸਰੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਜਿਉਂ ਦੀ ਤਿਉਂ ਤੁਰਦੀ ਗਈ ।
image From google
ਹੋਰ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ 28 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਕੀਰਤਨ ਦਾ ਹੋਵੇਗਾ ਖ਼ਾਸ ਪ੍ਰਸਾਰਣ
ਹੌਲੀ ਹੌਲੀ ਇਸਦੇ ਉਤਾਰੇ ਵੀ ਹੁੰਦੇ ਗਏ । ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਗੁਰਬਾਣੀ ਉਤਾਰਿਆਂ ਦੀ ਇਹ ਪਰੰਪਰਾ ਇਤਨੀ ਮਕਬੂਲ ਹੋਈ ਕਿ ਇਸਨੂੰ ਪੋਥੀਆਂ ਤੇ ਗ੍ਰੰਥ ਦਾ ਰੂਪ ਪ੍ਰਾਪਤ ਹੋਇਆ । ਇਤਿਹਾਸਕ ਤੌਰ 'ਤੇ ਗੁਰੂ ਅਮਰਦਾਸ ਜੀ ਨੇ ਤੀਸਰੇ ਗੁਰਦੇਵ ਤੱਕ ਇਕਤਰਿਤ ਗੁਰਬਾਣੀ ਨੂੰ ਆਪਣੇ ਪੋਤਰੇ, ਬਾਬਾ ਮੋਹਨ ਜੀ ਦੇ ਸਪੁੱਤਰ ਸਹੰਸਰਾਮ ਪਾਸੋਂ ਪੋਥੀਆਂ ਦੇ ਰੂਪ ਵਿੱਚ ਸੰਭਾਲਿਆ ਜਿਸ ਨੂੰ 'ਗੋਇੰਦਵਾਲ ਦੀਆਂ ਪੋਥੀਆਂ' ਵੀ ਕਿਹਾ ਗਿਆ । ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀ ਮੌਲਿਕਤਾ ਅਤੇ ਇਸ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਣ ਲਈ ਇਕ ਪ੍ਰਮਾਣਿਕ ਗ੍ਰੰਥ ਦੇ ਰੂਪ ਵਿੱਚ ਸੰਭਾਲਣ ਦੇ ਯਤਨ ਨਾਲ ਇਸ ਨੂੰ ਸੰਪਾਦਿਤ ਕੀਤਾ ।
image From SGPC Website
ਹੋਰ ਪੜ੍ਹੋ : ਦੋਗਲੇ ਲੋਕਾਂ ਬਾਰੇ ਭਾਈ ਸਾਹਿਬ ਨੇ ਬਿਆਨ ਕੀਤਾ ਗੁਰੂ ਸਾਹਿਬ ਦਾ ਫਰਮਾਨ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ
ਜਿਸ ਦੀ ਅਰੰਭਤਾ ਗੁਰੂ ਸਾਹਿਬ ਨੇ ਬਾਬਾ ਮੋਹਨ ਜੀ ਪਾਸੋਂ 'ਗੋਇੰਦਵਾਲ ਦੀਆਂ ਪੋਥੀਆਂ' ਤੋਂ ਹੀ ਕੀਤੀ । ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਦਿੰਦਿਆਂ, 52 ਸਿਰਲੇਖ ਦੇ ਕੇ ਕ੍ਰਮਬੱਧ ਕੀਤਾ ਅਤੇ ਫੇਰ ਭਗਤ ਬਾਣੀ, ਭੱਟ ਬਾਣੀ, ਗੁਰਸਿਖਾਂ ਦੀ ਬਾਣੀ ਨੂੰ ਵੀ ਦਰਜ ਕਰਦਿਆਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕੀਤਾ । ਸਮੁੱਚੀ ਗੁਰਬਾਣੀ ਨੂੰ ਕਵਿਤਾ ਰੂਪ ਦੇ ਆਧਾਰਾਂ, ਕਈ ਉਪ ਭਾਗਾਂ ਵਿੱਚ ਤਰਤੀਬ ਦਿੰਦਿਆਂ, ਸ਼ਬਦ ਦੇ ਵੱਖ-ਵੱਖ ਰੂਪਾਂ ਦੁਪਦੇ, ਚਉਪਦੇ, ਅਸਟਪਦੀ ਆਦਿ ਦੀ ਵਿਵਸਥਾ ਦਿੰਦਿਆਂ 'ਘਰ' ਦਾ ਸੰਕੇਤ ਵੀ ਦਿੱਤਾ। ਗੁਰੂ ਸਾਹਿਬਾਨ ਦੁਆਰਾ ਉਚਾਰੀ ਬਾਣੀ ਨੂੰ 'ਮਹਲਾ' ਨਾਲ ਸੰਬੰਧਿਤ ਕੀਤਾ ।
image From google
ਇਸ ਤਰ੍ਹਾਂ ਸਮੁੱਚੀ ਗੁਰਬਾਣੀ, ਹਰੇਕ ਬਾਣੀਕਾਰ ਦੇ ਸ਼ਬਦ ਨਾਲ ਅੰਕ ਪ੍ਰਬੰਧ ਦੇ ਰੂਪ ਵਿੱਚ ਦਰਜ ਹੋ ਗਈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਕਿਸਮ ਦੇ ਵਾਧੇ-ਘਾਟੇ ਜਾਂ ਮਿਲਾਵਟ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹੇ । ਮੂਲ ਰੂਪ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਪਾਸੋਂ ਲੈ ਕੇ ਇਤਿਹਾਸਕ ਰੂਪ ਵਿੱਚ ਮਨੁੱਖਤਾ ਨੂੰ ਗਿਆਨ ਪ੍ਰਬੋਧ ਵਿੱਚ ਪਰਬੀਨ ਹੋਣ ਦੀ ਵੀ ਪ੍ਰੇਰਣਾ ਦਿਤੀ । ਅਤੇ ਫਿਰ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਦਾ ਭਾਦੋਂ ਸੁਦੀ ਏਕਮ, 1661 ਬਿਕ੍ਰਮੀ ਨੂੰ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ । ਧੁਰ ਕੀ ਬਾਣੀ ਦਾ ਜਦ ਪ੍ਰਕਾਸ਼ ਹੋਇਆ ਤਾਂ ਇਲਾਹੀ ਵਾਕ ਉਚਾਰਨ ਕੀਤਾ ਗਿਆ....
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥"
ਗੁਰਬਾਣੀ ਰਚਨਾ ਕਾਲ ਅਤੇ ਲਿਪੀ.....
ਉਪਰੋਕਤ ਸਭ ਤੋਂ ਇਲਾਵਾ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗੁਰਬਾਣੀ ਰਚਣ ਦਾ ਆਰੰਭ ਕਦੋੰ ਹੋਇਆ ਅਤੇ ਮੂਲ ਰੂਪ ਵਿੱਚ ਇਹ ਕਿਸ ਲਿੱਪੀ ਵਿੱਚ ਉਤਾਰੀ ਗਈ । ਇਹ ਕਹਿਣਾ ਲਾਜ਼ਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਸਾ ਰਾਗ ਵਿੱਚ ਉਚਾਰੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ 