Bhagat Singh Martyrdom Day: ਜਾਣੋ ਸ਼ਹੀਦੇ-ਏ- ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਉਹ ਸੱਚ, ਜੋ ਸ਼ਾਇਦ ਹੀ ਤੁਸੀਂ ਕਿਤੇ ਸੁਣੇ ਜਾਂ ਪੜ੍ਹੇ ਹੋਣ
Shaheed-e-Azam Bhagat Singh Martyrdom Day: ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਜਦੋਂ ਯੋਧਿਆਂ ਦੀ ਗੱਲ ਚੱਲਦੀ ਹੈ ਤਾਂ ਭਗਤ ਸਿੰਘ ਦਾ ਨਾਂਅ ਸਭ ਤੋਂ ਮੁਹਰੇ ਆਉਂਦਾ ਹੈ। ਅੱਜ ਮਹਾਨ ਕ੍ਰਾਂਤੀਕਾਰੀ ਸ਼ਹੀਦੇ-ਏ- ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ। ਇਸ ਮੌਕੇ ਅਸੀਂ ਤੁਹਾਨੂੰ ਭਗਤ ਸਿੰਘ ਨਾਲ ਜੁੜੀਆਂ ਕਈ ਅਣਸੁਣੀਆਂ ਸੱਚਾਈਆਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਜਾਂ ਪੜ੍ਹੀਆਂ ਨਹੀਂ ਹੋਣਗੀਆਂ।
ਸ਼ਹੀਦੇ-ਏ- ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ (ਪੰਜਾਬ, ਮੌਜੂਦਾ ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਦਾ ਜੱਦੀ ਘਰ ਅੱਜ ਵੀ ਭਾਰਤੀ ਪੰਜਾਬ ਦੇ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਹੈ।
ਭਗਤ ਸਿੰਘ ਦੇ ਦਾਦਾ ਸ: ਅਰਜਨ ਸਿੰਘ ਇੱਕ ਵਾਹੀਕਾਰ ਅਤੇ ਨਾਲ-ਨਾਲ ਯੂਨਾਨੀ ਹਿਕਮਤ ਦਾ ਵੀ ਗਿਆਨ ਰੱਖਦੇ ਸਨ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਸਮਾਜ ਸੇਵਕ ਸਨ। 1906 ਵਿੱਚ ਕਿਸ਼ਨ ਸਿੰਘ ਕਾਂਗਰਸ ਦੇ ਮੈਂਬਰ ਬਣੇ ਅਤੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਦੇ ਨਾਲ-ਨਾਲ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸੰਗਰਾਮੀ ਅਤੇ ਪ੍ਰਭਾਵਸ਼ਾਲੀ ਬੁਲਾਰੇ ਸਨ। ਭਗਤ ਸਿੰਘ ਆਪਣੇ ਚਾਚਾ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਵਧੇਰੇ ਪ੍ਰਭਾਵਿਤ ਸਨ ਅਤੇ ਇਸ ਦੇ ਨਾਲ ਨਾਲ ਭਗਤ ਦੇ ਕੋਮਲ ਹਿਰਦੇ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਗਹਿਰਾ ਅਸਰ ਪਿਆ।
