ਓਟੀਟੀ ‘ਤੇ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਮਚਾਈ ਧਮਾਲ, ਜਾਣੋ ਕਿਸ ਫ਼ਿਲਮ ਨੂੰ ਮਿਲੀ ਕਿੰਨੀ ਰੇਟਿੰਗ
ਅੱਜ ਕੱਲ ਦੀ ਭੱਜਦੌੜ ਦੀ ਜ਼ਿੰਦਗੀ ’ਚ ਹਰ ਕੋਈ ਬਹੁਤ ਹੀ ਮਸ਼ਰੂਫ ਹੈ। ਕਿਸੇ ਕੋਲ ਇਨ੍ਹਾਂ ਸਮਾਂ ਹੀ ਨਹੀਂ ਹੈ ਕਿ ਕੁਝ ਪਲ ਬੈਠ ਕੇ ਆਰਾਮ ਫਰਮਾਇਆ ਜਾਵੇ।ਬਸ ਚੱਲੋ ਚਲੀ ਦਾ ਮੇਲਾ ਬਣ ਗਈ ਹੈ ਜ਼ਿੰਦਗੀ।ਜਦੋਂ ਵੀ ਕਦੇ ਮਨੁੱਖ ਤਣਾਅ, ਚਿੰਤਾ ਨਾਲ ਘਿਰਦਾ ਹੈ ਤਾਂ ਉਹ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਸੰਗੀਤ, ਸਿਨੇਮਾ, ਖੇਡਾਂ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਮਨੋਰੰਜਨ ਦਾ ਸਹਾਰਾ ਜ਼ਰੂਰ ਲੈਂਦਾ ਹੈ।
ਇੱਕ ਉਹ ਵੀ ਸਮਾਂ ਸੀ ਜਦੋਂ ਸਿਨੇਮਾ ਜਾ ਕੇ ਫਿਲਮ ਵੇਖਣ ਦਾ ਵੱਖਰਾ ਹੀ ਚਾਅ ਹੁੰਦਾ ਸੀ। ਪਰ ਹੁਣ ਸਮਾਂ ਬਦਲ ਰਿਹਾ ਹੈ। ਫਿਲਮਾਂ ਵੇਖਣ ਦਾ ਚਾਅ ਤਾਂ ਕਾਇਮ ਹੈ ਪਰ ਸਿਨੇਮਾ ’ਚ ਨਹੀਂ ਬਲਕਿ ਉਸ ਦੇ ਵਿਕਲਪ ਬਦਲ ਗਏ ਹਨ, ਜਿਵੇਂ ਕਿ ਨੈੱਟਫਲਿਕਸ, ਡਿਜ਼ਨੀ ਹੌਟਸਟਾਰ, ਐਮਾਜ਼ਾਨ ਪ੍ਰਾਈਮ ਵੀਡੀਓ, ਚੌਪਾਲ, ਜੀ-5 ਵਰਗੇ ਓਟੀਟੀ (ਓਵਰ ਦ ਟੌਪ) (Over the Top) ਪਲੇਟਫਾਰਮ। ਮੌਜੂਦਾ ਸਮੇਂ ਵਿੱਚ ਵੱਖ-ਵੱਖ ਭਾਸ਼ਵਾਂ ਦੀਆਂ ਫਿਲਮਾਂ (Punjabi Movies)ਨੂੰ ਸੀਮਤ ਥਿਅੇਟਰ ਸਕ੍ਰੀਨ ਅਤੇ ਦਰਸ਼ਕ ਮਿਲ ਰਹੇ ਹਨ ਅਤੇ ਇਸ ਦੌਰ ’ਚ ਫਿਲਮ ਨਿਰਮਤਾਵਾਂ ਨੇ ਆਪਣੇ ਕੰਮ ਨੂੰ ਸਾਂਝਾ ਕਰਨ ਦੇ ਲਈ ਓਟੀਟੀ ਪਲੇਟਫਾਰਮ ’ਤੇ ਭਰੋਸਾ ਜਤਾਇਆ ਹੈ।
ਅੱਜ ਦੀ ਨਵੀਂ ਪੀੜ੍ਹੀ ਤੁਰਦੇ-ਫਿਰਦੇ, ਉੱਠਦੇ-ਬੈਠਦੇ ਕਿਤੇ ਵੀ ਓਟੀਟੀ ਪਲੇਟਫਾਰਮ ਜ਼ਰੀਏ ਆਪਣੀਆਂ ਮਨਪਸੰਦ ਫਿਲਮਾਂ ਇੱਕ ਵਾਰ ਨਹੀਂ ਬਲਕਿ ਕਈ ਵਾਰ ਵੇਖ ਰਹੀ ਹੈ। ਓਟੀਟੀ ਪਲੇਟਫਾਰਮ ਨੇ ਆਪਣਾ ਜਾਦੂ ਪੁਰਾਣੀ ਪੀੜ੍ਹੀ ’ਤੇ ਵੀ ਪਾਇਆ ਹੈ।ਪੰਜਾਬੀ ਇੰਡਸਟਰੀ ਨੇ ਵੀ ਓਟੀਟੀ ਦੀ ਇਸ ਦੌੜ ’ਚ ਆਪਣੇ ਆਪ ਨੂੰ ਮੁਹਰੇ ਰੱਖਿਆ ਹੈ।
