ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਪਹੁੰਚੇ ਗਾਇਕ ਐਲੀ ਮਾਂਗਟ; ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ
ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਵਿੱਚ ਨਹੀਂ ਰਿਹਾ ਹੈ, ਪਰ ਉਸਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਸਿੱਧੂ ਦੇ ਲਈ ਦੀਵਾਨਗੀ ਘੱਟ ਨਹੀਂ ਹੋਈ ਹੈ। ਲੋਕ ਅੱਜ ਵੀ ਸਿੱਧੂ ਨੂੰ ਦਿਲੋਂ ਯਾਦ ਕਰਦੇ ਹਨ। ਕਲਾਕਾਰ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕਰਨ ਲਈ ਅਕਸਰ ਹੀ ਸਿੱਧੂ ਦੀ ਹਵੇਲੀ ਪਹੁੰਚਦੇ ਹਨ। ਕੁਝ ਸਮੇਂ ਪਹਿਲਾਂ ਹੀ ਗੁਰਦਾਸ ਮਾਨ ਸਾਬ੍ਹ ਮੂਸਾ ਪਿੰਡ ਪਹੁੰਚੇ ਸੀ ਤੇ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਬੀਤੇ ਦਿਨੀਂ ਪੰਜਾਬੀ ਗਾਇਕ ਐਲੀ ਮਾਂਗਟ ਵੀ ਮੂਸਾ ਪਿੰਡ ਪਹੁੰਚੇ ਸਨ।
ਐਲੀ ਮਾਂਗਟ ਪਹੁੰਚੇ ਸਿੱਧੂ ਦੀ ਹਵੇਲੀ ‘ਚ
ਹਾਲ ਹੀ ’ਚ ਗਾਇਕ ਐਲੀ ਮਾਂਗਟ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। ਐਲੀ ਮਾਂਗਟ ਮੂਸਾ ਪਿੰਡ ਵਿਖੇ ਪਹੁੰਚੇ, ਜਿਥੋਂ ਉਨ੍ਹਾਂ ਨੇ ਇੱਕ ਤਸਵੀਰ ਤੇ ਇੱਕ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਐਲੀ ਮਾਂਗਟ ਆਪਣੇ ਸਾਥੀਆਂ ਦੇ ਨਾਲ ਸਿੱਧੂ ਦੀ ਹਵੇਲੀ ਵਿੱਚ ਬੈਠੇ ਹੋਏ ਹਨ। ਵੀਡੀਓ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆ ਰਹੇ ਹਨ। ਵੀਡੀਓ ਤੋਂ ਇਲਾਵਾ ਗਾਇਕ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਐਲੀ ਮਾਂਗਟ ਅਤੇ ਬਲਕੌਰ ਸਿੰਘ ਦਿਖਾਈ ਦੇ ਰਹੇ ਨੇ ਅਤੇ ਪਿੱਛੇ ਸਿੱਧੂ ਦੀ ਹਵੇਲੀ ਨਜ਼ਰ ਆ ਰਹੀ ਹੈ।
ਕਾਬਿਲੇਗ਼ੌਰ ਹੈ 19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਬਰਸੀ ਦਾ ਇਹ ਸਮਾਗਮ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਹੈ। ਇਹ ਜਾਣਕਾਰੀ ਖੁਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪੋਸਟ ਪਾ ਕੇ ਦਿੱਤੀ ਸੀ।