ਅੱਠ ਸਾਲ ਦੀ ਉਮਰ ਵਿੱਚ, ਜਦੋਂ ਬੱਚੇ ਖਿਡੌਣਿਆਂ ਦੇ ਸ਼ੌਕੀਨ ਹੁੰਦੇ ਹਨ, ਤਾਂ ਭਗਤ ਸਿੰਘ ਆਪਣੇ ਪਿਤਾ ਨੂੰ ਪੁੱਛਦਾ ਸੀ ਕਿ ਅੰਗਰੇਜ਼ਾਂ ਨੂੰ ਭਜਾਉਣ ਲਈ ਖੇਤਾਂ ਵਿੱਚ ਪਿਸਤੌਲ ਕਿਉਂ ਨਹੀਂ ਉਗਾਉਣੇ ਚਾਹੀਦੇ? ਪਿਸਤੌਲਾਂ ਦੀ ਜੋ ਫ਼ਸਲ ਉੱਗਦੀ ਹੈ, ਉਹ ਅੰਗਰੇਜ਼ਾਂ ਨੂੰ ਆਸਾਨੀ ਨਾਲ ਭਾਰਤ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰੇਗੀ। ਉਸ ਸਮੇਂ ਦੌਰਾਨ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਸੀ। ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਵਾਪਰਿਆ ਤਾਂ ਭਗਤ ਸਿੰਘ ਦੀ ਉਮਰ ਸਿਰਫ਼ 12 ਸਾਲ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀ ਫ਼ੋਟੋ ਹਮੇਸ਼ਾਂ ਆਪਣੀ ਜੇਬ ਵਿੱਚ ਰੱਖਿਆ ਕਰਦੇ ਸਨ। ਭਗਤ ਸਿੰਘ ਦੀ ਸ਼ੁਰੂਆਤੀ ਤਾਲੀਮ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਖੇ ਹੋਈ। ਇਸ ਤੋਂ ਬਾਅਦ ਉਹ ਡੀਏਵੀ ਹਾਈ ਸਕੂਲ ਲਾਹੌਰ ‘ਚ ਦਾਖ਼ਲ ਹੋਏ। 1923 ਵਿਚ ਉਨ੍ਹਾਂ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਤੇ ਕਾਲਜ ਦੇ ਮਾਹੌਲ ਵਿਚ ਹੀ ਘੁਲਮਿਲ ਗਏ ਅਤੇ ਕਾਲਜ ਦੀ ਡਰਾਮਾ ਕਮੇਟੀ ਦੇ ਸਰਗਰਮ ਮੈਂਬਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਇਸ ਦੌਰਾਨ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਇਕ ਲੇਖ ਮੁਕਾਬਲੇ ‘ਚੋਂ ਉਨ੍ਹਾਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ ‘ਤੇ ਖਾਸੀ ਸੀ। ਉਨ੍ਹਾਂ ਨੂੰ ਬੰਗਲਾ ਭਾਸ਼ਾ ਦਾ ਵੀ ਗਿਆਨ ਸੀ ‘ਬੰਗਲਾ’, ਜੋ ਉਨ੍ਹਾਂ ਨੇ ਬੁਟਕੇਸ਼ਵਰ ਦੱਤ ਤੋਂ ਸਿੱਖੀ ਸੀ। ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣ ਕੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ।
ਇਸੇ ਦੌਰਾਨ ਅੰਮ੍ਰਿਤਸਰ ’ਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਾਂਡ ਨੇ, ਜਿੱਥੇ ਦੇਸ਼ ਦੇ ਆਮ ਲੋਕਾਂ ਅਤੇ ਵਿਸ਼ੇਸ਼ ਕਰ ਸੁਤੰਤਰਤਾ ਸੰਗਰਾਮੀਆਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ, ਉੱਥੇ ਇਸ ਕਤਲੇਆਮ ਨੇ ਭਗਤ ਸਿੰਘ ਦੀ ਸੋਚ ਉੱਤੇ ਵੀ ਡੂੰਘਾ ਅਸਰ ਛੱਡਿਆ। ਅਗਲੇ ਦਿਨਾਂ ਵਿੱਚ ਓਹ ਅੰਮ੍ਰਿਤਸਰ ਚਲੇ ਗਏ ਅਤੇ ਉਸ ਬਾਗ ਵਿਚੋਂ ਖੂਨ ਨਾਲ ਭਰੀ ਮਿੱਟੀ ਆਪਣੇ ਨਾਲ ਲੈ ਕੇ ਵਾਪਸ ਆਏ। ਇਸ ਘਟਨਾ ਨੇ ਉਨ੍ਹਾਂ ਦੇ ਦਿਲ ’ਚ ਅੰਗਰੇਜ਼ਾਂ ਖਿਲਾਫ਼ ਨਫਰਤ ਭਰ ਦਿੱਤੀ। 1921 ’ਚ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਵੀ ਉਨ੍ਹਾਂ ਦੇ ਮਨ ’ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਫਿਰ ਗਾਂਧੀ ਦਾ ਅੰਦੋਲਨ ਸ਼ੁਰੂ ਹੋਇਆ ਅਤੇ ਕਿੰਨੇ ਨੌਜਵਾਨ ਸਕੂਲਾਂ ਤੇ ਕਾਲਜਾਂ ਨੂੰ ਛੱਡ ਆਜ਼ਾਦੀ ਦੀ ਲੜਾਈ ’ਚ ਕੁੱਦ ਪਏ, ਇਨ੍ਹਾਂ ’ਚੋਂ ਭਗਤ ਸਿੰਘ ਵੀ ਇੱਕ ਸੀ।
