ਲੁਧਿਆਣਾ ਦੀ ਕੋਰਟ ਨੇ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਸ਼ਦੀਪ ਸਿੰਘ ਰੰਧਾਵਾ ਨੇ ਅੱਠ ਅਪ੍ਰੈਲ ਨੂੰ ਅਦਾਲਤ ‘ਚ ਇੱਕ ਯਾਚਿਕਾ ਦਾਇਰ ਕੀਤੀ ਸੀ। ਜਿਸ ‘ਚ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ।
ਲੁਧਿਆਣਾ ਦੀ ਅਦਾਲਤ ਨੇ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Amar Singh Chamkila) ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ।ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ ਸਟਾਰਰ ਇਹ ਫ਼ਿਲਮ ਅੱਜ ਨੈਟਫਲਿਕਸ ‘ਤੇ ਰਿਲੀਜ਼ ਹੋਈ ਹੈ।
ਹੋਰ ਪੜ੍ਹੋ : ਗੀਤਕਾਰ ਮੱਟ ਸ਼ੇਰੋਂਵਾਲਾ ਨੇ ਸਿੱਖ ਪੰਥ ਤੋਂ ਮੰਗੀ ਮੁਆਫੀ,ਚਮਤਕਾਰ ਨੂੰ ਲੈ ਕੇ ਪਾਇਆ ਸੀ ਵੀਡੀਓ
ਇਸ਼ਦੀਪ ਰੰਧਾਵਾ ਨੇ ਯਾਚਿਕਾ ਕੀਤੀ ਸੀ ਦਾਇਰ
ਇਸ ਤੋਂ ਪਹਿਲਾਂ ਇਸ਼ਦੀਪ ਸਿੰਘ ਰੰਧਾਵਾ ਨੇ ਅੱਠ ਅਪ੍ਰੈਲ ਨੂੰ ਅਦਾਲਤ ‘ਚ ਇੱਕ ਯਾਚਿਕਾ ਦਾਇਰ ਕੀਤੀ ਸੀ। ਜਿਸ ‘ਚ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ।ਇਸ਼ਦੀਪ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਬਾਇਓਪਿਕ ਦੇ ਵਿਸ਼ੇਸ਼ ਅਧਿਕਾਰ ਉਨ੍ਹਾਂ ਦੇ ਮਰਹੂਮ ਪਿਤਾ ਗੁਰਦੇਵ ਸਿੰਘ ਨੂੰ ਵੇਚ ਦਿੱਤੇ ਸਨ । ਜੋ ਪੰਜਾਬੀ ਫ਼ਿਲਮ ਇੰਡਸਟਰੀ ‘ਚ ਨਿਰਦੇਸ਼ਕ ਅਤੇ ਨਿਰਮਾਤਾ ਸਨ ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਦੀ ਏਵਜ਼ ‘ਚ ਪੰਜ ਲੱਖ ਰੁਪਏ ਵੀ ਅਦਾ ਕੀਤੇ ਗਏ ਸਨ ਅਤੇ ਲਿਖਤੀ ਤੌਰ ‘ਤੇ ਇੱਕ ਸਮਝੌਤੇ ‘ਤੇ ਸਾਈਨ ਵੀ ਕੀਤੇ ਗਏ ਸਨ ।ਰੰਧਾਵਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਦਾ 2022 ‘ਚ ਦਿਹਾਂਤ ਹੋ ਗਿਆ ਸੀ ਅਤੇ ਅਜਿਹੇ ‘ਚ ਕਾਨੂੰਨੀ ਉੱਤਰਾਧਿਕਾਰੀ ਦੇ ਤੌਰ ‘ਤੇ ਉਨ੍ਹਾਂ ਨੂੰ ਫ਼ਿਲਮ ਬਨਾਉਣ ਦਾ ਅਧਿਕਾਰ ਹੈ।
ਦਿਲਜੀਤ ਦੋਸਾਂਝ ਅਤੇ ਪਰੀਣੀਤੀ ਮੁੱਖ ਭੂਮਿਕਾ ‘ਚ
ਦੱਸ ਦਈਏ ਕਿ ਫ਼ਿਲਮ ਅਮਰ ਸਿੰਘ ਚਮਕੀਲਾ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਭੂਮਿਕਾ ‘ਚ ਹਨ । ਫ਼ਿਲਮ ‘ਚ ਨਿਸ਼ਾ ਬਾਨੋ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਇਹ ਫ਼ਿਲਮ ਮਰਹੂਮ ਗਾਇਕ ‘ਅਮਰ ਸਿੰਘ ਚਮਕੀਲਾ’ ਦੀ ਜ਼ਿੰਦਗੀ ‘ਤੇ ਅਧਾਰਿਤ ਹੈ।