'ਪੱਟੀ' ਵਿੱਚ ਪ੍ਰਾਪਤ ਲਿੱਪੀ ਵਰਤਮਾਨ ਗੁਰਮੁਖੀ ਲਿੱਪੀ ਦਾ ਮੁਢਲਾ ਰੂਪ ਹੀ ਹੈ । ਅਤੇ ਇਸ ਤੋਂ ਅਗਾਂਹ ਭਗਤ ਕਬੀਰ ਜੀ ਅਤੇ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਵਿਚਲੇ ਬੋਲ ਇਸ ਸਮੇਂ ਦੀ ਪ੍ਰਚਲਿਤ ਭਾਸ਼ਾ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੀ ।
image From google
ਦੂਸਰੇ ਪਾਸੇ ਗੁਰਬਾਣੀ ਜਦੋਂ ਉਚੇਰੀ ਸੂਰਤ ਵਿੱਚ ਉੱਤਰਦੀ ਹੈ ਤਾਂ ਜਗਤ ਕਲਿਆਣ ਦਾ ਕਾਰਣ ਬਣਦੀ ਹੈ । ਰਹੱਸ ਸੂਖਮ ਰੂਪ ਨਾਦ ਰਾਹੀਂ ਬੋਧ ਵਿੱਚ ਉਤਰਦਾ ਹੋਇਆ, ਅੱਖਰ ਤੇ ਗਿਆਨ ਦੇ ਮੇਲ ਨਾਲ ਸ਼ਬਦ ਬਣ ਉੱਤਰਦਾ ਹੈ । ਅਤੇ ਫਿਰ ਅਨੁਭਵ ਰਾਹੀਂ ਮਨੁੱਖ ਦੀ ਸੁਰਤ ਨੂੰ ਹੈਰਾਨ ਕਰ ਦਿੰਦਾ ਹੈ । ਗੁਰਬਾਣੀ ਵਿੱਚ ਪ੍ਰਾਪਤ ਅਰਬੀ, ਫ਼ਾਰਸੀ, ਬ੍ਰਿਜ, ਅਵਧੀ, ਬੰਗਾਲੀ, ਰਾਜਸਥਾਨੀ, ਖੜੀ ਬੋਲੀ, ਪੰਜਾਬੀ ਦੀਆਂ ਉੱਪ ਭਾਸ਼ਾਵਾਂ ਲਹਿੰਦੀ, ਸਿੰਧੀ, ਪੋਠੋਹਾਰੀ, ਬਾਂਗਰ, ਮਾਝੀ ਸਭ ਵਿੱਚ ਇਕੋ ਸਿਧਾਂਤ ਤੇ ਵਜਦ ਹੈ । ਇਹ ਬ੍ਰਹਮ ਦੀ ਵਿਚਾਰ ਇਲਾਹੀ ਹੁਕਮ ਵਾਂਗ ਨਾਜ਼ਲ ਹੁੰਦੀ ਹੈ ।
ਹਉ ਆਪਹੁ ਬੋਲਿ ਨਾ ਜਾਣਦਾ ਮੈ ਕਹਿਆ ਸਭ ਹੁਕਮਾਉ ਜੀਉ
ਅਸਲੀ ਗੱਲ ਇਸ ਵਿਚਾਰ 'ਤੇ ਵੀ ਕੇਂਦਰਿਤ ਹੁੰਦੀ ਹੈ ਕਿ ਗੁਰਬਾਣੀ ਜਦੋਂ ਪ੍ਰਕਾਸ਼ਮਾਨ ਹੁੰਦੀ ਹੈ ਤਾਂ ਬਾਣੀਕਾਰ ਇਸ ਤੱਥ ਨੂੰ ਵੀ ਇਤਿਹਾਸਕ ਤੱਥ ਪ੍ਰਦਾਨ ਕਰ ਰਿਹਾ ਹੁੰਦਾ ਹੈ...
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ.....
ਨਿਸ਼ਕਰਸ਼ਕ ਤੌਰ ’ਤੇ ਇਹ ਕਹਿਣਾ ਸੰਭਵ ਹੈ ਕਿ ਗੁਰਬਾਣੀ ਮੂਲ ਰੂਪ ਵਿੱਚ ਪੰਜ ਸਦੀਆਂ ਦਾ ਅਧਿਆਤਮਕ ਪੈਂਡਾ ਹੀ ਨਹੀਂ ਜੋ ਲਿਖਿਤ ਰੂਪ ਵਿੱਚ ਮਨੁੱਖ ਦੇ ਰੂਹਾਨੀ ਇਲਮ ਦਾ ਸੱਚ ਸਵੀਕਾਰਦਾ ਹੈ ਬਲਕਿ ਗੁਰਬਾਣੀ ਸਮੁੱਚੀ ਮਨੁੱਖਤਾ ਦੇ ਅਦਬੋ-ਅਦਾਬ ਦਾ ਉਹ ਇਲਮ ਹੈ ਜਿਸ ਨੂੰ ਮਾਨਵ ਜਾਤੀ ਦੇ ਸਭ ਤੋਂ ਨੇੜੇ ਦੇ ਸੱਚ ਵਜੋਂ ਵੀ ਸਤਿਕਾਰਿਆ ਜਾਂਦਾ ਹੈ ।