ਭਗਤ ਸਿੰਘ ਜਦੋਂ ਕਾਨਪੁਰ ਪਹੁੰਚੇ ਤਾਂ ਉਹ ਉਥੇ ਸ਼ੰਕਰ ਵਿਦਿਆਰਥੀ, ਬੀ .ਕੇ .ਦੱਤ, ਚੰਦਰ ਸ਼ੇਖਰ ਅਜ਼ਾਦ ਤੇ ਕੁਝ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ ਅਤੇ ,”ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਗੁਰੁਦਵਾਰਿਆਂ ਦੀ ਆਜ਼ਾਦੀ ਲਈ ਜੈਤੋਂ ਦਾ ਮੋਰਚਾ ਲੱਗਾ ਹੋਇਆ ਸੀ ਜਿਸ ਦਾ ਉਨ੍ਹਾਂ ਪੂਰੇ ਇੱਕਠ ਨੂੰ ਲੰਗਰ ਛਕਾਇਆ ਜਿਸ ਦੇ ਫਲਸਰੂਪ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋਏ। ਜਦੋਂ ਕਿ 1927 ਵਿਚ ਨੌਜਵਾਨ ਭਾਰਤ ਸਭਾ ਦੀ ਨੀਂਹ ਰੱਖੀ ਗਈ।
ਜਿਸਦਾ ਬਾਅਦ ਵਿਚ ਨਾਂ ਬਦਲਕੇ “ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ” ਰੱਖ ਦਿੱਤਾ ਗਿਆ। ਚੰਦਰ ਸ਼ੇਖਰ ਅਜ਼ਾਦ ਅਤੇ ਭਗਤ ਸਿੰਘ ਇਸ ਦੇ ਸੰਚਾਲਕ ਸਨ। ਇਸੇ ਦੌਰਾਨ 1927 ਵਿੱਚ ਕਾਕੋਰੀ ਕਾਂਡ (ਰੇਲਗੱਡੀ ਡਾਕੇ) ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਉੱਤੇ ਲਾਹੌਰ ਅਤੇ ਦੁਸਹਿਰੇ ਮੇਲੇ ਦੌਰਾਨ ਬੰਬ ਸੁੱਟਣ ਦਾ ਵੀ ਦੋਸ਼ ਮੜ੍ਹਿਆ ਗਿਆ। ਕੁਝ ਸਮੇਂ ਬਾਅਦ ਚੰਗੇ ਵਿਵਹਾਰ ਕਾਰਨ ਜ਼ਮਾਨਤ ਦੀ ਭਾਰੀ ਰਕਮ ਦੇ ਇਵਜ਼ ‘ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ।
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ ਵਿਚ ਸਹਾਇਕ ਪੁਲਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇਪੀ ਸਾਂਡਰਸ ਨੂੰ ਮਾਰ-ਮੁਕਾਇਆ। ਇਸ ਕਾਰਨਾਮੇ ਨੂੰ ਅੰਜ਼ਾਮ ਦੇਣ ਲਈ ਚੰਦਰ ਸ਼ੇਖਰ ਅਜ਼ਾਦ ਨੇ ਵੀ ਆਪ ਦੀ ਸਹਾਇਤਾ ਕੀਤੀ। ਆਪਣੇ ਇਕ ਹੋਰ ਕ੍ਰਾਂਤੀਕਾਰੀ ਸਾਥੀ ਬੁਟਕੇਸ਼ਵਰ ਦੱਤ ਦੇ ਨਾਲ ਮਿਲ ਕੇ ਆਪ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ। ਬੰਬ ਸੁੱਟਣ ਉਪਰੰਤ ਦੋਵਾਂ ਨੇ ਉੱਥੇ ਗ੍ਰਿਫ਼ਤਾਰੀ ਦੇ ਦਿੱਤੀ।