ਇਸ ਲੇਖ ’ਚ ਅਸੀਂ ਕੁਝ ਅਜਿਹੀਆਂ ਪੰਜਾਬੀ ਫਿਲਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਓਟੀਟੀ ‘ਤੇ ਖੂਬ ਰੇਟਿੰਗ ਬਟੋਰੀ।
ਅੰਗ੍ਰੇਜ਼
ਪੰਜਾਬੀ ਫਿਲਮ ‘ਅੰਗ੍ਰੇਜ਼’ (Angrej) ਭਾਰਤ ਦੀ ਵੰਡ ਦਾ ਸ਼ਿਕਾਰ ਹੋਏ ਲੋਕਾਂ, ਉਨ੍ਹਾਂ ਦੇ ਮਨਾਂ ’ਚ ਇੱਕ ਦੂਜੇ ਲਈ ਪਿਆਰ ਅਤੇ ਵਿਛੋੜੇ ਦੀ ਪੀੜ੍ਹ ਦੇ ਨਾਲ-ਨਾਲ ਇੱਕ ਪ੍ਰੇਮ ਕਹਾਣੀ ਵੱਜੋਂ ਦਰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਇਹ ਫਿਲਮ ਯੂਟਿਊਬ ’ਤੇ ਉਪਲਬਧ ਹੈ। ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਇਸ ਦੇ ਮੁੱਖ ਕਲਾਕਾਰ ਹਨ। ਇਸ ਫਿਲਮ ਨੂੰ ਆਈਐਮਡੀਬੀ ਭਾਵ ਇੰਟਰਨੈੱਟ ਮੂਵੀ ਡਾਟਾਬੇਸ ’ਤੇ 10 ‘ਚੋਂ 8.5 ਨੰਬਰ ਦੀ ਰੇਟਿੰਗ ਮਿਲੀ ਸੀ।
ਹੋਰ ਪੜ੍ਹੋ : ਅਦਾਕਾਰ ਜਿੰਮੀ ਸ਼ੇਰਗਿੱਲ ਦੇ ਮਾਪਿਆਂ ਨੇ ਡੇਢ ਸਾਲ ਤੱਕ ਉਸ ਦੇ ਨਾਲ ਬੋਲਚਾਲ ਰੱਖੀ ਸੀ ਬੰਦ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਪੰਜਾਬ 1984
ਅੱਜ ਤੱਕ 1984 (Punjab 1984) ਦੇ ਦੰਗਿਆਂ ’ਤੇ ਕਈ ਫਿਲਮਾਂ ਬਣ ਚੁੱਕੀਆਂ ਹਨ ਪਰ ‘ਪੰਜਾਬ 1984’ ਨੇ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਦਿਲਜੀਤ ਦੁਸਾਂਝ , ਸੋਨਮ ਬਾਜਵਾ ਅਤੇ ਕਿਰਨ ਖੇਰ ਨੇ ਇਸ ਫਿਲਮ ‘ਚ ਬਾਕਮਾਲ ਭੂਮਿਕਾ ਅਦਾ ਕੀਤੀ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ’ਤੇ ਉਪਲਬਧ ਇਸ ਫਿਲਮ ਨੂੰ ਆਈਐਮਡੀਬੀ ਨੇ 10 ‘ਚੋਂ 8.4 ਦੀ ਰੇਟਿੰਗ ਦਿੱਤੀ ਹੈ।
ਸੌਕਣ-ਸੌਕਣੇ
2022 ’ਚ ਅਮਰਜੀਤ ਸਿੰਘ ਨੇ ਰੋਮੇਂਟਿਕ ਕਾਮੇਡੀ ਮੂਵੀ ‘ਸੌਕਣ-ਸੌਕਣੇ ਐਮਾਜ਼ਾਨ ਪ੍ਰਾਈਮ ‘ਤੇ ਰਿਲੀਜ਼ ਕੀਤੀ। ਇਸ ਫਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ’ਚ ਵਿਖਾਈ ਦਿੱਤੇ। ਇਸ ਪੰਜਾਬੀ ਫਿਲਮ ਦੇ ਨਾਮ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਦਾ ਖਿਤਾਬ ਹੈ।
