MahaShivratri 2023: ਦੇਸ਼ ਭਰ 'ਚ ਸ਼ਿਵਰਾਤਰੀ ਦੀ ਧੂਮ, ਸ਼ਿਵ ਭਗਤੀ 'ਚ ਡੁੱਬੇ ਨਜ਼ਰ ਆਏ ਇਹ ਬਾਲੀਵੁੱਡ ਸਿਤਾਰੇ
ਅੱਜ ਦੇਸ਼ ਭਰ ਵਿੱਚ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ਇੱਕ ਪਾਸੇ ਆਮ ਲੋਕ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਹਨ, ਉੱਤੇ ਬਾਲੀਵੁੱਡ ਸੈਲਬਸ ਵੀ ਸ਼ਿਵ ਭਗਤੀ 'ਚ ਡੁੱਬੇ ਹੋਏ ਨਜ਼ਰ ਆਏ।
MahaShivratri 2023: ਅੱਜ ਯਾਨਿ 18 ਫਰਵਰੀ ਨੂੰ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ 'ਤੇ ਦੇਸ਼ ਭਰ ਦੇ ਲੋਕ ਭਗਵਾਨ ਸ਼ਿਵ ਦੀ ਪੂਜਾ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਕਈ ਸ਼ਰਧਾਲੂਆਂ ਵੱਲੋਂ ਵਰਤ ਵੀ ਰੱਖੇ ਗਏ ਹਨ। ਇਸ ਵਿਚਕਾਰ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਭਗਵਾਨ ਸ਼ਿਵ ਦੀ ਭਗਤੀ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ। ਇੱਥੇ ਇੱਕ ਨਹੀਂ ਬਲਕਿ ਕਈ ਅਜਿਹੇ ਸੈਲੇਬਸ ਹਨ, ਜੋ ਸ਼ਿਵ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ।
ਸਾਰਾ ਅਲੀ ਖ਼ਾਨ ਨੂੰ ਰੱਬ 'ਤੇ ਅਥਾਹ ਵਿਸ਼ਵਾਸ ਹੈ। ਉਹ ਕਿਸੇ ਧਰਮ ਜਾਂ ਜਾਤ ਨੂੰ ਨਹੀਂ ਮੰਨਦੀ। ਸਾਰਾ ਮਹਾਦੇਵ ਦੀ ਬਹੁਤ ਵੱਡੀ ਸ਼ਰਧਾਲੂ ਹੈ। ਉਹ ਕੇਦਾਰਨਾਥ ਅਤੇ ਮਹਾਕਾਲ ਦੇ ਦਰਸ਼ਨਾਂ ਲਈ ਅਕਸਰ ਜਾਂਦੀ ਰਹਿੰਦੀ ਹੈ।
ਅਜੇ ਦੇਵਗਨ ਭਗਵਾਨ ਆਸ਼ੂਤੋਸ਼ ਦੇ ਬਹੁਤ ਵੱਡੇ ਭਗਤ ਹਨ। ਉਨ੍ਹਾਂ ਨੇ ਮਹਾਦੇਵ ਤੋਂ ਪ੍ਰੇਰਿਤ ਹੋ ਕੇ ਫਿਲਮ 'ਸ਼ਿਵਾਏ' ਬਣਾਈ ਸੀ। ਅਜੇ ਦੇਵਗਨ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਭਗਵਾਨ ਸ਼ਿਵ ਦਾ ਇੱਕ ਟੈਟੂ ਵੀ ਬਣਵਾਇਆ ਹੋਇਆ ਹੈ।
ਕੰਗਨਾ ਰਣੌਤ ਵੀ ਭੋਲੇ ਭੰਡਾਰੀ ਦੀ ਸ਼ਰਧਾਲੂ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ 'ਚ ਭੋਲੇ ਪ੍ਰਤੀ ਉਸ ਦੀ ਆਸਥਾ ਦਿਖਾਈ ਦਿੰਦੀ ਹੈ। ਕੰਗਨਾ ਨੇ ਖੁਦ ਨੂੰ 'ਪਹਿਲਾ ਯੋਗੀ' ਦੱਸਿਆ ਹੈ। ਉਹ ਉਜੈਨ ਦੇ ਮਹਾਕਾਲ ਮੰਦਰ ਦੇ ਦਰਸ਼ਨਾਂ ਲਈ ਜਾਂਦੀ ਰਹਿੰਦੀ ਹੈ।
ਰਿਤਿਕ ਰੌਸ਼ਨ ਵੀ ਭੋਲੇ ਦੇ ਭਗਤ ਹਨ। ਹਰ ਸਾਲ ਮਹਾਸ਼ਿਵਰਾਤਰੀ 'ਤੇ ਉਹ ਆਪਣੇ ਪਰਿਵਾਰ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਇੰਨਾ ਹੀ ਨਹੀਂ, ਕੋਈ ਵੀ ਨਵਾਂ ਪ੍ਰੋਜੈਕਟ ਜਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਭਗਵਾਨ ਸ਼ਿਵ ਦਾ ਆਸ਼ੀਰਵਾਦ ਜ਼ਰੂਰ ਲੈਂਦੇ ਹਨ।
ਕੁਨਾਲ ਖੇਮੂ ਵੀ ਭਗਵਾਨ ਸ਼ਿਵ ਵਿੱਚ ਸੱਚਾ ਵਿਸ਼ਵਾਸ ਰੱਖਦੇ ਹਨ। ਕੁਣਾਲ ਹਰ ਸਾਲ ਸ਼ਿਵਰਾਤਰੀ ਦੇ ਮੌਕੇ 'ਤੇ ਪਰਿਵਾਰ ਨਾਲ ਵਿਸ਼ੇਸ਼ ਪੂਜਾ ਵੀ ਕਰਦੇ ਹਨ। ਪਿਛਲੇ ਸਾਲ ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਉਸ ਨੇ ਆਪਣੀ ਪਿੱਠ 'ਤੇ ਤ੍ਰਿਸ਼ੂਲ ਦਾ ਟੈਟੂ ਬਣਵਾਇਆ ਹੈ, ਜਿਸ 'ਤੇ 'ਓਮ ਨਮਹ ਸ਼ਿਵੇ' ਲਿਖਿਆ ਹੋਇਆ ਹੈ।