ਜੇਲ੍ਹ ਵਿੱਚ ਭਗਤ ਸਿੰਘ ਨੇ ਲਗਭਗ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀਆਂ ਨੂੰ ਉਨ੍ਹਾਂ ਆਪਣਾ ਦੁਸ਼ਮਣ ਐਲਾਨਿਆ। ਉਨ੍ਹੀਂ ਦਿਨੀਂ ਉਨ੍ਹਾਂ ਦਾ ਇਕ ਆਰਟੀਕਲ ਲਿਖਿਆ ਜਿਸ ਦਾ ਸਿਰਲੇਖ਼ ਸੀ ’ਮੈਂ’ਤੁਸੀਂ ਨਾਸਤਕ ਕਿਉਂ ਹਾਂ।’ ਜੇਲ੍ਹ ਵਿਚ ਭਗਤ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਜੋ ਗਾਂਧੀਵਾਦੀ ਤਰੀਕਿਆਂ ਦੀ ਅਦੁੱਤੀ ਮਿਸਾਲ ਹੈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ।
7 ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫ਼ੈਸਲਾ ਜੇਲ੍ਹ ਵਿਚ ਪਹੁੰਚਿਆ, ਜਿਸ ਅਨੁਸਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ, ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ 7 ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਬੁਟਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਅਤੇ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ।
ਇਹ ਵੀ ਕਿਹਾ ਜਾਂਦਾ ਹੈ ਕਿ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਫਾਂਸੀ ਉਪਰੰਤ ਅਵਾਮ ਦਾ ਕੋਈ ਅਹਿਤਜਾਜ ਜਾਂ ਅੰਦੋਲਨ ਨਾ ਭੜਕ ਜਾਵੇ, ਇਸ ਡਰੋਂ ਅੰਗਰੇਜ਼ਾਂ ਨੇ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ। ਜਿੱਥੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਅਤੇ ਅੱਧ-ਸੜੀਆਂ ਲਾਸ਼ਾਂ ਸਤਲੁਜ ਦਰਿਆ ‘ਚ ਸੁੱਟ ਦਿੱਤੀਆਂ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਹਾਲੀਵੁੱਡ ਗਾਇਕਾ ਸਵੀਟੀ ਦਾ ਗੀਤ 'ਖੁੱਤੀ' ਹੋਇਆ ਰਿਲੀਜ਼, ਵੇਖੋ ਵੀਡੀਓ
ਸੁਭਾਸ਼ ਚੰਦਰ ਬੋਸ ਨੇ ਭਗਤ ਸਿੰਘ ਨੂੰ ਦੱਸਿਆ ਕਿ ਇੱਕ ਸੋਚ
ਭਗਤ ਸਿੰਘ ਨੂੰ ਫਾਂਸੀ ਲਗਾਏ ਜਾਣ ਤੋਂ ਬਾਅਦ ਦਿੱਲੀ ਵਿਖੇ ਹੋਏ ਇਕ ਜਲਸੇ ’ਚ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਕਿ ‘ਭਗਤ ਸਿੰਘ ਇੱਕ ਵਿਅਕਤੀ ਨਹੀਂ -ਉਹ ਇਕ ਨਿਸ਼ਾਨ ਹੈ, ਇਕ ਚਿੰਨ੍ਹ ਹੈ ਉਸ ਇਨਕਲਾਬ ਦਾ, ਜਿਹੜਾ ਉਸ ਦੀਆਂ ਕੁਰਬਾਨੀਆਂ ਸਦਕਾ ਹਰ ਦੇਸ਼ ਵਾਸੀ ਦੇ ਸੀਨੇ ਵਿਚ ਮਘਦੀ ਅੱਗ ਦੀ ਤਰਾਂ ਬਲ ਉਠਿਆ ਹੈ”। ਪੰਡਤ ਜਵਾਹਰ ਲਾਲ ਨੇ ਲਿਖਿਆ ਸੀ ਕਿ ” ਇਹ ਨੌਜਵਾਨ ਗੱਭਰੂ ਅਚਨਚੇਤ ਇਤਨਾ ਹਰਮਨ ਪਿਆਰਾ ਹੋ ਗਿਆ ਹੈ। ਸਾਨੂੰ ਉਸਦੀ ਸ਼ਹਾਦਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਕਿਵੇਂ ਹੱਸ ਹੱਸ ਕੇ ਮਰਿਆ ਜਾਂਦਾ ਹੈ”