ਬਾਬੇ ਭੰਗੜਾ ਪਾਉਂਦੇ ਨੇ (Baba Bhangra Paunde Ne)
2023 ਨੂੰ ਜ਼ੀ-5 ’ਤੇ ਰਿਲੀਜ਼ ਹੋਈ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਿਲਜੀਤ ਦੋਸਾਂਝ ਦੀ ਹੋਮ ਪ੍ਰੋਡਕਸ਼ਨ ਹੈ । ਇਸ ਪੰਜਾਬੀ ਕਾਮੇਡੀ ਡਰਾਮਾ ਫਿਲਮ ’ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ, ਜੋ ਕਿ ਇੱਕ ਅਨਾਥ ਬੁੱਢੇ ਵਿਅਕਤੀ ਨੂੰ ਗੋਦ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਬੀਮਾ ਦੇ ਪੈਸੇ ਹਾਸਲ ਕਰ ਸਕਣ ਅਤੇ ਅਮੀਰ ਬਣ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਣ।
ਗੋਡੇ ਗੋਡੇ ਚਾਅ (Godday Godday Chaa)
ਜਗਦੀਪ ਸਿੱਧੂ ਦੀ ਕਲਮ ‘ਚੋਂ ਨਿਕਲੀ ਅਤੇ ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ’ 1990 ਦੇ ਸਮਿਆਂ ’ਚ ਘਰ ਦੇ ਵਿਆਹ ‘ਚ ਔਰਤਾਂ ਨੂੰ ਬਰਾਤ ਦੇ ਨਾਲ ਨਾ ਲੈ ਕੇ ਜਾਣ ਦੀ ਤਰਾਸਦੀ ਨੂੰ ਬਿਆਨ ਕਰਦੀ ਹੈ। ਫਿਰ ਕਿਵੇਂ ਔਰਤਾਂ ਆਪਣੀ ਹਿੰਮਤ ਅਤੇ ਚਲਾਕੀ ਨਾਲ ਬਰਾਤੇ ਜਾਂਦੀਆਂ ਹਨ ਇਸ ਪੂਰੇ ਦ੍ਰਿਸ਼ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਐਮਾਜ਼ਾਨ ਪ੍ਰਾਈਮ ‘ਤੇ ਉਪਲਬਧ ਇਸ ਫਿਲਮ ਨੂੰ ਆਈਐਮਡੀਬੀ ਨੇ 7.4 ਰੇਟਿੰਗ ਦਿੱਤੀ ਹੈ।
ਕਲੀ ਜੋਟਾ (Kali Jotta)
ਵਿਜੇ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਤ ਪੰਜਾਬੀ ਕ੍ਰਾਈਮ ਡਰਾਮਾ ਫਿਲਮ ‘ਕਲੀ ਜੋਟਾ’ ‘ਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਫਰਵਰੀ 2023 ’ਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਤੋਂ ਦੋ ਮਹੀਨੇ ਬਾਅਦ ਇਸ ਫਿਲਮ ਨੂੰ ਚੌਪਾਲ ‘ਤੇ ਸਟ੍ਰੀਮ ਕੀਤਾ ਗਿਆ। ਆਈਐਮਡੀਬੀ ਨੇ 7.6 ਰੇਟਿੰਗ ਦੇ ਕੇ ਇਸ ਨੂੰ ਸਫਲ ਫਿਲਮ ਕਰਾਰ ਦਿੱਤਾ। ਇਸ ਫਿਲਮ ਦੀ ਕਹਾਣੀ ਕਈ ਸਵਾਲ ਖੜ੍ਹੇ ਕਰਦੀ ਹੈ ਅਤੇ ਦਰਸ਼ਕ ਵਾਰ-ਵਾਰ ਇਸ ਫਿਲਮ ਨੂੰ ਵੇਖਣ ਲਈ ਉਤਸੁਕ ਹੁੰਦੇ ਹਨ।
