ਪਿਛਲੇ ਕਾਫੀ ਸਮੇਂ ਤੋਂ ਰੁਪਿੰਦਰ ਹਾਂਡਾ Rupinder Handa ਨੂੰ ਸੋਸ਼ਲ ਮੀਡੀਆ 'ਤੇ ਮਾੜਾ ਬੋਲਿਆ ਜਾ ਰਿਹਾ ਹੈ। ਗੱਲ ਇਥੋਂ ਤਕ ਵੱਧ ਗਈ ਕਿ ਇਕ ਕੁੜੀ ਨੂੰ ਗਾਲ੍ਹਾਂ ਤਕ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਪੰਜਾਬ 'ਚ ਕਲਾਕਾਰਾਂ ਦੀ ਨਿੰਦਿਆ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਨਿੰਦਿਆ ਉਨ੍ਹਾਂ ਕਲਾਕਾਰਾਂ ਦੀ ਹੋਣੀ ਚਾਹੀਦੀ ਹੈ, ਜਿਹੜੇ ਮਾੜਾ ਗਾਉਂਦੇ ਹਨ, ਮਾੜਾ ਲਿਖਦੇ ਹਨ ਤੇ ਮਾੜਾ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਰੁਪਿੰਦਰ ਹਾਂਡਾ ਨੇ ਹਮੇਸ਼ਾ ਸਾਫ-ਸੁਥਰੀ ਗਾਇਕੀ ਆਪਣੇ ਗੀਤਾਂ ਰਾਹੀਂ ਪੇਸ਼ ਕੀਤੀ ਹੈ। ਰੁਪਿੰਦਰ ਜੇਕਰ ਅੱਜ ਨਿੰਦਿਆ ਦਾ ਸਾਹਮਣਾ ਕਰ ਰਹੀ ਹੈ ਤਾਂ ਉਹ ਸਿਰਫ ਬੱਬੂ ਮਾਨ ਦੇ ਕੁਝ ਫੈਨਜ਼ ਕਾਰਨ ਹੈ।
ਦੱਸਣਯੋਗ ਹੈ ਕਿ ਬੱਬੂ ਮਾਨ Babbu Maan ਦਾ ਇਸ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਾ ਹੋਵੇ ਕਿ ਉਨ੍ਹਾਂ ਦੇ ਫੈਨਜ਼ ਵਲੋਂ ਕੀ ਕੁਝ ਕੀਤਾ ਜਾ ਰਿਹਾ ਹੈ। ਸਾਰੇ ਹੀ ਫੈਨਜ਼ ਬੱਬੂ ਮਾਨ ਦੇ ਅਜਿਹੇ ਨਹੀਂ ਹਨ ਪਰ ਜੋ ਰੁਪਿੰਦਰ ਹਾਂਡਾ ਨੂੰ ਨਿੰਦ ਰਹੇ ਹਨ, ਉਨ੍ਹਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਹ ਕਿਸੇ ਮੁੰਡੇ ਨਾਲ ਨਹੀਂ, ਸਗੋਂ ਕੁੜੀ ਨਾਲ ਗੱਲ ਕਰ ਰਹੇ ਹਨ ਤੇ ਉਸ ਦੀ ਇੱਜ਼ਤ ਤੇ ਸਨਮਾਨ ਕਰਨਾ ਸਾਡਾ ਫਰਜ਼ ਹੈ।
ਗੁੱਸਾ ਹਰੇਕ ਇਨਸਾਨ ਨੂੰ ਆਉਂਦਾ ਹੈ। ਇਹ ਸਾਧਾਰਨ ਜਿਹੀ ਗੱਲ ਹੈ ਪਰ ਗੁੱਸੇ 'ਚ ਦੂਜੇ ਬੰਦੇ ਨੂੰ ਬੋਲਣ ਤੋਂ ਪਹਿਲਾਂ ਤੱਥ ਜਾਣ ਲੈਣੇ ਚਾਹੀਦੇ ਹਨ। ਇਕ ਆਰਟਿਸਟ ਨੂੰ ਸਿਰਫ ਅਸੀਂ ਇਸ ਲਈ ਬੋਲ ਰਹੇ ਹਾਂ ਕਿਉਂਕਿ ਦੂਜਾ ਆਰਟਿਸਟ ਸਾਡਾ ਫੇਵਰੇਟ ਹੈ ਤਾਂ ਇਹ ਬਿਲਕੁਲ ਗਲਤ ਹੈ। ਕਿਸੇ ਵੀ ਜਗ੍ਹਾ 'ਤੇ ਇਕ ਬੰਦਾ ਸਾਰਾ ਕੰਮ ਨਹੀਂ ਕਰ ਸਕਦਾ। ਜੇਕਰ ਅਜਿਹਾ ਹੋਵੇ ਤਾਂ ਸ਼ਾਇਦ ਉਸ ਬੰਦੇ ਦਾ ਕੰਮ ਵੀ ਤੁਹਾਨੂੰ ਮਾੜਾ ਲੱਗਣ ਲੱਗ ਪਵੇਗਾ।
ਹਰੇਕ ਇਨਸਾਨ ਨੂੰ ਆਪਣਾ ਟੈਲੇਂਟ ਦੁਨੀਆ ਸਾਹਮਣੇ ਲਿਆਉਣ ਦਾ ਹੱਕ ਹੈ। ਹਾਂ ਇਹ ਜ਼ਰੂਰ ਹੈ ਕਿ ਜੇਕਰ ਕਿਸੇ ਇਨਸਾਨ ਦਾ ਕੰਮ ਤੁਹਾਨੂੰ ਪਸੰਦ ਨਹੀਂ ਆਉਂਦਾ ਤਾਂ ਤੁਸੀਂ ਉਸ ਬਾਰੇ ਆਪਣੀ ਰਾਏ ਰੱਖੋ ਪਰ ਗਾਲ੍ਹਾਂ ਕੱਢਣ ਨਾਲ ਕੁਝ ਠੀਕ ਨਹੀਂ ਹੋ ਸਕਦਾ। ਸੋ ਹਰੇਕ ਆਰਟਿਸਟ ਦਾ ਸਨਮਾਨ ਕਰੋ, ਉਨ੍ਹਾਂ ਦੀ ਇੱਜ਼ਤ ਕਰੋ ਤੇ ਜੇਕਰ ਕੋਈ ਆਰਟਿਸਟ ਤੁਹਾਨੂੰ ਪਸੰਦ ਨਹੀਂ ਤਾਂ ਉਸ ਬਾਰੇ ਮਾੜਾ ਨਾ ਬੋਲੋ। ਮਾੜਾ ਬੋਲਣ ਤੋਂ ਇਲਾਵਾ ਜ਼ਿੰਦਗੀ 'ਚ ਹੋਰ ਵੀ ਕੰਮ ਹਨ ਕਰਨ ਲਈ, ਉਨ੍ਹਾਂ ਵੱਲ ਧਿਆਨ ਦਿਓ।