
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ
ਇਹਨਾਂ ਸਤਰਾਂ ਨੂੰ ਲਿਖਣ ਵਾਲਾ ਅਵਾਤਾਰ ਸਿੰਘ ਜੋ ਕਿ ਪਾਸ਼ ਦੇ ਨਾਮ ਨਾਲ ਮਸ਼ਹੂਰ ਹੋਇਆ। ਅਵਤਾਰ ਸਿੰਘ ਪਾਸ਼ ਜਿਸਦਾ ਜਨਮ 9 ਸਤੰਬਰ 1950 ‘ਚ ਪਿੰਡ ਤਲਵੰਡੀ ਸਲੇਮ, ਜ਼ਿਲ੍ਹਾ ਜਲੰਧਰ ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ‘ਚ ਹੋਇਆ। ਪਾਸ਼ ਦੇ ਪਿਤਾ ਜੀ ਸੋਹਣ ਸਿੰਘ ਸੰਧੂ ਫੌਜ ‘ਚ ਨੌਕਰੀ ਕਰਦੇ ਸਨ। ਪਾਸ਼ ਦੇ ਮਨ ਉੱਤੇ ਉਸ ਸਮੇਂ ਦੇ ਭਾਰਤ ਦੇ ਹਲਾਤਾਂ ਨੇ ਕਾਫੀ ਅਸਰ ਪਾਇਆ। ਪਾਸ਼ ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ੍ਹ ਉਮਰ ਵਿੱਚ ਹੀ ਵਿਦਰੋਹੀ ਕਵਿਤਾ ਲਿਖਣ ਲੱਗਿਆ।
ਹੋਰ ਵੇਖੋ: ਅਨੋਖੀ ਕਲਾ ਦੇ ਨਾਲ ਚਾਕ ਨੂੰ ਬਦਲ ਦਿੰਦੇ ਨੇ ਖੂਬਸੂਰਤ ਮੂਰਤੀਆਂ ਦੇ ਵਿੱਚ, ਦੇਖੋ ਵੀਡੀਓ
ਸੰਨ 1970 ਦੇ ਸਮਾਂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਪਾਸ਼ ਨੇ ਕਿਰਤੀਆਂ ਦੇ ਰੋਹ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕ ਕਿਤਾਬ 'ਲੋਹ-ਕਥਾ' ਛਪਵਾਈ। ਜਿਸ ਦੇ ਚੱਲਦੇ ਪਾਸ਼ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਉਸ ਨੇ ਆਪਣੀ ਸੋਚ ਨੂੰ ਕਲਮ ਦੇ ਰਾਹੀਂ ਪੇਸ਼ ਕਰਨਾ ਛੱਡਿਆ ਨਹੀਂ। ਪੰਜਾਬ ਵਿਚ ਉਸ ਸਮੇਂ ਚੱਲ ਰਹੀ ਨਕਸਲੀ ਲਹਿਰ ਵਿੱਚ ਪਾਸ਼ ਮਕੰਮੁਲ ਸ਼ਾਇਰ ਦੇ ਤੌਰ ਤੇ ਪਛਾਣਿਆ ਗਿਆ। 1972 ਵਿੱਚ ਪਾਸ਼ ਨੇ ਸਿਆੜ ਨਾਂ ਦਾ ਪਰਚਾ ਕੱਢਣਾ ਫੇਰ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਪਾਸ਼ ਦੀਆਂ ਲਿਖੀਆਂ ਕਿਤਾਬਾਂ 'ਉਡਦੇ ਬਾਜ਼ਾਂ ਮਗਰ', 'ਸਾਡੇ ਸਮਿਆਂ ਵਿੱਚ' ਉਹਨਾਂ ਨੂੰ ਹੋਰ ਮਸ਼ਹੂਰ ਕਰ ਦਿੱਤਾ। ਪਾਸ਼ ਦੀ ਮੌਤ 23 ਮਾਰਚ 1988 ਨੂੰ ਹੋਈ ਇਹ ਉਹੀ ਤਾਰੀਕ ਸੀ ਜਿਸ ਦਿਨ ਭਗਤ ਸਿੰਘ ਨੂੰ ਅਜ਼ਾਦੀ ਦੇ ਸੰਘਰਸ਼ ਦੇ ਕਰਕੇ ਅੰਗਰੇਜ਼ਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ। ਪਰ ਪਾਸ਼ ਅੱਜ ਵੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਦੇ ਮਨਾ ‘ਚ ਜ਼ਿੰਦਾ ਹੈ।