ਕੈਰੀ ਆਨ ਜੱਟਾ 3 (Carry On Jatta-3)
ਕੈਰੀ ਆਨ ਜੱਟਾ ਅਤੇ ਕੈਰੀ ਆਨ ਜੱਟਾ 2 ਦੀ ਕਾਮਯਾਬੀ ਤੋਂ ਬਾਅਦ 2023 ‘ਚ ਰਿਲੀਜ਼ ਹੋਈ ਕੈਰੀ ਆਨ ਜੱਟਾ 3 ਨੇ ਵੀ ਆਪਣਾ ਜਲਵਾ ਵਿਖਾਇਆ। ਇਹ ਇੱਕ ਪੰਜਾਬੀ ਕਾਮੇਡੀ ਫਿਲਮ ਹੈ, ਜਿਸ ‘ਚ ਗਿੱਪੀ ਗਰੇਵਾਲ, ਬਿਨੂ ਢਿੱਲੋ, ਗੁਰਪ੍ਰੀਤ ਘੁੱਗੀ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀ.ਐਨ ਸ਼ਰਮਾ ਅਤੇ ਕਰਮਜੀਤ ਅਨਮੋਲ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡਾਂ ‘ਚ ਪੀੜ੍ਹਾ ਪਾ ਦਿੱਤੀਆਂ। ਪੰਜਾਬੀ ਫਿਲਮਾਂ ਦੇ ਇਤਿਹਾਸ ‘ਚ ਇਹ ਅਜਿਹੀ ਫਿਲਮ ਰਹੀ ਜੋ ਕਿ ਭਾਰਤ ’ਚ 560 ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ। ਬਾਅਦ ਵਿੱਚ ਓਟੀਟੀ ਪਲੇਟਫਾਰਮ ਚੌਪਾਲ ‘ਤੇ ਵੀ ਇਸ ਨੂੰ ਸਟ੍ਰੀਮ ਕੀਤਾ ਗਿਆ ਅਤੇ ਡਿਜ਼ੀਟਲ ਪਲੇਟਫਾਰਮ ‘ਤੇ ਵੀ ਇਸ ਨੂੰ ਭਰਵਾਂ ਹੁੰਗਾਰਾ ਹਾਸਲ ਹੋਇਆ।
ਇਨ੍ਹਾਂ ਤੋਂ ਇਲਾਵਾ ਹੌਂਸਲਾ ਰੱਖ, ਰੱਬ ਦਾ ਰੇਡਿਓ, ਚੱਲ ਮੇਰਾ ਪੁੱਤ, ਛੜਾ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਕਿਸਮਤ, ਜੱਟ ਐਂਡ ਜੁਲੀਅਟ ਆਦਿ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਓਟੀਟੀ ਪਲੇਟਫਾਰਮ 'ਤੇ ਵਾਰ-ਵਾਰ ਵੇਖਿਆ ਜਾ ਰਿਹਾ ਹੈ।
ਓਟੀਟੀ ਪਲੇਟਫਾਰਮ ‘ਤੇ ਲਗਭਗ ਸਾਰੀਆਂ ਹੀ ਫਿਲਮਾਂ ਵੇਖਣਯੋਗ ਹਨ, ਕਿਉਂਕਿ ਹਰ ਵਿਅਕਤੀ ਦਾ ਆਪਣਾ ਟੇਸਟ ਹੁੰਦਾ ਹੈ। ਕਿਸੇ ਨੂੰ ਕਾਮੇਡੀ ਪਸੰਦ ਆਉਂਦੀ ਹੈ ਤਾਂ ਕਿਸੇ ਨੂੰ ਰੋਮਾਂਟਿਕ ਫਿਲਮ, ਕਿਸੇ ਨੂੰ ਡਰਾਮਾ ਅਤੇ ਕਿਸੇ ਨੂੰ ਐਡਵੇਨਚਰ। ਸਿਨੇਮਾ ਘਰਾਂ ‘ਚ ਤਾਂ ਕੁਝ ਸਮੇਂ ਲਈ ਫਿਲਮਾਂ ਉਪਲਬਧ ਹੁੰਦੀਆਂ ਹਨ ਪਰ ਡਿਜ਼ੀਟਲ ਪਲੇਟਫਾਰਮ ਅਜਿਹਾ ਵਿਕਲਪ ਹੈ ਜਿੱਥੇ ਕਿਸੇ ਵੀ ਸਮੇਂ, ਜਿਨ੍ਹੀ ਮਰਜ਼ੀ ਵਾਰ ਤੁਸੀਂ ਫਿਲਮ ਵੇਖ ਸਕਦੇ ਹੋ।