ਬਾਲੀਵੁੱਡ Bollywood ਅਦਾਕਾਰ ਰਣਦੀਪ ਹੁੱਡਾ Randeep Hooda ਜੋ ਬਾਲੀਵੁੱਡ 'ਚ ਕਾਫੀ ਨਾਮ ਕਮਾ ਚੁੱਕੇ ਨੇ ਅਤੇ ਹੁਣ ਤੱਕ ਕਈ ਹਿੱਟ ਫਿਲਮਾਂ 'ਚ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ । ਜਿੱਥੇ ਉਹ ਇੱਕ ਬਿਹਤਰੀਨ ਅਦਾਕਾਰ ਨੇ ,ਓਨੇ ਹੀ ਵਧੀਆ ਇਨਸਾਨ ਵੀ ਨੇ । ਹੁਣ ਤੱਕ ਤੁਸੀਂ ਉਨ੍ਹਾਂ ਨੂੰ ਪਰਦੇ 'ਤੇ ਵੱਖ–ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਵੇਖਿਆ ਹੋਵੇਗਾ। ਕਈ ਫਿਲਮਾਂ 'ਚ ਉਨ੍ਹਾਂ ਨੇ ਖਲਨਾਇਕ ਦੇ ਤੌਰ 'ਤੇ ਵੀ ਕੰਮ ਕੀਤਾ ਅਤੇ ਕਈ ਨਕਾਰਾਤਮਕ ਕਿਰਦਾਰ ਵੀ ਨਿਭਾਏ ,ਪਰ ਰਣਦੀਪ ਹੁੱਡਾ ਅਸਲ ਜ਼ਿੰਦਗੀ 'ਚ ਬਹੁਤ ਹੀ ਕੋਮਲ ਸੁਭਾਅ ਅਤੇ ਲੋਕਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਰਹਿਣ ਵਾਲੇ ਇਨਸਾਨ ਹਨ। ਕਿਸੇ ਦੇ ਦੁੱਖ ਨੂੰ ਵੇਖ ਕੇ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ ।ਕੇਰਲ 'ਚ ਆਈ ਕੁਦਰਤੀ ਆਫਤ ਨੇ ਜਿੱਥੇ ਉਥੋਂ ਦੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ,ਉੱਥੇ ਹੀ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ਼ ਹੋ ਚੁੱਕੇ ਨੇ ।ਅਜਿਹੇ 'ਚ ਪੰਜਾਬ ਸੂਬੇ ਦੇ ਲੋਕਾਂ ਵੱਲੋਂ ਕੇਰਲ ਵਾਸੀਆਂ ਦੀ ਦਿਲ ਖੋਲ ਕੇ ਮੱਦਦ ਕੀਤੀ ਜਾ ਰਹੀ ਹੈ ,ਇਸਦੇ ਨਾਲ ਹੀ ਖਾਲਸਾ ਏਡ ਵੀ ਉੱਥੋਂ ਦੇ ਲੋਕਾਂ ਦੀ ਮੱਦਦ ਕਰ ਰਹੀ ਹੈ ਅਤੇ ਉਨਾਂ ਦੇ ਮੁੜ ਵਸੇਬੇ ਲਈ ਯਤਨਸ਼ੀਲ ਹੈ ।
ਬਾਲੀਵੁੱਡ ਅਦਾਕਾਰ ਰਣਦੀਪ ਸਿੰਘ ਹੁੱਡਾ ਵੀ ਯੂ.ਕੇ.ਅਧਾਰਿਤ ਆਲਮੀ ਮਨੁੱਖੀ ਰਾਹਤ ਸੰਗਠਨ 'ਖਾਲਸਾ ਏਡ' ਨਾਲ ਰਲ ਕੇ ਹੜ੍ਹ ਪੀੜ੍ਹਤਾਂ ਦੀ ਮੱਦਦ ਕਰ ਰਿਹਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਰਣਦੀਪ ਹੁੱਡਾ ਇਸ ਤਰ੍ਹਾਂ ਕੁਦਰਤੀ ਆਫਤ ਦਾ ਸ਼ਿਕਾਰ ਹੋਏ ਲੋਕਾਂ ਦੀ ਮੱਦਦ ਕਰ ਰਿਹਾ ਹੈ ,ਇਸ ਤੋਂ ਪਹਿਲਾਂ ਵੀ ਖਾਲਸਾ ਏਡ ਨਾਲ ਰਲ ਕੇ ਰਾਹਤ ਕਾਰਜਾਂ 'ਚ ਹਿੱਸਾ ਲੈ ਚੁੱਕਿਆ ਹੈ।ਰਣਦੀਪ ਸੰਸਥਾ ਨਾਲ ਰਲ ਕੇ ਕੇਰਲ ਦੇ ਹੜ੍ਹ ਪੀੜ੍ਹਤਾਂ ਨੂੰ ਖਾਣਾ ਖੁਆਉਂਦੇ ਨਜ਼ਰ ਆਏ।ਰਣਦੀਪ ਨੇ ਇਸ ਸਬੰਧੀ ਟਵੀਟ ਕਰਕੇ ਲਿਖਿਆ ਵੀ ਸੀ ਕਿ ਖਾਲਸਾ ਏਡ ਟੀਮ ਨਾਲ ਵਲੰਟੀਅਰ ਵਾਂਗ ਕੰਮ ਕਰਕੇ ਉਹ ਖੁਦ ਨੂੰ ਖੁਸ਼ਕਿਸਮਤ ਸਮਝਦਾ ਹੈ।ਉਨ੍ਹਾਂ ਨੇ ਕਿਹਾ ਕਿ ਛੋਟੀ ਤੋਂ ਛੋਟੀ ਮੱਦਦ ਦਾ ਵੀ ਮੁੱਲ ਪੈਂਦਾ ਹੈ ।