Daljit kaur death: ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਨਾਮੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਬਿਮਾਰੀ ਦੇ ਚੱਲਦੇ ਦਿਹਾਂਤ ਹੋ ਗਿਆ ਸੀ। ਹੁਣ ਪੰਜਾਬੀ ਫ਼ਿਲਮੀਂ ਜਗਤ ਦੀ ਦਿੱਗਜ ਅਦਾਕਾਰਾ ਦਲਜੀਤ ਕੌਰ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 69 ਸਾਲ ਦੀ ਉਮਰ ਵਿੱਚ ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ 'ਚ ਦਿਹਾਂਤ ਹੋ ਗਿਆ। 69 ਸਾਲਾ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ। ਦੁਪਹਿਰ 12 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੋਰ ਪੜ੍ਹੋ: 'ਇੰਗਲਿਸ਼ ਵਿੰਗਲਿਸ਼' 'ਚ ਪਹਿਨੀਆਂ ਸ਼੍ਰੀਦੇਵੀ ਦੀਆਂ ਸਾੜ੍ਹੀਆਂ ਦੀ ਹੋਵੇਗੀ ਨਿਲਾਮੀ, ਜਾਣੋ ਫ਼ਿਲਮ ਦੇ ਨਿਰਦੇਸ਼ਕ ਨੇ ਕਿਉਂ ਲਿਆ ਇਹ ਵੱਡਾ ਫੈਸਲਾ
image source: instagram
ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਦਾਜ 1976 ਵਿੱਚ ਰਿਲੀਜ਼ ਹੋਈ ਸੀ। ਉਨ੍ਹਾਂ ਨੇ ਸੁਪਰਹਿੱਟ ਪੰਜਾਬੀ ਫ਼ਿਲਮਾਂ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂ ਦੁਨੀਆ ਦਾ, ਸਰਪੰਚ ਅਤੇ ਪਟੋਲਾ ਵਰਗੀਆਂ ਕਈ ਫ਼ਿਲਮਾਂ ਵਿੱਚ ਬਤੌਰ ਹੀਰੋਇਨ ਅਦਾਕਾਰੀ ਕੀਤੀ ਸੀ। ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ।
2001 ਵਿੱਚ, ਉਨ੍ਹਾਂ ਨੇ ਫ਼ਿਲਮੀ ਦੁਨੀਆ ਵਿੱਚ ਦੁਬਾਰਾ ਪ੍ਰਵੇਸ਼ ਕੀਤਾ ਅਤੇ ਆਪਣੀ ਉਮਰ ਦੇ ਅਨੁਸਾਰ ਮਾਂ ਅਤੇ ਹੋਰ ਭੂਮਿਕਾਵਾਂ ਵਿੱਚ ਨਜ਼ਰ ਆਏ ਸੀ। ਉਨ੍ਹਾਂ ਨੇ ਪੰਜਾਬੀ ਫ਼ਿਲਮ ‘Singh vs Kaur’ ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।
image source: instagram
ਦਲਜੀਤ ਕੌਰ ਕਬੱਡੀ ਅਤੇ ਹਾਕੀ ਦੀ ਕੌਮੀ ਖਿਡਾਰਨ ਵੀ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਮਾਨਸਿਕ ਰੋਗ ਤੋਂ ਪੀੜਤ ਸੀ। ਇਸ ਕਾਰਨ ਉਹ ਮੁੰਬਈ ਤੋਂ ਲੁਧਿਆਣਾ ਆ ਗਈ ਅਤੇ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਰਹਿਣ ਲੱਗੀ। ਉਨ੍ਹਾਂ ਨੂੰ ਆਪਣੇ ਪਿਛਲੇ ਜੀਵਨ ਬਾਰੇ ਕੁਝ ਵੀ ਯਾਦ ਨਹੀਂ ਸੀ।
image source: instagram
ਅਦਾਕਾਰਾ ਦਲਜੀਤ ਕੌਰ ਦਾ ਪਰਿਵਾਰ ਮੂਲ ਰੂਪ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਐਤੀਆਣਾ ਦਾ ਵਸਨੀਕ ਸੀ ਪਰ ਉਨ੍ਹਾਂ ਦਾ ਕਾਰੋਬਾਰ ਪੱਛਮੀ ਬੰਗਾਲ ਵਿੱਚ ਸੀ। ਦਲਜੀਤ ਕੌਰ ਦਾ ਜਨਮ 1953 ਵਿੱਚ ਸਿਲੀਗੁੜੀ ਵਿੱਚ ਹੋਇਆ ਸੀ। ਉਹ ਪਿਛਲੇ 12 ਸਾਲਾਂ ਤੋਂ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿੱਚ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਰਹਿ ਰਹੀ ਸੀ।