ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਨਹੀਂ ਰਹੇ ਬਾਲੀਵੁੱਡ ਫ਼ਿਲਮਾਂ ਤੇ ਸੀਰੀਅਲ ‘ਚ ਕੰਮ ਕਰਨ ਵਾਲੇ ਸੁਰਜੀਤ ਧਾਮੀ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਰੰਗਮੰਚ, ਫ਼ਿਲਮਾਂ ਤੇ ਕਈ ਸੀਰੀਅਲਸ ‘ਚ ਕੰਮ ਕਰਨ ਵਾਲੇ ਸੁਰਜੀਤ ਧਾਮੀ (Surjit Dhami) ਦਾ ਦਿਹਾਂਤ ਹੋ ਗਿਆ ਹੈ।ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਤਰਨਤਾਰਨ ਦੇ ਪੱਟੀ ਇਲਾਕੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਧਾਮੀ ਨੇ ਪ੍ਰਸਿੱਧ ਹਿੰਦੀ ਫ਼ਿਲਮ ‘ਮੌਸਮ’ ‘ਚ ‘ਦਾਰ ਜੀ’ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਹੋਰ ਪੜ੍ਹੋ : ਪੰਕਜ ਤ੍ਰਿਪਾਠੀ ਨੇ ਦੱਸਿਆ ਕੀ ਕਰਨਗੇ ਜੇ ਬਣ ਜਾਣ ਇੱਕ ਦਿਨ ਲਈ ਪੀਐੱਮ
ਸੁਰਜੀਤ ਸਿੰਘ ਧਾਮੀ ਅਧਿਆਪਕ ਕਿੱਤੇ ਨਾਲ ਜੁੜੇ ਸਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ ਦਾ ਵੀ ਸ਼ੌਂਕ ਰੱਖਿਆ ਸੀ।ਉਨ੍ਹਾਂ ਨੇ ਕਈ ਡਰਾਮਿਆਂ ਅਤੇ ਫ਼ਿਲਮਾਂ ‘ਚ ਕੰਮ ਕੀਤਾ ।ਪਰ ਉਨ੍ਹਾਂ ਨੂੰ ਪਛਾਣ ਮਿਲੀ ਸੀ ‘ਮਾਧੋ ਬਾਬਾ’ ਦੇ ਕਿਰਦਾਰ ਦੇ ਨਾਲ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਛੋਟੇ ਮੋਟੇ ਕਈ ਕਿਰਦਾਰ ਨਿਭਾਏ ਸਨ ।ਸੁਰਜੀਤ ਸਿੰਘ ਧਾਮੀ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਕਈ ਸੀਰੀਅਲਸ ‘ਚ ਵੀ ਕੰਮ ਕੀਤਾ ਸੀ। 1982‘ਚ ਜਲੰਧਰ ਦੂਰਦਰਸ਼ਨ ‘ਤੇ ਸੀਰੀਅਲ ‘ਚਿੱਟਾ ਲਹੂ’ ‘ਚ ਵੀ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ।ਪਰ ਫ਼ਿਲਮਾਂ ‘ਚ ਉਨ੍ਹਾਂ ਨੂੰ 2008‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਅੱਖੀਆਂ ਉਡੀਕਦੀਆਂ’ ‘ਚ ਕੰਮ ਕੀਤਾ ਸੀ।ਇਸ ਤੋਂ ਇਲਾਵਾ ਉਹ ਫ਼ਿਲਮ ‘ਵਿਆਹ ਸੱਤਰ ਕਿਲੋਮੀਟਰ’ ‘ਚ ਵੀ ਅਦਾਕਾਰੀ ਕਰਦੇ ਨਜ਼ਰ ਆਏ ।ਧਾਮੀ ਨੇ ਨਾ ਸਿਰਫ ਫ਼ਿਲਮਾਂ ‘ਚ ਅਦਾਕਾਰੀ ਕਰਕੇ ਨਾਮਣਾ ਖੱਟਿਆ ਸੀ, ਬਲਕਿ ਕਈ ਟੈਲੀ ਫ਼ਿਲਮਾਂ ਅਤੇ ਵੱਡੇ ਵੱਡੇ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਵੀ ਵਿਖਾਈ ਦਿੱਤੇ ਸਨ । ਉਨ੍ਹਾਂ ਦੇ ਦਿਹਾਂਤ ‘ਤੇ ਰੰਗਮੰਚ ਅਤੇ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।